ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ
Sunday, Jan 03, 2021 - 06:55 PM (IST)
ਜਲੰਧਰ (ਵਰੁਣ)— ਪਿਮਸ ਹਸਪਤਾਲ ਦੇ ਨੇੜੇ ਸਥਿਤ ਤਾਜ ਰੈਸਟੋਰੈਂਟ ਦੇ ਬਾਹਰ ਕਪੂਰਥਲਾ ਦੇ 2 ਟਰੈਵਲ ਏਜੰਟ ਆਪਸ ’ਚ ਭਿੜ ਗਏ। ਇਸ ਦੌਰਾਨ ਉਥੇ ਜੰਮ ਕੇ ਗੁੰਡਾਗਰਦੀ ਹੋਈ, ਜਦੋਂਕਿ ਇਕ ਧਿਰ ਨੇ ਗੱਡੀ ਦੀ ਭੰਨਤੋੜ ਕੀਤੀ ਅਤੇ ਹਵਾ ’ਚ ਗੋਲੀਆਂ ਵੀ ਚਲਾਈਆਂ। ਗੋਲੀਆਂ ਚਲਾਉਣ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਮਾਡਲ ਟਾਊਨ ਅਤੇ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਮੌਕੇ ’ਤੇ ਪਹੁੰਚੇ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ 8 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 15 ਸਾਲਾ ਕੁੜੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕੀਤਾ ਇਹ ਸ਼ਰਮਨਾਕ ਕਾਰਾ
ਥਾਣਾ ਨੰਬਰ 7 ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਕਪੂਰਥਲਾ ਦੇ ਅਜੀਤ ਨਗਰ ਦਾ ਨਿਵਾਸੀ ਟਰੈਵਲ ਏਜੰਟ ਖਾਣ-ਪੀਣ ਲਈ ਤਾਜ ਰੈਸਟੋਰੈਂਟ ਦੇ ਬਾਹਰ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਹੀ ਲਖਨਪੁਰ ਖੁਰਦ ਪਿੰਡ ਦੇ ਜਸਵੰਤ ਸਿੰਘ ਦਾ ਉਸ ਨਾਲ ਕੁਝ ਬਿਜ਼ਨੈੱਸ ਮੈਟਰ ਚੱਲ ਰਿਹਾ ਸੀ, ਜਿਨ੍ਹਾਂ ਵੀਜ਼ਾ ਲਗਵਾਉਣ ਲਈ ਉਨ੍ਹਾਂ ਨੂੰ ਪਾਸਪੋਰਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਕ ਬੱਸ ਡਰਾਈਵਰ ਜ਼ਰੀਏ ਇਕ ਪਾਸਪੋਰਟ ਭੇਜਿਆ ਸੀ ਪਰ ਡਰਾਈਵਰ ਨਾਲ ਸੰਪਰਕ ਨਾ ਹੋਣ ਕਾਰਣ ਪਾਸਪੋਰਟ ਅੰਮ੍ਰਿਤਸਰ ਪਹੁੰਚ ਗਿਆ।
ਇਹ ਵੀ ਪੜ੍ਹੋ : ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ
ਜਸਵੰਤ ਸਿੰਘ ਨੇ ਰਵਿੰਦਰ ਸਿੰਘ ਨੂੰ ਫੋਨ ਕਰਕੇ ਪਾਸਪੋਰਟ ਸਬੰਧੀ ਗੱਲਬਾਤ ਕੀਤੀ, ਜਿਸ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ ਸੀ। ਮਾਮਲਾ ਗਰਮਾਇਆ ਤਾਂ ਜਸਵੰਤ ਸਿੰਘ ਵੱਲੋਂ ਰਵਿੰਦਰ ਸਿੰਘ ਦੀ ਲੋਕੇਸ਼ਨ ਪੁੱਛਣ ’ਤੇ ਉਨ੍ਹਾਂ ਆਪਣੀ ਲੋਕੇਸ਼ਨ ਤਾਜ ਰੈਸਟੋਰੈਂਟ ਦੱਸ ਦਿੱਤੀ। ਕੁਝ ਹੀ ਸਮੇਂ ਬਾਅਦ ਜਸਵੰਤ ਸਿੰਘ ਉਥੇ ਆਇਆ ਅਤੇ ਬਹਿਸਬਾਜ਼ੀ ਦੌਰਾਨ ਦੋਵਾਂ ਵਿਚਕਾਰ ਝਗੜਾ ਹੋ ਗਿਆ। ਦੋਸ਼ ਹੈ ਕਿ ਇਕ ਧਿਰ ਨੇ ਗੱਡੀ ਦੀ ਭੰਨਤੋੜ ਕੀਤੀ, ਜਦੋਂ ਕਿ ਇਸੇ ਦੌਰਾਨ ਹਵਾਈ ਫਾਇਰ ਵੀ ਕੀਤੇ ਗਏ।
ਥਾਣਾ ਨੰਬਰ 7 ਦੇ ਇੰਚਾਰਜ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਵੀ ਖੋਲ ਬਰਾਮਦ ਨਹੀਂ ਹੋਇਆ। ਘਟਨਾ ਸਥਾਨ ’ਤੇ ਝਗੜਾ ਜ਼ਰੂਰ ਹੋਇਆ ਹੈ, ਜਿਸ ਵਿਚ ਇਕ ਗੱਡੀ ਦੇ ਸ਼ੀਸ਼ੇ ਜ਼ਰੂਰ ਤੋੜੇ ਗਏ ਪਰ ਫਾਇਰਿੰਗ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਪੁਲਸ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਝਗੜਾ ਹੋਇਆ, ਉਥੇ ਸੀ. ਸੀ. ਟੀ. ਵੀ. ਕੈਮਰੇ ਨਹੀਂ ਸਨ। ਦੇਰ ਰਾਤ ਪੁਲਸ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਸੀ। ਇੰਸ. ਰਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਫਾਇਰਿੰਗ ਹੋਈ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਨੂੰ ਮੌਕੇ ਤੋਂ ਕੋਈ ਖੋਲ ਬਰਾਮਦ ਨਹੀਂ ਹੋਇਆ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ