ਕੁੱਟ-ਕੁੱਟ ਕੇ ਮਾਰਿਆ ਗੈਂਗਮੈਨ
Friday, Jun 30, 2017 - 07:32 AM (IST)

ਮੋਗਾ (ਆਜ਼ਾਦ) - ਰੰਜਿਸ਼ ਕਾਰਨ ਮੋਗਾ 'ਚ ਤਾਇਨਾਤ ਰੇਲਵੇ ਦੇ ਪ੍ਰਵਾਸੀ ਗੈਂਗਮੈਨ ਨਨਕੂ ਰਾਮ (58) ਦਾ ਉਸ ਦੇ ਨਾਲ ਕੰਮ ਕਰਦੇ ਸਾਥੀਆਂ ਵੱਲੋਂ ਹੀ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰਨ ਤੋਂ ਇਲਾਵਾ ਮ੍ਰਿਤਕ ਦੇ ਬਿਹਾਰ ਸਥਿਤ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਕੀ ਹੈ ਸਾਰਾ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਥਾਣਾ ਫਰੀਦਕੋਟ ਦੇ ਮੁਖੀ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਨਨਕੂ ਰਾਮ ਰੇਲਵੇ ਸਟੇਸ਼ਨ ਮਹਿਣਾ 'ਤੇ ਬਤੌਰ ਗੈਂਗਮੈਨ ਤਾਇਨਾਤ ਸੀ, ਜੋ ਆਪਣੇ ਸਾਥੀਆਂ ਨਾਲ ਮਹਿਣਾ ਤੋਂ ਮੋਗਾ ਰੇਲਵੇ ਲਾਈਨ ਦੀ ਚੈਕਿੰਗ ਕਰਦੇ ਸਨ, ਉਸ ਦੇ ਨਾਲ ਮੋਹਨ ਤਨਵਰ, ਸੋਮਵੀਰ, ਅਜੇ ਕੁਮਾਰ, ਵਿਜੈ ਰਾਇ ਅਤੇ ਕੁਝ ਹੋਰ ਵਿਅਕਤੀ ਵੀ ਲੱਗੇ ਹੋਏ ਸਨ। ਨਨਕੂ ਰਾਮ ਡਿਊਟੀ ਦੇ ਬਹੁਤ ਪਾਬੰਦ ਸਨ ਅਤੇ ਉਹ ਆਪਣੇ ਸਾਥੀਆਂ ਨੂੰ ਵੀ ਸਮੇਂ ਸਿਰ ਡਿਊਟੀ 'ਤੇ ਆਉਣ ਲਈ ਕਹਿੰਦਾ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਉਸ ਦੇ ਨਾਲ ਕੰਮ ਕਰਨ ਵਾਲੇ ਸਾਥੀ ਉਸ ਨਾਲ ਰੰਜਿਸ਼ ਰੱਖਣ ਲੱਗੇ।
ਬੀਤੀ 28 ਜੂਨ ਨੂੰ ਸ਼ਾਮ ਪੌਣੇ 5 ਵਜੇ ਜਦੋਂ ਉਹ ਮਹਿਣਾ ਰੇਲਵੇ ਲਾਈਨਾਂ 'ਤੇ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਨਾਲ ਕੰਮ ਕਰਨ ਵਾਲੇ ਸਾਥੀਆਂ ਨੇ ਰੰਜਿਸ਼ ਕਾਰਨ ਹੀ ਉਸ 'ਤੇ ਬੇਸਬੈਟ ਅਤੇ ਡੰਡਿਆਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ 'ਤੇ ਉਸ ਨੇ ਰੌਲਾ ਵੀ ਪਾਇਆ ਪਰ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਣ 'ਤੇ ਰੇਲਵੇ ਸਟੇਸ਼ਨ ਮੋਗਾ 'ਤੇ ਤਾਇਨਾਤ ਪਬਲਿਕ ਵਰਕਸ ਇੰਚਾਰਜ ਜਸਵੀਰ ਸਿੰਘ ਅਤੇ ਹੋਰ ਰੇਲਵੇ ਮੁਲਾਜ਼ਮ ਮੌਕੇ 'ਤੇ ਪੁੱਜੇ ਅਤੇ ਨਨਕੂ ਰਾਮ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਪਰ ਉਸ ਨੇ ਦਮ ਤੋੜ ਦਿੱਤਾ। ਇਸ ਤਰ੍ਹਾਂ ਰੰਜਿਸ਼ ਕਾਰਨ ਸਾਥੀਆਂ ਨੇ ਹੀ ਆਪਣੇ ਬਜ਼ੁਰਗ ਗੈਂਗਮੈਨ ਸਾਥੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਕੀ ਹੋਈ ਪੁਲਸ ਕਾਰਵਾਈ
ਰੇਲਵੇ ਪੁਲਸ ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਹ ਅਤੇ ਰੇਲਵੇ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ, ਸਹਾਇਕ ਥਾਣੇਦਾਰ ਹਰਦੀਪ ਸਿੰਘ, ਹੌਲਦਾਰ ਸੋਹਣ ਸਿੰਘ, ਹੌਲਦਾਰ ਸੁਰਜੀਤ ਸਿੰਘ ਤੇ ਹੋਰ ਪੁਲਸ ਮੁਲਾਜ਼ਮਾਂ ਨਾਲ ਘਟਨਾ ਸਥਾਨ 'ਤੇ ਪੁੱਜੇ ਅਤੇ ਰੇਲਵੇ ਸਟੇਸ਼ਨ ਮੋਗਾ 'ਤੇ ਕਈ ਵਿਅਕਤੀਆਂ ਅਤੇ ਤਾਇਨਾਤ ਰੇਲਵੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ।
ਇਸ ਸਬੰਧੀ ਮਹਿਣਾ ਰੇਲਵੇ ਸਟੇਸ਼ਨ 'ਤੇ ਸਥਿਤ ਗੈਂਗਮੈਨ ਛਬੀਲਾ ਰਾਮ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ ਰੇਲਵੇ ਪੁਲਸ ਚੌਕੀ ਥਾਣਾ ਫਰੀਦਕੋਟ 'ਚ ਹੱਤਿਆ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਦੇ ਕਾਬੂ ਆਉਣ ਦੀ ਸੰਭਾਵਨਾ ਹੈ।