ਜ਼ਮੀਨਾਂ ਬਣੀਆਂ ਸੋਨੇ ਦੀ ਖਾਨ, ਬਹੁਰਾਸ਼ਟਰ ਕੰਪਨੀਆਂ ਪੈਸੇ ਖਾਣ : ਉਗਰਾਹਾਂ
Monday, Aug 16, 2021 - 01:18 PM (IST)
ਗੁਰਦਾਸਪੁਰ (ਸਰਬਜੀਤ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਵਾਇਰਲ ਵੀਡੀਓ ’ਚ ਉਸਨੇ ਸਾਫ਼ ਕਿਹਾ ਕਿ ਭਾਵੇਂ ਸ਼ਹੀਦ ਭਗਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਆਜ਼ਾਦੀ ਦਿੱਤੀ ਸੀ ਪਰ ਮੈਂ ਸਮਝਦਾ ਹਾਂ ਕਿ ਹੁਣ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਡੇ ਤੋਂ ਆਜ਼ਾਦੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਮੋਦੀ ਦਾ ਉਹ ਹਿਸਾਬ ਹੈ ਕਿ ਕਿਸਾਨਾਂ ਦੇ ਖਾਤਿਆਂ ਵਿੱਚ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਪਾ ਦੇਵਾਂਗਾ ਪਰ ਮੋਦੀ ਨੇ ਇੰਨਾਂ ਵੱਡਾ ਝੂਠ ਬੋਲਿਆ ਹੈ ਕਿ ਅਜਿਹੀ ਮਿਸਾਲ ਕਿੱਧਰੇ ਵੀ ਨਹੀਂ ਮਿਲਦੀ। ਮੋਦੀ ਨੇ ਕਿਸਾਨਾਂ ਨੂੰ ਮਾਲੋਮਾਲ ਕਰਨ ਦੀ ਥਾਂ ਆਰਥਿਕ ਪੱਖੋਂ ਖ਼ਤਮ ਕਰ ਦਿੱਤਾ ਹੈ। ਜਿਵੇਂ ਕਹਿੰਦੇ ਹਨ ‘ਜ਼ਮੀਨਾਂ ਬਣੀਆਂ ਸੋਨੇ ਦੀ ਖਾਨ, ਬਹੁਰਾਸ਼ਟਰ ਕੰਪਨੀਆਂ ਪੈਸੇ ਖਾਣ।
ਪੜ੍ਹੋ ਇਹ ਵੀ ਖ਼ਬਰ - ਸਟੇਜਾਂ ਤੋਂ ਬੇਲਗਾਮ ਭਾਸ਼ਣ ਦੇਣ ਕਰਕੇ ਲੋਕਾਂ ਦੇ ਸਿਰ ਤੋਂ ਉਤਰਨ ਲੱਗਾ ‘ਨਵਜੋਤ ਸਿੱਧੂ’ ਦਾ ਜਾਦੂ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ’ਤੇ ਵੀ ਭਰੋਸਾ ਨਹੀਂ ਹੈ। ਇਹ ਸਾਰੇ ਇੱਕੋ ਚੱਠੇ ਵੱਟੇ ਦੇ ਬਣੇ ਹੋਏ ਹਨ। ਇਹ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਕੰਮ ਕਰਦੇ ਹਨ। ਹੁਣ ਵੀ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਏ ਦਿਨ ਐਲਾਨ ਕਰਦਾ ਹੈ ਕਿ ਮੈਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਪਾਰ ਖੁੱਲ੍ਹੇ ਤੌਰ ’ਤੇ ਪੰਜਾਬ ਵਿੱਚ ਕਰਵਾਂਗਾ। ਪ੍ਰਾਇਵੇਟ ਸੈਕਟਰ ਅੱਗੇ ਆਉਣਗੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਵੇਂ ਅਮਰਿੰਦਰ ਸਿੰਘ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿੱਚ ਉਦਯੋਗ ਲਾਉਣ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਮਹਿੰਗੀ ਹੋਣ ਕਰਕੇ ਅਮਰਿੰਦਰ ਸਿੰਘ ਦਾ ਕੋਈ ਇਤਵਾਰ ਨਹੀਂ ਕਰਦਾ, ਜਿਸ ਕਰਕੇ ਅੱਜ ਕੋਈ ਵੀ ਉਦਯੋਗਪਤੀ ਪੰਜਾਬ ਵਿੱਚ ਸਨਅਤ ਲਾਉਣ ਲਈ ਤਿਆਰ ਨਹੀਂ ਹੈ। ਜਿਸਦੇ ਫਲਸਰੂਪ ਸਾਡੇ ਬੱਚੇ ਪੜ੍ਹ-ਲਿਖ ਕੇ ਦਿਹਾੜੀਆ ਕਰ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਕਈ ਵੱਡੇ ਐਲਾਨ
ਉਨ੍ਹਾਂ ਕਿਹਾ ਕਿ ਦੇਸ਼ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਬੇਰੁਜ਼ਗਾਰ ਬੱਚਿਆਂ ਨੂੰ ਆਰਥਿਕ ਪੱਖੋਂ ਕੋਈ ਸਹਾਇਤਾ ਨਹੀਂ ਦਿੱਤੀ ਗਈ, ਜੋ ਮੈਨੀਫੈਸਟੋ ਵਿੱਚ ਐਲਾਨਿਆ ਸੀ। ਇਸ ਲਈ ਇਹ ਸਿਆਸੀ ਲੋਕ ਝੂਠ ਬੋਲ ਕੇ ਸੱਤਾ ਹਾਸਲ ਕਰਨ ਲਈ ਜਾਣਦੇ ਹਨ ਪਰ ਕਿਸਾਨਾਂ ਦੇ ਹਿੱਤ ਵਿੱਚ ਕੋਈ ਗੱਲ ਨਹੀਂ ਕਰਦੇ। ਅੱਜ 9 ਮਹੀਨੇ ਹੋ ਗਏ ਹਨ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਵਿਧਾਨਸਭਾ ਵਿੱਚ ਇੱਕ ਵੀ ਮਤਾ ਨਹੀਂ ਪਾਇਆ ਕਿ ਪੰਜਾਬ ਦੇ ਕਿਸਾਨਾਂ ਦੇ ਖੇਤੀ ਕਾਨੂੰਨ ਰੱਦ ਕੀਤੇ ਜਾਂਦੇ ਹਨ ਅਤੇ ਪੰਜਾਬ ਵਿੱਚ ਲਾਗੂ ਨਹੀਂ ਹੋਣਗੇ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਲੋਕ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡਦੇ ਹਨ।
ਪੜ੍ਹੋ ਇਹ ਵੀ ਖ਼ਬਰ - ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਮੰਤਰਾਲਾ ਨੇ ਮਾਸਿਕ ਸੀਜ਼ਨ ਟਿਕਟ ਦੀ ਸਹੂਲਤ ਨੂੰ ਸ਼ੁਰੂ ਕਰਨ ਦਾ ਲਿਆ ਫ਼ੈਸਲਾ