ਵਿਅਕਤੀ ਦੀ ਹੱਤਿਆ ਕਰਨ ਵਾਲਾ ਤੀਜਾ ਮੁਲਜ਼ਮ ਵੀ ਕਾਬੂ

Wednesday, Dec 04, 2019 - 02:31 PM (IST)

ਵਿਅਕਤੀ ਦੀ ਹੱਤਿਆ ਕਰਨ ਵਾਲਾ ਤੀਜਾ ਮੁਲਜ਼ਮ ਵੀ ਕਾਬੂ

ਗੁਰਦਾਸਪੁਰ/ਦੀਨਾਨਗਰ (ਵਿਨੋਦ, ਕਪੂਰ) : ਇਕ ਵਿਅਕਤੀ ਦੀ ਹੱਤਿਆ ਕਰਨ ਵਾਲੇ ਤੀਜੇ ਮੁਲਜ਼ਮ ਨੂੰ ਵੀ ਦੀਨਾਨਗਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸਟੇਸ਼ਨ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ 28 ਅਕਤੂਬਰ 2019 ਨੂੰ ਦੀਨਾਨਗਰ ਰੇਲਵੇ ਫਾਟਕ ਕੋਲ ਕੁਝ ਲੋਕ ਗਲੀ 'ਚ ਗਾਲੀ-ਗਲੋਚ ਕਰ ਰਹੇ ਸਨ ਤਾਂ ਗੁਆਢੀ ਸਤੀਸ਼ ਕੁਮਾਰ ਪੁੱਤਰ ਬੋਧ ਰਾਜ ਨੇ ਜਦ ਉਨ੍ਹਾਂ ਨੂੰ ਰੋਕਿਆ ਤਾਂ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ ਪੁੱਤਰ ਪਰਸ ਰਾਮ ਅਤੇ ਲੱਕੀ ਪੁੱਤਰ ਅਜੀਤ ਰਾਮ ਵਾਸੀ ਨੇੜੇ ਰੇਲਵੇ ਫਾਟਕ ਨੇ ਸਤੀਸ਼ ਕੁਮਾਰ 'ਤੇ ਹਮਲਾ ਕਰ ਦਿੱਤਾ। ਸਤੀਸ਼ ਦੀ ਆਵਾਜ਼ ਸੁਣ ਕੇ ਜਦ ਉਸ ਦਾ ਭਰਾ ਵਿਸ਼ਾਲ ਅਤੇ ਪਿਤਾ ਬੋਧ ਰਾਜ ਘਰ ਦੇ ਬਾਹਰ ਆਏ ਤਾਂ ਉਨ੍ਹਾਂ ਮੁਲਜ਼ਮਾਂ ਨੂੰ ਰੋਕਿਆ ਤਾਂ ਉਨ੍ਹਾਂ ਨੇੜੇ ਪਿਆ ਪੱਥਰ ਚੁੱਕ ਕੇ ਬੋਧ ਰਾਜ ਦੇ ਸਿਰ 'ਚ ਮਾਰ ਦਿੱਤਾ ਸੀ, ਜਿਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉੱਥੇ ਉਸ ਦੀ ਮੌਤ ਹੋ ਗਈ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਕੇਸ 'ਚ ਰਾਜੇਸ਼ ਕੁਮਾਰ ਅਤੇ ਰਾਕੇਸ਼ ਕੁਮਾਰ ਨੂੰ ਪਹਿਲੇ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਜੇਲ 'ਚ ਹਨ ਜਦਕਿ ਲੱਕੀ ਪੁਲਸ ਦੇ ਹੱਥ ਨਹੀਂ ਲੱਗ ਰਿਹਾ ਸੀ। ਅੱਜ ਕਿਸੇ ਮੁਖਬਰ ਨੇ ਪੁਲਸ ਨੂੰ ਦੱਸਿਆ ਕਿ ਲੱਕੀ ਘਰੋਟਾ ਮੋੜ 'ਤੇ ਖੜ੍ਹਾ ਹੈ ਅਤੇ ਕਿਸੇ ਵਾਹਨ ਦੀ ਉਡੀਕ ਕਰ ਰਿਹਾ ਹੈ, ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਸ਼ੀ ਨੂੰ ਜੇਲ ਭੇਜਣ ਦਾ ਆਦੇਸ਼ ਸੁਣਾਇਆ।


author

Baljeet Kaur

Content Editor

Related News