ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਹੋਈਆਂ ਪੋਲਿੰਗ ਪਾਰਟੀਆਂ
Saturday, May 18, 2019 - 03:36 PM (IST)

ਗੁਰਦਾਸਪੁਰ (ਵਿਨੋਦ) : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਜਿਸ ਤਹਿਤ ਇਸ ਸਮੁੱਚੇ ਲੋਕ ਸਭਾ ਹਲਕੇ ਅਧੀਨ ਪੈਂਦੇ ਤਿੰਨ ਪੁਲਸ ਜ਼ਿਲਿਆਂ 'ਚ ਪੁਲਸ ਨੇ ਸੰਵੇਦਨਸ਼ੀਲ ਅਤੇ ਅਤੀਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖਤ ਕਰ ਕੇ ਉਥੇ ਪੈਰਾ-ਮਿਲਟਰੀ ਫੋਰਸਾਂ ਤਾਇਨਾਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਦੋਂਕਿ ਬਾਕੀ ਦੇ ਸਾਰੇ ਪੋਲਿੰਗ ਬੂਥਾਂ 'ਤੇ ਪੰਜਾਬ ਪੁਲਸ ਦੇ ਜਵਾਨ ਤਾਇਨਾਤ ਰਹਿਣਗੇ।
ਇਸ ਸਮੁੱਚੀ ਪ੍ਰਕਿਰਿਆ ਨੂੰ ਸਮੇਂ ਸਿਰ, ਸ਼ਾਂਤੀਪੂਰਵਕ ਅਤੇ ਨਿਰਪੱਖ ਰੂਪ ਨਾਲ ਨੇਪਰੇ ਚੜ੍ਹਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਬੂਥਾਂ 'ਤੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਤੋਂ ਇਲਾਵਾ ਚੋਣ ਅਮਲੇ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ ਤੇ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਇਸ ਤਹਿਤ ਇਸ ਹਲਕੇ ਦਾ ਸਾਰਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀ ਲੋੜੀਂਦੀਆਂ ਤਿਆਰੀਆਂ ਅਤੇ ਕਾਰਵਾਈਆਂ 'ਚ ਦਿਨ-ਰਾਤ ਰੁਝੇ ਦਿਖਾਈ ਦੇ ਰਹੇ ਹਨ।
1826 ਪੋਲਿੰਗ ਸਟੇਸ਼ਨਾਂ 'ਤੇ 15000 ਕਰਮਚਾਰੀ ਦੇਣਗੇ ਡਿਊਟੀ
ਇਕੱਤਰ ਵੇਰਵਿਆਂ ਮੁਤਾਬਕ ਸਮੁੱਚੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ 9 ਵਿਧਾਨ ਸਭਾ ਹਲਕਿਆਂ 'ਚ 15000 ਸਿਵਲ ਅਤੇ ਪੁਲਸ ਕਰਮਚਾਰੀ ਡਿਊਟੀ ਦੇਣਗੇ, ਜਿਸ ਤਹਿਤ ਹਰੇਕ ਪੋਲਿੰਗ ਬੂਥ 'ਤੇ 4-4 ਸਿਵਲ ਕਰਮਚਾਰੀਆਂ ਤੋਂ ਇਲਾਵਾ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਣੇ ਹਨ। ਇਸ ਤਰ੍ਹਾਂ ਤਕਰੀਬਨ 1826 ਪੋਲਿੰਗ ਬੂਥਾਂ 'ਤੇ ਤਾਇਨਾਤ ਕੀਤੇ ਗਏ ਸਿਵਲ ਕਰਮਚਾਰੀਆਂ ਤੋਂ ਇਲਾਵਾ ਸੁਰੱਖਿਆ ਲਈ ਪੈਰਾ-ਮਿਲਟਰੀ ਫੋਰਸਾਂ ਅਤੇ ਪੁਲਸ ਦੇ ਜਵਾਨ ਮੁਸਤੈਦ ਰਹਿਣਗੇ।
ਜ਼ਿਲੇ 'ਚ ਪੈਰਾ-ਮਿਲਟਰੀ ਦੀਆਂ 9 ਕੰਪਨੀਆਂ ਪੁੱਜੀਆਂ
ਜ਼ਿਲਾ ਗੁਰਦਾਸਪੁਰ ਦੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਜ਼ਿਲਾ ਗੁਰਦਾਸਪੁਰ ਅੰਦਰ ਜਿੱਥੇ ਪੰਜਾਬ ਪੁਲਸ ਦੇ ਮੁਲਾਜ਼ਮ ਚੋਣਾਂ ਦੌਰਾਨ ਡਿਊਟੀ ਦੇਣਗੇ, ਉਥੇ ਪੈਰਾ-ਮਿਲਟਰੀ ਫੋਰਸਾਂ ਦੀਆਂ 9 ਕੰਪਨੀਆਂ ਵੀ ਗੁਰਦਾਸਪੁਰ ਪਹੁੰਚੀਆਂ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 2400 ਸੁਰੱਖਿਆ ਕਰਮੀ ਚੋਣ ਡਿਊਟੀ ਦੇਣਗੇ, ਜਿਨ੍ਹਾਂ 'ਚੋਂ 177 ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਪੈਰਾ-ਮਿਲਟਰੀ ਫੋਰਸਾਂ ਤਾਇਨਾਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਕਾਊਟਿੰਗ ਵਾਲੇ ਦਿਨ ਕਾਊਟਿੰਗ ਸੈਂਟਰਾਂ 'ਤੇ ਵੀ ਪੈਰਾ-ਮਿਲਟਰੀ ਫੋਰਸਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਕਈ ਪੋਲਿੰਗ ਬੂਥਾਂ 'ਤੇ ਪੋਲਿੰਗ ਮੌਕੇ ਬਕਾਇਦਾ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।