ਕਾਰ-ਮੋਟਰਸਾਈਕਲ ਦੀ ਭਿਆਨਕ ਟੱਕਰ, ਬੱਚੀ ਸਮੇਤ ਮਾਂ ਦੀ ਮੌਤ
Monday, Dec 17, 2018 - 10:08 AM (IST)
ਗੁਰਦਾਸਪੁਰ (ਹਰਮਨਪ੍ਰੀਤ) : ਐਤਵਾਰ ਸ਼ਾਮ ਗੁਰਦਾਸਪੁਰ ਸ਼ਹਿਰ ਤੋਂ ਹਰਦੋਛੰਨੀ ਰੋਡ 'ਤੇ ਪਿੰਡ ਸਰਾਵਾਂ ਨੇੜੇ ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ 'ਚ ਮਾਂ ਤੇ ਧੀ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ, ਜਦੋਂ ਕਿ ਮੋਟਰਸਾਈਕਲ ਚਲਾ ਰਿਹਾ ਵਿਅਕਤੀ ਤੇ ਉਸ ਦਾ ਪੁੱਤਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਪਿੰਡ ਚੱਗੂਵਾਲ ਦਾ ਵਸਨੀਕ ਸੁਮਨ ਸਿੰਘ (40) ਪੁੱਤਰ ਗੁਲਜਾਰ ਸਿੰਘ ਆਪਣੀ ਪਤਨੀ ਜਗੀਰ ਕੌਰ (35) ਤੋਂ ਇਲਾਵਾ 10 ਸਾਲ ਪੁੱਤਰ ਅੰਮ੍ਰਿਤ ਤੇ 7 ਸਾਲਾ ਪੁੱਤਰੀ ਖੁਸ਼ੀ ਨਾਲ ਮੋਟਰਸਾਈਕਲ 'ਤੇ ਪਠਾਨਕੋਟ ਵਿਖੇ ਚਰਚ ਤੋਂ ਆ ਰਹੇ ਸਨ। ਜਦੋਂ ਉਹ ਆਪਣੇ ਪਿੰਡ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਸਰਾਵਾਂ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਸੈਂਟਰੋ ਕਾਰ ਨੰਬਰ ਆਰ ਜੇ 19 ਸੀ ਬੀ-1263 ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਏਨੀ ਜ਼ੋਰਦਾਰ ਸੀ ਕਿ ਜਗੀਰ ਕੌਰ ਨੇ ਮੌਕੇ 'ਤੇ ਦਮ ਤੋੜ ਦਿੱਤਾ, ਜਦੋਂ ਕਿ ਬਾਕੀ ਤਿੰਨੇ ਗੰਭੀਰ ਜ਼ਖਮੀ ਹੋ ਗਏ। ਕਾਰ ਵੀ ਇਕ ਦਰੱਖਤ ਨਾਲ ਟਕਰਾ ਗਈ ਤੇ ਚਾਲਕ ਫਰਾਰ ਹੋ ਗਿਆ।

ਇਸ ਦੌਰਾਨ ਜ਼ਖਮੀਆਂ ਨੂੰ ਲੋਕਾਂ ਨੇ ਐਂਬੂਲੈਂਸ ਮੰਗਵਾ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ 7 ਸਾਲਾ ਬੱਚੀ ਖੁਸ਼ੀ ਦੀ ਗੰਭੀਰ ਹਾਲਤ ਦੇਖ ਕੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ, ਜਦੋਂ ਕਿ ਸੁਮਨ ਤੇ ਉਸ ਦਾ ਪੁੱਤਰ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਪੁਲਸ ਵੱਲੋਂ ਕਾਰ ਨੂੰ ਕਬਜ਼ੇ 'ਚ ਲੈ ਕੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
