ਗਿਆਨੀ ਗੁਰਬਚਨ ਸਿੰਘ ਡੇਰਾ ਪ੍ਰੇਮੀਆਂ ਤੋਂ ਪਹਿਲਾਂ ਆਪਣੀ ਘਰ ਵਾਪਸੀ ਕਰਨ : ਦਲ ਖਾਲਸਾ
Friday, Sep 01, 2017 - 01:48 AM (IST)

ਜਲੰਧਰ (ਚਾਵਲਾ) - ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਪ੍ਰੇਮੀਆਂ ਨੂੰ 'ਘਰ ਵਾਪਸੀ' ਦੀ ਕੀਤੀ ਗਈ ਅਪੀਲ 'ਤੇ ਘੇਰਦਿਆਂ ਦਲ ਖਾਲਸਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਕਿ ਉਹ ਪਹਿਲਾਂ ਆਪਣੀ ਘਰ ਵਾਪਸੀ ਕਰਵਾਉਣ। ਜਥੇਬੰਦੀ ਦਾ ਮੰਨਣਾ ਹੈ ਕਿ ਗਿਆਨੀ ਗੁਰਬਚਨ ਸਿੰਘ ਗੁਰਮਤਿ ਵਿਰੋਧੀ ਡੇਰੇਦਾਰ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੀ ਆਪਣੀ ਗਲਤੀ ਮੰਨਣ, ਸੰਸਥਾ ਦੇ ਵੱਕਾਰ ਅਤੇ ਮਰਿਆਦਾ ਨੂੰ ਢਾਹ ਲਾਉਣ ਲਈ ਖਾਲਸਾ ਪੰਥ ਤੋਂ ਖਿਮਾ ਯਾਚਨਾ ਕਰਨ ਅਤੇ ਅਸਤੀਫਾ ਦੇਣ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌਜੂਦਾ ਜਥੇਦਾਰ ਸਿੱਖ ਪੰਥ ਵਿਚ ਆਪਣਾ ਵੱਕਾਰ ਅਤੇ ਵਿਸ਼ਵਾਸ ਗੁਆ ਚੁੱਕੇ ਹਨ ਅਤੇ ਪੰਥ ਇਨ੍ਹਾਂ ਨੂੰ ਰੱਦ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਪ੍ਰੇਮੀਆਂ ਨੇ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਈਆਂ ਸਨ। ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਚੰਗਾ ਹੁੰਦਾ ਜੇ ਗਿਆਨੀ ਗੁਰਬਚਨ ਸਿੰਘ ਡੇਰਾ ਪ੍ਰੇਮੀਆਂ ਨੂੰ ਸਿੱਖੀ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਨਾਲੋਂ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਦੀ ਅਪੀਲ ਕਰਦੇ।
ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਦੀ ਸ਼ਖਸੀਅਤ ਲੋਕਾਂ ਨੂੰ ਸਿੱਖੀ ਤੋਂ ਦੂਰ ਕਰਨ ਦਾ ਕਾਰਨ ਤਾਂ ਬਣਦੀ ਹੈ ਪਰ ਕਿਸੇ ਦੂਰ ਗਏ ਵਿਅਕਤੀ ਨੂੰ ਪੰਥ ਵਿਚ ਵਾਪਸ ਖਿੱਚ ਕੇ ਲਿਆਉਣ ਦੇ ਸਮੱਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਜਲਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਮਿਲ ਕੇ ਇਸ ਸਬੰਧੀ ਆਪਣਾ ਪੱਖ ਰੱਖਾਂਗੇ।
ਮੀਟਿੰਗ ਵਿਚ ਪੰਥ ਅੰਦਰ ਬਣੀ ਗੰਭੀਰ ਸਥਿਤੀ 'ਤੇ ਵਿਚਾਰ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਮੌਜੂਦਾ ਦੌਰ ਅੰਦਰ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਉਤੇ ਕੋਈ ਅਜਿਹੀ ਪ੍ਰਭਾਵਸ਼ਾਲੀ ਸ਼ਖਸੀਅਤ ਨਹੀਂ ਦਿਸ ਰਹੀ, ਜੋ ਸਿੱਖੀ ਤੋਂ ਦੂਰ ਜਾ ਰਹੇ ਲੋਕਾਂ ਨੂੰ ਵਾਪਸ ਮੋੜ ਲਿਆਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸੋਚ, ਢੰਗ ਅਤੇ ਕੰਮਕਾਜ ਵਿਚ ਇਨਕਲਾਬੀ ਬਦਲਾਅ ਲਿਆਉਣ ਅਤੇ ਅਕਾਲ ਤਖਤ ਸਾਹਿਬ ਉਤੇ ਬੇਮੁਹਤਾਜ ਅਤੇ ਨਿਡਰ ਸ਼ਖਸੀਅਤ ਦੀ ਨਿਯੁਕਤੀ ਅਤੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ, ਜਿਨ੍ਹਾਂ ਕਰ ਕੇ ਲੋਕ ਸਿੱਖੀ ਦੀ ਮੁੱਖ ਧਾਰਾ ਨੂੰ ਛੱਡ ਕੇ ਮਨਮੱਤੀ ਡੇਰਿਆਂ ਵੱਲ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਦਾਰ ਬਦਲਣ ਲਈ ਸ਼੍ਰੋਮਣੀ ਕਮੇਟੀ ਨੂੰ ਕਹਿਣ ਦਾ ਇਹ ਅਰਥ ਨਾ ਲਿਆ ਜਾਵੇ ਕਿ ਉਨ੍ਹਾਂ ਕਮੇਟੀ ਵੱਲੋਂ ਆਪ-ਮੁਹਾਰੇ ਜਥੇਦਾਰ ਲਾਉਣ ਦੀ ਪਿਰਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਬਦਲਣ ਅਤੇ ਨਵੀਂ ਨਿਯੁਕਤੀ ਲਈ ਪੰਥਕ ਸੰਸਥਾਵਾਂ ਅਤੇ ਪਾਰਟੀਆਂ ਨੂੰ ਭਰੋਸੇ ਵਿਚ ਲਿਆ ਜਾਵੇ। ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਕੰਵਰਪਾਲ ਸਿੰਘ, ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖੰਡੂਰ, ਬਲਦੇਵ ਸਿੰਘ ਸਿਰਸਾ, ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।