ਪੁਲਸ ਦੇ ਐਮਰਜੈਂਸੀ ਨੰਬਰਾਂ ਤੋਂ ਅਣਜਾਣ ਨੇ ਬਹੁ-ਗਿਣਤੀ ਔਰਤਾਂ

12/08/2019 10:03:12 AM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) : ਹੈਦਰਾਬਾਦ 'ਚ ਵੈਟਰਨਰੀ ਡਾਕਟਰ ਨਾਲ ਹੋਏ ਜਬਰ-ਜ਼ਨਾਹ ਦੇ ਮਗਰੋਂ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਸ ਨੇ ਰਾਤ ਸਮੇਂ ਲੋੜਵੰਦ ਔਰਤਾਂ ਦੀ ਮਦਦ ਕਰਨ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਪੁਲਸ ਨੇ ਰਾਤ ਸਮੇਂ ਹਰੇਕ ਸਬ-ਡਵੀਜ਼ਨ 'ਚ 4-4 ਮੁਲਾਜ਼ਮਾਂ 'ਤੇ ਆਧਾਰਿਤ ਇਕ-ਇਕ ਟੀਮ ਵੀ ਤਾਇਨਾਤ ਕਰ ਦਿੱਤੀ ਹੈ ਪਰ ਦੂਜੇ ਪਾਸੇ ਬਹੁਤ ਸਾਰੀਆਂ ਮਹਿਲਾਵਾਂ ਅਜੇ ਵੀ ਅਜਿਹੀਆਂ ਹਨ, ਜਿਨ੍ਹਾਂ ਨੂੰ ਅਜੇ ਤੱਕ ਪੁਲਸ ਦੇ ਹੈਲਪਲਾਈਨ ਨੰਬਰਾਂ ਅਤੇ ਖਤਰੇ ਦੀ ਸਥਿਤੀ 'ਚ ਚੁੱਕੇ ਜਾਣ ਵਾਲੇ ਕਦਮਾਂ ਸਬੰਧੀ ਪੂਰੀ ਜਾਣਕਾਰੀ ਨਹੀਂ ਹੈ। ਇਸ ਦੇ ਕਾਰਣ ਮਹਿਲਾਵਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਹਨ ਕਿ ਜੇਕਰ ਪੁਲਸ ਨੇ ਇਸ ਸਬੰਧੀ ਕਦਮ ਚੁੱਕਿਆ ਹੈ ਤਾਂ ਇਸ ਨੂੰ ਸਾਰਥਕ ਰੂਪ ਵਿਚ ਲਾਗੂ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

ਤਿੰਨ ਨੰਬਰ ਕੀਤੇ ਜਾ ਸਕਦੇ ਨੇ ਡਾਇਲ
ਐੱਸ. ਐੱਸ. ਪੀ. ਗੁਰਦਾਸਪੁਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਕਿਸੇ ਵੀ ਲੋੜ ਦੀ ਸੂਰਤ ਵਿਚ ਮਹਿਲਾਵਾਂ 100, 112 ਅਤੇ 181 ਨੰਬਰ ਡਾਇਲ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਵੈਸੇ ਤਾਂ 100 ਨੰਬਰ ਬੰਦ ਕੀਤਾ ਜਾ ਚੁੱਕਾ ਹੈ ਪਰ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਹੰਗਾਮੀ ਹਾਲਾਤ 'ਚ ਕਈ ਵਾਰ ਔਰਤਾਂ 100 ਨੰਬਰ ਹੀ ਡਾਇਲ ਕਰ ਦੇਣ। ਇਸ ਲਈ ਪੁਲਸ ਨੇ 100 ਨੰਬਰ 'ਤੇ ਆਉਣ ਵਾਲੀਆਂ ਕਾਲਾਂ ਨੂੰ ਵੀ 112 ਨੰਬਰ 'ਤੇ ਡਾਇਵਰਟ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੰਬਰਾਂ 'ਤੇ ਕਾਲ ਆਉਣ ਦੇ ਕੁਝ ਹੀ ਮਿੰਟਾਂ ਬਾਅਦ ਪੁਲਸ ਦੀ ਟੀਮ ਸਬੰਧਿਤ ਇਲਾਕੇ 'ਚ ਪਹੁੰਚ ਕੇ ਲੋੜਵੰਦ ਦੀ ਮਦਦ ਕਰੇਗੀ।

ਰਾਤ 9 ਤੋਂ ਸਵੇਰੇ 6 ਵਜੇ ਤੱਕ ਤਾਇਨਾਤ ਰਹੇਗੀ ਟੀਮ
ਪੁਲਸ ਮੁਖੀ ਨੇ ਦੱਸਿਆ ਕਿ ਰਾਤ ਸਮੇਂ ਜੇਕਰ ਕਿਸੇ ਵੀ ਔਰਤ ਨੂੰ ਸੇਫ ਵ੍ਹੀਕਲ ਪ੍ਰਾਪਤ ਨਾ ਹੋਵੇ ਤਾਂ ਉਸ ਦੀ ਮਦਦ ਲਈ ਪਿਕ ਐਂਡ ਡਰੋਪ ਸੈੱਲ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਦੋ ਪੁਰਸ਼ ਅਤੇ ਦੋ ਮਹਿਲਾਵਾਂ ਇਕ ਸਰਕਾਰੀ ਗੱਡੀ 'ਚ ਪਹੁੰਚ ਕੇ ਸਬੰਧਿਤ ਔਰਤ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ 'ਚ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੁਝ ਹੀ ਦਿਨਾਂ 'ਚ ਹਰੇਕ ਸਬ ਡਵੀਜ਼ਨ 'ਤੇ ਵੀ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ।

ਚੈਕਿੰਗ ਦਾ ਸਿਲਸਿਲਾ ਵੀ ਰਹੇਗਾ ਜਾਰੀ
ਉਨ੍ਹਾਂ ਦੱਸਿਆ ਕਿ ਇਸ ਸਰਵਿਸ ਨੂੰ ਸਹੀ ਢੰਗ ਨਾਲ ਜਾਰੀ ਰੱਖਣ ਲਈ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਇਸ ਦੀ ਬਾਕਾਇਦਾ ਚੈਕਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਟਾਫ ਨੂੰ ਲੋੜੀਂਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਅਤੇ ਹੈਲਪਲਾਈਨ 'ਤੇ ਆਉਣ ਵਾਲੀ ਹਰੇਕ ਕਾਲ ਨੂੰ ਗੰਭੀਰਤਾ ਨਾਲ ਸੁਣ ਕੇ ਤੁਰੰਤ ਐਕਸ਼ਨ ਕਰਨ ਲਈ ਪੁਲਸ ਪਹਿਲਾਂ ਹੀ ਪਾਬੰਦ ਹੈ।

ਪ੍ਰਚਾਰ ਅਤੇ ਪ੍ਰਬੰਧਾਂ ਦੀ ਮੰਗ
ਪੁਲਸ ਵੱਲੋਂ ਸ਼ੁਰੂ ਕੀਤੀ ਗਈ ਇਸ ਸੇਵਾ ਸਬੰਧੀ ਅਜੇ ਵੀ ਬੁਹ-ਗਿਣਤੀ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਇਸ ਲਈ ਸ਼ਹਿਰ ਗੁਰਦਾਸਪੁਰ ਸਮੇਤ ਆਸਪਾਸ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਸ ਸਬੰਧੀ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕੀਤਾ ਜਾਵੇ, ਤਾਂ ਜੋ ਜ਼ਰੂਰਤ ਪੈਣ 'ਤੇ ਮਹਿਲਾਵਾਂ ਨੂੰ ਇਸ ਸੇਵਾ ਦਾ ਲਾਭ ਮਿਲ ਸਕੇ। ਇਸ ਦੇ ਨਾਲ ਹੀ ਲੋਕ ਇਹ ਵੀ ਮੰਗ ਕਰ ਰਹੇ ਹਨ ਕਿ ਸ਼ਹਿਰ ਅਤੇ ਦਿਹਾਤੀ ਖੇਤਰ ਅੰਦਰ ਰਾਤ ਸਮੇਂ ਗਸ਼ਤ ਵੀ ਵਧਾਈ ਜਾਵੇ ਅਤੇ ਨਾਕਿਆਂ 'ਤੇ ਤਾਇਨਾਤ ਫੋਰਸ ਨੂੰ ਹੋਰ ਵੀ ਚੁਸਤ-ਦਰੁਸਤ ਕੀਤਾ ਜਾਵੇ।


Baljeet Kaur

Content Editor

Related News