ਮਾਮਲਾ ਪੁਲਸ ਵਲੋਂ ਇਕ ਨੌਜਵਾਨ ''ਤੇ ਕੀਤੇ ਤਸ਼ੱਦਤ ਦਾ, ਚੜ੍ਹਿਆ ਸਿਆਸੀ ਰੰਗ

07/09/2019 5:12:18 PM

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਸਦਰ ਪੁਲਸ ਵਲੋਂ ਇਕ ਨੌਜਵਾਨ ਨੂੰ ਬਿਜਲੀ ਦਾ ਕਰੰਟ ਲਗਾ ਕੇ ਤਸ਼ੱਦਤ ਕਰਨ ਦੇ ਮਾਮਲੇ ਨੇ ਸਿਆਸੀ ਰੰਗ ਲੈ ਲਿਆ ਹੈ। ਜਿਸ ਦੇ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 10 ਜੁਲਾਈ ਤੱਕ ਨੌਜਵਾਨ 'ਤੇ ਤਸ਼ੱਦਤ ਕਰਨ ਵਾਲੇ ਪੁਲਸ ਸਟੇਸ਼ਨ ਦੇ ਇੰਚਾਰਜ ਵਿਰੁੱਧ ਕਾਰਵਾਈ ਨਾ ਕੀਤੀ ਤਾਂ 11 ਜੁਲਾਈ ਨੂੰ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦਾ ਘਿਰਾਓ ਕੀਤਾ ਜਾਵੇਗਾ। 

ਵਰਣਨਯੋਗ ਹੈ ਕਿ ਗੁਰਦਾਸਪੁਰ ਸਦਰ ਖੇਤਰ ਦੀ ਨਬੀਪੁਰ ਕਾਲੋਨੀ ਤੋਂ ਇਕ ਨਾਬਾਲਿਗ ਕੁੜੀ ਕਰੀਬ 15 ਦਿਨ ਪਹਿਲਾ ਲਾਪਤਾ ਹੋਈ ਸੀ, ਜਿਸ ਦੇ ਪਰਿਵਾਰ ਨੇ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਕੇ ਉਸ ਦੀ ਭਾਲ ਕਰਨ ਦੀ ਮੰਗ ਕੀਤੀ ਸੀ। ਇਸ ਮਾਮਲੇ ਦੇ ਸਬੰਧ 'ਚ ਪੁਲਸ ਨੇ ਇਸੇ ਕਾਲੋਨੀ ਦੇ ਰਾਜਾ ਪੁੱਤਰ ਰਘੁਬੀਰ ਨੂੰ 4 ਜੁਲਾਈ ਨੂੰ ਪੁੱਛਗਿਛ ਲਈ ਥਾਣੇ 'ਚ ਲਿਆਂਦਾ ਅਤੇ ਉਸ ਨੂੰ ਬਿਜਲੀ ਦਾ ਕਰੰਟ ਲਗਾ ਕੇ ਤਸ਼ੱਦਤ ਕੀਤਾ। ਸ਼ਾਮ ਨੂੰ ਰਿਹਾਅ ਕਰਨ 'ਤੇ ਰਾਜਾ ਦੀ ਹਾਲਤ ਦੇਖ ਉਸ ਦੇ ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਇਲਾਜ ਦੌਰਾਨ ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਸਟੇਸ਼ਨ 'ਚ ਉਸ ਤੋਂ ਕਰੰਟ ਲਗਾ ਕੇ ਪੁੱਛਗਿਛ ਕੀਤੀ ਗਈ। 

ਇਸ ਨੌਜਵਾਨ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੂੰ ਜਦੋਂ ਪਤਾ ਲੱਗਾ ਤਾਂ ਉਹ ਅਕਾਲੀ ਭਾਜਪਾ ਕੌਂਸਲਰਾਂ ਨਾਲ ਪੀੜਤ ਰਾਜਾ ਨੂੰ ਮਿਲੇ ਅਤੇ ਜਾਣਕਾਰੀ ਪ੍ਰਾਪਤ ਕੀਤੀ। ਬੱਬੇਹਾਲੀ ਨੇ ਦੋਸ਼ ਲਾਇਆ ਕਿ ਰਾਜਾ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ ਅਤੇ ਲੜਕੀ ਦੇ ਪਰਿਵਾਰ ਨੇ ਲਿਖਤੀ ਰੂਪ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਕਿਸੇ ਨੌਜਵਾਨ 'ਤੇ ਸ਼ੱਕ ਨਹੀਂ। ਪੁਲਸ ਨੇ ਇਸ ਦੇ ਬਾਵਜੂਦ ਰਾਜਾ 'ਤੇ ਮਨੁੱਖੀ ਤਸ਼ਦੱਤ ਕੀਤਾ। ਉਨ੍ਹਾਂ ਨੌਜਵਾਨ 'ਤੇ ਮਨੁੱਖੀ ਤਸ਼ੱਦਤ ਕਰਨ ਵਾਲੇ ਪੁਲਸ ਅਧਿਕਾਰੀ ਮੱਖਣ ਸਿੰਘ ਸਣੇ ਹੋਰ ਸਾਰੇ ਕਰਮਚਾਰੀਆਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿੰਨਾਂ ਨੇ ਇਸ ਨੌਜਵਾਨ ਨੂੰ ਕਰੰਟ ਆਦਿ ਲਗਾ ਕੇ ਪੁੱਛਗਿਛ ਕੀਤੀ ਸੀ। ਬੱਬੇਹਾਲੀ ਨੇ ਜ਼ਿਲਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਅਧਿਕਾਰੀਆਂ ਖਿਲਾਫ 10 ਜੁਲਾਈ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ 11 ਜੁਲਾਈ ਨੂੰ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਦਾ ਅਕਾਲੀ-ਭਾਜਪਾ ਵਲੋਂ ਘਿਰਾਓ ਕੀਤਾ ਜਾਵੇਗਾ।  


rajwinder kaur

Content Editor

Related News