ਸਿੱਖ ਇਤਿਹਾਸਕ ਯਾਦਗਾਰਾਂ ਨੂੰ ਵਿਕਸਿਤ ਕਰਨ ਲਈ ਪਾਕਿ ਸਰਕਾਰ ਦਾ ਇਕ ਹੋਰ ਵੱਡਾ ਉਪਰਾਲਾ

Thursday, Nov 21, 2019 - 01:43 PM (IST)

ਸਿੱਖ ਇਤਿਹਾਸਕ ਯਾਦਗਾਰਾਂ ਨੂੰ ਵਿਕਸਿਤ ਕਰਨ ਲਈ ਪਾਕਿ ਸਰਕਾਰ ਦਾ ਇਕ ਹੋਰ ਵੱਡਾ ਉਪਰਾਲਾ

ਗੁਰਦਾਸਪੁਰ/ਰਾਵਲਪਿੰਡੀ (ਵਿਨੋਦ) : ਸ੍ਰੀ ਕਰਤਾਰਪੁਰ ਲਾਂਘਾ ਸ਼ੁਰੂ ਕਰਨ ਦੇ ਬਾਅਦ ਪਾਕਿਸਤਾਨ ਸਰਕਾਰ ਨੇ ਹੁਣ ਰਾਵਲਪਿੰਡੀ ਦੀ ਮਸ਼ਹੂਰ ਹਵੇਲੀ ਸੁਜਾਨ ਸਿੰਘ ਅਤੇ ਬਾਗ ਸਰਦਾਰਾਂ ਗੁਰਦੁਆਰਾ ਨੂੰ ਠੀਕ ਕਰਨ ਅਤੇ ਸੈਰ ਸਪਾਟਾ ਦੇ ਰੂਪ 'ਚ ਵਿਕਸਿਤ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਬ੍ਰਿਟਿਸ਼ ਅਤੇ ਮੁਗਲ ਸ਼ਾਸਕਾਂ ਦੇ ਸਮੇਂ ਬਣਾਈਆਂ ਸਿੱਖਾਂ ਦੀਆਂ ਇਤਿਹਾਸਕ ਇਮਾਰਤਾਂ ਨੂੰ ਬਚਾਉਣ ਲਈ ਪਾਕਿਸਤਾਨ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਜਦਕਿ ਇਹ ਸਾਰਾ ਕੰਮ ਵਿਸ਼ਵ ਬੈਂਕ ਤੋਂ ਪਾਕਿਸਤਾਨ ਸਰਕਾਰ ਨੇ ਲਏ 60 ਮਿਲੀਅਨ ਡਾਲਰ ਕਰਜ਼ੇ 'ਚੋਂ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਦੀ ਰਾਜ ਸਰਕਾਰ ਨੇ ਰਾਵਲਪਿੰਡੀ ਪ੍ਰਸ਼ਾਸਨ ਨੂੰ ਲਿਖਤੀ ਹੁਕਮ ਦਿੱਤਾ ਹੈ ਕਿ ਉਹ ਰਾਲਵਪਿੰਡੀ ਦੀਆ ਸਾਰੀਆਂ ਇਤਿਹਾਸਕ ਇਮਾਰਤਾਂ ਦੀ ਪਛਾਣ ਕਰੇ ਤਾਂ ਕਿ ਉਨ੍ਹਾਂ ਨੂੰ ਸੈਰ ਸਪਾਟਾ ਸਥਾਨ ਵਜੋਂ ਵਿਕਸਿਤ ਕੀਤਾ ਜਾਵੇ।
PunjabKesari
ਕੀ ਹੈ ਹਵੇਲੀ ਸੁਜਾਨ ਸਿੰਘ
ਲਗਭਗ 129 ਸਾਲ ਪੁਰਾਣੀ ਇਮਾਰਤ ਹਵੇਲੀ ਸੁਜਾਨ ਸਿੰਘ ਰਾਵਲਪਿੰਡੀ ਦੇ ਬਹਿਬਾਰਾ ਬਾਜ਼ਾਰ 'ਚ ਇਕ ਤੰਗ ਗਲੀ 'ਚ ਹੈ। ਇਹ ਹਵੇਲੀ ਸਿੱਖ ਰਾਜਨੇਤਾ ਸਰਕਾਰ ਸੁਜਾਨ ਸਿੰਘ ਨੇ ਬਣਾਈ ਸੀ ਅਤੇ ਇਸ ਨੂੰ ਪ੍ਰਿੰਸ ਪੈਲੇਸ ਵੀ ਕਿਹਾ ਜਾਂਦਾ ਹੈ। ਇਹ ਡਬਲ ਸਟੋਰੀ ਇਮਾਰਤ ਸਾਲ 1890 'ਚ ਬਣਾਈ ਗਈ ਸੀ ਅਤੇ ਇਸ ਵਿਚ ਹੋਈ ਕਾਰੀਗਰੀ ਵੇਖਣ ਯੋਗ ਹੈ। ਇਹ ਇਮਾਰਤ ਵੈਸੇ ਤਾਂ ਵੰਡ ਦੇ ਬਾਅਦ ਤੋਂ ਹੀ ਫਾਤਿਮਾ ਯੂਨੀਵਰਸਿਟੀ ਦੇ ਅਧੀਨ ਹੈ ਪਰ ਯੂਨੀਵਰਸਿਟੀ ਨੇ ਇਥੇ ਅੱਜ ਤੱਕ ਕੁਝ ਨਹੀਂ ਕੀਤਾ, ਜਿਸ ਕਾਰਣ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਪਰ ਅੱਜ ਵੀ ਇਸ ਹਵੇਲੀ ਦੇ ਦਰਵਾਜਿਆਂ ਅਤੇ ਖਿੜਕੀਆਂ 'ਚ ਜੋ ਕੰਮ ਕਰਵਾਇਆ ਗਿਆ ਹੈ ਉਹ ਇਕ ਉਦਹਾਰਣ ਹੈ। ਇਸ ਹਵੇਲੀ 'ਚ ਲਗਭਗ 45 ਕਮਰੇ ਹਨ।

ਕੀ ਹੈ ਬਾਗ ਸਰਦਾਰਾਂ ਗੁਰਦੁਆਰਾ
ਇਸੇ ਤਰ੍ਹਾਂ ਰਾਵਲਪਿੰਡੀ 'ਚ ਬਾਗ ਸਰਦਾਰਾਂ ਗੁਰਦੁਆਰਾ ਵੀ ਸਰਦਾਰ ਸੁਜਾਨ ਸਿੰਘ ਰਾਏ ਬਹਾਦਰ ਨੇ ਬਣਾਇਆ ਸੀ। ਭਾਰਤ-ਪਾਕਿ ਵੰਡ ਤੋਂ ਪਹਿਲਾਂ ਇਸ ਗੁਰਦੁਆਰੇ 'ਚ ਸਕੂਲ ਅਤੇ ਲਾਇਬ੍ਰੇਰੀ ਚਲਦੀ ਸੀ ਅਤੇ ਇਹ ਰਾਲਵਪਿੰਡੀ ਦਾ ਇਤਿਹਾਸਕ ਗੁਰਦੁਆਰਾ-ਕਮ-ਮੰਦਰ ਸੀ। ਗੁਰਦੁਆਰੇ ਦੇ ਨਾਲ ਹੀ ਇਕ ਵਿਸ਼ਾਲ ਮੰਦਰ ਵੀ ਹੈ। ਇਸ ਨੂੰ ਸੁਜਾਨ ਸਿੰਘ ਰਾਏ ਬਹਾਦਰ ਨੇ ਆਪਣੇ ਇਕ ਬਾਗ 'ਚੋਂ ਜ਼ਮੀਨ ਦੇ ਕੇ ਬਣਾਇਆ ਸੀ। ਇਸ ਇਮਾਰਤ ਦੇ ਇਕ ਹਿੱਸੇ ਵਿਚ ਇਸ ਸਮੇਂ ਪੁਲਸ ਦੀ ਸਪੈਸ਼ਲ ਬ੍ਰਾਂਚ ਵੀ ਚਲ ਰਹੀ ਹੈ।
PunjabKesari
ਸੁਧਾਰ ਲਈ ਕੀ ਹੈ ਯੋਜਨਾ
ਇਨ੍ਹਾਂ ਦੋਵਾਂ ਇਤਿਹਾਸਕ ਸਥਾਨਾਂ ਦੇ ਸੁਧਾਰ ਲਈ ਰਾਵਲਪਿੰਡੀ ਜ਼ਿਲਾ ਪ੍ਰਸ਼ਾਸਨ ਨੇ ਲਾਹੌਰ ਤੋਂ ਮਾਹਿਰਾਂ ਨੂੰ ਬੁਲਾ ਕੇ ਇਨ੍ਹਾਂ ਦੋਵਾਂ ਇਤਿਹਾਸਕ ਸਥਾਨਾਂ ਦੇ ਸੁਧਾਰ ਲਈ ਯੋਜਨਾ ਤਿਆਰ ਕਰਨ ਨੂੰ ਕਿਹਾ ਹੈ ਤਾਂ ਕਿ ਇਨ੍ਹਾਂ ਦੀ ਪੁਰਾਣੀ ਸ਼ਾਨ ਨੂੰ ਬਹਾਲ ਰੱਖਿਆ ਜਾ ਸਕੇ। ਸਰਹੱਦ ਪਾਰ ਸੂਤਰਾਂ ਅਨੁਸਾਰ ਹਵੇਲੀ ਸੁਜਾਨ ਸਿੰਘ 'ਚ ਇਕ ਕੈਫੇ ਖੋਲ੍ਹਣ ਦੇ ਨਾਲ-ਨਾਲ ਬੈਠਣ ਲਈ ਵਿਸ਼ੇਸ਼ ਸਥਾਨ ਬਣਾਇਆ ਜਾ ਰਿਹਾ ਹੈ, ਜਿਥੇ ਕਲਾਕਾਰ, ਲੇਖਕ ਅਤੇ ਸੰਗੀਤਕਾਰ ਇਕੱਠੇ ਬੈਠ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਣਗੇ।


author

Baljeet Kaur

Content Editor

Related News