ਟਾਂਡਾ ਦੀ 3 ਸਾਲਾ ਗੁਣਾਕਸ਼ੀ ਨੇ ਹਾਸਲ ਕੀਤਾ ਇੰਡੀਆ ਬੁੱਕ ਆਫ਼ ਰਿਕਾਰਡਜ਼ ਦਾ ਸਨਮਾਨ, ਸੁਣ ਕਰੋਗੇ ਸਿਫ਼ਤਾਂ
Wednesday, Jan 12, 2022 - 03:11 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਟਾਂਡਾ ਦੀ 3 ਸਾਲਾ ਗੁਣਾਕਸ਼ੀ ਅਗਨੀਹੋਤਰੀ ਨੇ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਕੀਤਾ ਪਰ ਉਸ ਨੇ ਪਹਿਲਾਂ ਹੀ ਅਜਿਹਾ ਮੁਕਾਮ ਹਾਸਲ ਕੀਤਾ ਹੈ, ਜਿਸ ਨਾਲ ਉਸਦਾ ਪਰਿਵਾਰ ਉਸ ’ਤੇ ਫ਼ਖਰ ਕਰ ਰਿਹਾ ਹੈ। ਉਸ ਨੂੰ ਗਿਆਨ ਅਤੇ ਜਾਣਕਾਰੀ ਦੀ ਪਰਖ ਕਰਕੇ ਇੰਡੀਆ ਬੁੱਕ ਆਫ ਰਿਕਾਰਡਸ ਤੋਂ ਪ੍ਰਸ਼ੰਸਾ ਸਨਮਾਨ ਮਿਲਿਆ ਹੈ। ਇਹ ਪ੍ਰਾਪਤੀ ਕਰਕੇ ਟਾਂਡਾ ਦਾ ਨਾਂ ਰੋਸ਼ਨ ਕਰਨ ਵਾਲੀ ਵਿਸ਼ਾਲ ਚੰਦਰ ਅਗਨੀਹੋਤਰੀ ਅਤੇ ਵਿਸ਼ਾਲੀ ਅਗਨੀਹੋਤਰੀ ਦੀ ਹੋਣਹਾਰ ਧੀ ਗੁਣਾਕਸ਼ੀ ਸਿੱਖਣ ਦੀ ਅਦਭੁਤ ਸਮਰੱਥਾ ਰੱਖਦੀ ਹੈ। ਗੁਣਾਕਸ਼ੀ ਤੋਂ ਜਿੱਥੇ ਪੂਰਾ ਪਰਿਵਾਰ ਖੁਸ਼ ਹੈ, ਉੱਥੇ ਹੀ ਸ਼ਹਿਰ ਵਾਸੀਆਂ ਵੱਲੋਂ ਵੀ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਹੁਣ ਉਹ ਤਿੰਨ ਸਾਲ ਦੀ ਹੈ ਅਤੇ ਜਦੋਂ ਉਸਨੇ ਇੰਡੀਆ ਬੁੱਕ ਆਫ਼ ਰਿਕਾਰਡ ਨੂੰ ਇਕ ਵੀਡੀਓ ਭੇਜੀ ਜਿਸ ਵਿਚ 100 ਦੇ ਕਰੀਬ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਉਸਦੇ ਗਿਆਨ ਨੂੰ ਦਿਖਾਇਆ ਗਿਆ, ਉਸ ਸਮੇਂ ਉਸਦੀ ਉਮਰ ਸਿਰਫ਼ ਢਾਈ ਸਾਲ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਸਮਝੌਤੇ ਵਾਲੀਆਂ 20 ਸੀਟਾਂ ’ਤੇ ਰੀਵਿਊ ਕਰੇਗੀ ਬਸਪਾ
ਆਪਣੀ ਮਾਸੂਮ ਅਤੇ ਤੋਤਲੀ ਆਵਾਜ਼ ਵਿਚ ਹੁਣ ਉਹ 1 ਤੋਂ 50 ਤੱਕ ਗਿਣਨ, ਸਾਰੇ ਅੰਗਰੇਜ਼ੀ ਅੱਖਰਾਂ, ਰੰਗ, ਜਾਨਵਰਾਂ, ਪੰਛੀਆਂ, ਰਾਸ਼ਟਰੀ ਚਿੰਨ੍ਹਾਂ ਦੇ ਨਾਵਾਂ ਦੇ ਨਾਲ-ਨਾਲ ਆਮ ਗਿਆਨ ਦੇ ਸਵਾਲਾਂ ਦੇ ਜਵਾਬ ਦੇ ਕੇ ਸੁਣਨ ਵਾਲਿਆਂ ਨੂੰ ਹੈਰਾਨ ਕਰ ਦਿੰਦੀ ਹੈ। ਪਿਛਲੇ ਸਾਲ ਨਵੰਬਰ ਮਹੀਨੇ ’ਚ ਇੰਡੀਆ ਬੁੱਕ ਆਫ ਰਿਕਾਰਡਸ ’ਚ ਗੁਣਾਕਸ਼ੀ ਲਈ ਅਪਲਾਈ ਕੀਤਾ ਗਿਆ ਸੀ ਅਤੇ 23 ਨਵੰਬਰ ਨੂੰ ਉਸ ਦੇ ਗਿਆਨ ਦੀ ਪੁਸ਼ਟੀ ਕਰਨ ਤੋਂ ਬਾਅਦ ਹੁਣ ਇਹ ਪ੍ਰਸ਼ੰਸਾ ਪੁਰਸਕਾਰ ਉਸ ਨੂੰ ਭੇਜਿਆ ਗਿਆ ਹੈ। ਜਿਸ ਵਿਚ ਮੈਡਲ, ਸਰਟੀਫਿਕੇਟ, ਬੈਚ, ਪੈੱਨ ਅਤੇ ਹੋਰ ਤੋਹਫੇ ਹਨ। ਗੁਣਾਕਸ਼ੀ ਦੇ ਮਾਤਾ-ਪਿਤਾ ਨੇ ਆਪਣੀ ਬੇਟੀ ’ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ’ਚ ਸਿੱਖਣ ਦਾ ਬੇਹੱਦ ਜਜ਼ਬਾ ਹੈ ਅਤੇ ਉਹ ਸ਼ਾਨਦਾਰ ਤਰੀਕੇ ਨਾਲ ਗਿਆਨ ਹਾਸਲ ਕਰਦੀ ਹੈ। ਹੁਣ ਉਹ ਨਾ ਤਾਂ ਟੀਵੀ ਦੇਖਦੀ ਹੈ ਅਤੇ ਨਾ ਹੀ ਮੋਬਾਈਲ ਦੀ ਵਰਤੋਂ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਮਾਜ ਲਈ ਰੋਲ ਮਾਡਲ ਬਣੇਗੀ ਅਤੇ ਦੱਸੇਗੀ ਕਿ ਧੀਆਂ ਕਿਸੇ ਤੋਂ ਘੱਟ ਨਹੀਂ ।
ਇਹ ਵੀ ਪੜ੍ਹੋ : ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸੀ ਟਿਕਟ ਲਈ ਸਿੱਧੂ ਮੂਸੇਵਾਲਾ ਦਾ ਨਾਮ ਚਰਚਾਵਾਂ ’ਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?