ਲਾਹੌਰ ਹਾਈਕੋਰਟ ਨੇ ਫੈੱਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਲਿਆ ਨੋਟਿਸ

Saturday, May 18, 2019 - 02:40 PM (IST)

ਲਾਹੌਰ ਹਾਈਕੋਰਟ ਨੇ ਫੈੱਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਲਿਆ ਨੋਟਿਸ

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਕ੍ਰਿਸਚੀਅਨ ਅਤੇ ਮੁਸਲਮਾਨ ਲੜਕੀਆਂ ਦੇ ਕ੍ਰਿਸਚੀਅਨ ਅਤੇ ਮੁਸਲਮਾਨ ਧਾਰਮਕ ਗੁਰੂਆਂ ਦੇ ਪ੍ਰਭਾਵ ਨਾਲ ਚੀਨ ਨਿਵਾਸੀ ਲੜਕਿਆਂ ਨਾਲ ਵਿਆਹ ਕਰਵਾਉਣ ਸਬੰਧੀ ਚੱਲ ਰਹੇ ਵਿਵਾਦ ਨੇ ਅੱਜ ਉਸ ਸਮੇਂ ਨਵਾਂ ਮੋੜ ਲਿਆ, ਜਦ ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਫੈੱਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਵਿਰੁੱਧ ਇਕ ਕ੍ਰਿਸਚੀਅਨ ਅਤੇ ਮੁਸਲਿਮ ਲੜਕੀ ਜਿਨ੍ਹਾਂ ਨੇ ਚੀਨ ਦੇ ਲੜਕਿਆਂ ਨਾਲ ਵਿਆਹ ਕਰਵਾਇਆ ਸੀ, ਦੀ ਅਰਜ਼ੀ 'ਤੇ ਸਖਤ ਨੋਟਿਸ ਲਿਆ। ਲੜਕੀਆਂ ਨੇ ਆਪਣੀ ਅਰਜ਼ੀ 'ਚ ਵਿਦੇਸ਼ ਮੰਤਰਾਲੇ, ਪੰਜਾਬ ਦੇ ਚੀਫ ਸੈਕਟਰੀ ਅਤੇ ਐੱਫ. ਆਈ. ਏ. ਦੇ ਡਾਇਰੈਕਟਰ ਨੂੰ ਪਾਰਟੀ ਬਣਾਇਆ ਹੈ। ਅਪੀਲਕਰਤਾ ਸਮੇਤ ਤਬਸੁਮਣ ਅਤੇ ਸ਼ਬਾਣਾ ਅਸ਼ੀਕ ਜਿਨ੍ਹਾਂ ਨੇ ਜਨਵਰੀ 2019 ਨੂੰ ਚੀਨ ਨਿਵਾਸੀ ਲੜਕਿਆਂ ਨਾਲ ਵਿਆਹ ਕਰਵਾਇਆ ਸੀ, ਨੂੰ 7 ਮਈ ਨੂੰ ਐੱਫ. ਆਈ. ਏ. ਅਧਿਕਾਰੀਆਂ ਨੇ ਉਸ ਸਮੇਂ ਚੀਨ ਦੀ ਇਕ ਕੰਪਨੀ ਦੇ ਜਹਾਜ਼ ਤੋਂ ਉਤਾਰ ਲਿਆ ਸੀ, ਜਦ ਉਹ ਆਪਣੇ ਪਤੀਆਂ ਨਾਲ ਚੀਨ ਜਾ ਰਹੀਆਂ ਸਨ, ਜਦਕਿ ਉਨ੍ਹਾਂ ਦੇ ਪਤੀਆਂ ਨੂੰ ਚੀਨ ਜਾਣ ਦਿੱਤਾ ਗਿਆ ਸੀ।

ਅਪੀਲਕਰਤਾ ਨੇ ਆਪਣੀ ਅਰਜ਼ੀ 'ਚ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀਆਂ ਦੀ ਗੈਰ-ਹਾਜ਼ਰੀ 'ਚ ਉਨ੍ਹਾਂ ਨੂੰ ਏਜੰਸੀ ਅਧਿਕਾਰੀਆਂ ਨੇ ਕਈ ਘੰਟੇ ਲਾਹੌਰ ਏਅਰਪੋਰਟ 'ਤੇ ਆਪਣੀ ਹਿਰਾਸਤ 'ਚ ਰੱਖਿਆ ਅਤੇ ਕਈ ਤਰ੍ਹਾਂ ਦੇ ਉਲਟੇ-ਸਿੱਧੇ ਸਵਾਲ ਕਰ ਕੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਕੀਤਾ। ਦੋਵਾਂ ਔਰਤਾਂ ਨੇ ਅਰਜ਼ੀ 'ਚ ਦਾਅਵਾ ਕੀਤਾ ਕਿ ਅਸੀਂ ਵਿਆਹ ਤੋਂ ਬਾਅਦ ਹੀ ਆਪਣੇ ਪਤੀਆਂ ਨਾਲ ਖੁਸ਼ ਸੀ ਪਰ ਸੋਸ਼ਲ ਮੀਡੀਆ 'ਤੇ ਕ੍ਰਿਸਚੀਅਨ ਤੇ ਮੁਸਲਮ ਲੜਕੀਆਂ ਦੇ ਚੀਨ ਨਿਵਾਸੀ ਲੜਕਿਆਂ ਨਾਲ ਵਿਆਹ ਕਰਵਾਉਣ ਦੇ ਕੁਪ੍ਰਚਾਰ ਕਾਰਨ ਸਾਨੂੰ ਪ੍ਰੇਸ਼ਾਨ ਕੀਤਾ ਗਿਆ। ਅਦਾਲਤ ਨੇ ਇਸ ਦਾਇਰ ਅਰਜ਼ੀ 'ਤੇ ਐੱਫ. ਆਈ. ਏ. ਨੂੰ ਆਦੇਸ਼ ਦਿੱਤਾ ਕਿ ਉਹ ਦੋਵਾਂ ਲੜਕੀਆਂ ਦੇ ਪਾਸਪੋਰਟ ਸਮੇਤ ਸਾਰੇ ਕਾਗਜ਼ ਵਾਪਸ ਕਰਨ ਅਤੇ ਹੋਰ ਜਿਹੜਾ ਵੀ ਸਾਮਾਨ ਏਜੰਸੀ ਕੋਲ ਹੈ, ਉਹ ਤੁਰੰਤ ਵਾਪਸ ਕਰਨ। ਅਪੀਲਕਰਤਾ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰੇਸ਼ਾਨ ਨਾ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਏਜੰਸੀ ਨੇ ਬੀਤੇ ਤਿੰਨ-ਚਾਰ ਹਫਤਿਆਂ 'ਚ ਪਾਕਿਸਤਾਨ ਦੇ ਵੱਖ-ਵੱਖ ਕਸਬਿਆਂ 'ਚ ਕ੍ਰਿਸਚੀਅਨ ਤੇ ਮੁਸਲਿਮ ਲੜਕੀਆਂ ਦੇ ਚੀਨ ਨਿਵਾਸੀ ਲੜਕਿਆਂ ਨਾਲ ਵਿਆਹ ਕਰਨ ਸਬੰਧੀ ਕ੍ਰਿਸਚੀਅਨ ਤੇ ਮੁਸਲਿਮ ਕਈ ਧਰਮ ਦੇ ਗੁਰੂਆਂ ਸਮੇਤ ਚੀਨ ਨਿਵਾਸੀ ਲੜਕਿਆਂ ਵਿਰੁੱਧ ਕੇਸ ਦਰਜ ਕੀਤੇ ਹਨ ਅਤੇ ਲੜਕੀਆਂ ਨੂੰ ਵਾਪਸ ਉਨ੍ਹਾਂ ਦੇ ਮਾਂ-ਪਿਓ ਨੂੰ ਸੌਂਪਿਆ ਹੈ। ਏਜੰਸੀ ਦਾਅਵਾ ਕਰ ਰਹੀ ਹੈ ਕਿ ਉਸ ਨੇ ਪਾਕਿਸਤਾਨ 'ਚ ਰਹਿਣ ਵਾਲੀਆਂ ਕ੍ਰਿਸਚੀਅਨ ਲੜਕੀਆਂ ਦੇ ਚੀਨ ਨਿਵਾਸੀ ਲੜਕਿਆਂ ਨਾਲ ਨਾਜਾਇਜ਼ ਢੰਗ ਨਾਲ ਵਿਆਹ ਕਰਵਾਉਣ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ।


author

Baljeet Kaur

Content Editor

Related News