ਬਜ਼ੁਰਗ ਮਾਵਾਂ ਲਈ ਗੁਰਦਾਸ ਮਾਨ ਨੇ ਕੀਤੀ ਰੱਬ ਅੱਗੇ ਅਰਦਾਸ, ਲਿਖਿਆ ਭਾਵੁਕ ਸੁਨੇਹਾ
Saturday, Dec 12, 2020 - 04:45 PM (IST)
ਜਲੰਧਰ (ਬਿਊਰੋ)– ਪੰਜਾਬੀ ਗਾਇਕ ਗੁਰਦਾਸ ਮਾਨ ਲੰਮੇ ਸਮੇਂ ਤੋਂ ਚਰਚਾ ’ਚ ਹਨ। ਵਿਵਾਦਿਤ ਬਿਆਨ ਤੇ ਸ਼ੋਅ ਦੌਰਾਨ ਹੋਈ ਦਰਸ਼ਕ ਨਾਲ ਸ਼ਬਦੀ ਜੰਗ ਤੋਂ ਬਾਅਦ ਗੁਰਦਾਸ ਮਾਨ ਦਾ ਕਾਫੀ ਸਮੇਂ ਤੋਂ ਵਿਰੋਧ ਜਾਰੀ ਹੈ। ਹਾਲ ਹੀ ’ਚ ਇਹ ਵਿਰੋਧ ਉਦੋਂ ਵੀ ਦੇਖਣ ਨੂੰ ਮਿਲਿਆ, ਜਦੋਂ ਗੁਰਦਾਸ ਮਾਨ ਦਿੱਲੀ ਵਿਖੇ ਕਿਸਾਨਾਂ ਦਾ ਸਮਰਥਨ ਕਰਨ ਪੁੱਜੇ।
ਗੁਰਦਾਸ ਮਾਨ ਕਿਸਾਨੀ ਸੰਘਰਸ਼ ਸਬੰਧੀ ਕਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰ ਚੁੱਕੇ ਹਨ ਪਰ ਜਿਥੇ ਕੁਝ ਲੋਕ ਉਨ੍ਹਾਂ ਦੇ ਹੱਕ ’ਚ ਆ ਰਹੇ ਹਨ, ਉਥੇ ਕੁਝ ਲੋਕ ਅਜੇ ਵੀ ਵਿਰੋਧ ਕਰ ਰਹੇ ਹਨ। ਹਾਲ ਹੀ ’ਚ ਗੁਰਦਾਸ ਮਾਨ ਨੇ ਕਿਸਾਨੀ ਸੰਘਰਸ਼ ਸਬੰਧੀ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਬਜ਼ੁਰਗ ਮਹਿਲਾ ਆਟਾ ਗੁੰਨਦੀ ਨਜ਼ਰ ਆ ਰਹੀ ਹੈ।
ਗੁਰਦਾਸ ਮਾਨ ਇਹ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ‘ਰੱਬ ਅੱਗੇ ਇਹੀ ਅਰਦਾਸ ਹੈ ਕਿ ਬਹੁਤ ਜਲਦੀ ਇਹ ਮਾਵਾਂ ਆਪਣੇ ਘਰਾਂ ਦੇ ਚੁੱਲਿਆ ’ਤੇ ਰੋਟੀਆਂ ਪਕਾਉਣ। ਫ਼ੈਸਲੇ ਸਭ ਦੇ ਹੱਕ ’ਚ ਹੋਣ, ਸਰਬੱਤ ਦਾ ਭਲਾ ਹੋਵੇ।’
ਗੁਰਦਾਸ ਮਾਨ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ਨੂੰ ਕੁਝ ਘੰਟਿਆਂ ’ਚ ਹੀ 35 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਗੁਰਦਾਸ ਮਾਨ ਨੇ ਇਸ ਤੋਂ ਪਹਿਲਾਂ ਜੋ ਤਸਵੀਰ ਸਾਂਝੀ ਕੀਤੀ ਸੀ, ਉਸ ਨੂੰ ਵੀ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਗੁਰਦਾਸ ਮਾਨ ਨੇ ਦਿੱਲੀ ਧਰਨੇ ’ਚ ਪਹੁੰਚਣ ਦੀ ਤਸਵੀਰ ਸਾਂਝੀ ਕੀਤੀ ਸੀ ਤੇ ਲਿਖਿਆ ਸੀ, ‘ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਿਰਫ ਇੰਨੀ ਗੱਲ ਕਹਾਂਗਾ– ਮੈਂ ਹਮੇਸ਼ਾ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ।’
ਨੋਟ– ਗੁਰਦਾਸ ਮਾਨ ਵਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।