ਫਗਵਾੜਾ ਗੇਟ ਗੋਲੀਕਾਂਡ: ਜਲੰਧਰ 'ਚ ਹੀ ਰਹਿ ਰਿਹਾ ਸੀ ਹਰਿਆਣੇ ਦਾ ਕ੍ਰਿਮੀਨਲ, ਪੁਲਸ ਸੀ ਬੇਖਬਰ

Thursday, Jun 25, 2020 - 08:49 PM (IST)

ਜਲੰਧਰ (ਵਰੁਣ)— ਫਗਵਾੜਾ ਗੇਟ ਸਥਿਤ ਮੋਬਾਇਲ ਹਾਊਸ ਨੇੜੇ ਬੁੱਧਵਾਰ ਦੀ ਦੁਪਹਿਰ ਹਰਿਆਣਾ ਦੇ ਕੈਥਲ ਤੋਂ ਆਈ ਪੁਲਸ ਨੇ 2 ਨੌਜਵਾਨਾਂ ਨੂੰ ਫਿਲਮੀ ਅੰਦਾਜ਼ 'ਚ ਗ੍ਰਿਫ਼ਤਾਰ ਕੀਤਾ ਸੀ। ਨੌਜਵਾਨਾਂ ਨੂੰ ਫੜਨ ਲਈ ਪੁਲਸ ਨੇ ਗੋਲੀਆਂ ਵੀ ਚਲਾਈਆਂ ਸਨ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਮਾਮਲੇ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਫੜਿਆ ਗਿਆ ਮੁਲਜ਼ਮ ਅਜੈ ਜਲੰਧਰ 'ਚ ਵੀ ਰਹਿ ਰਿਹਾ ਸੀ ਅਤੇ ਪੁਲਸ ਨੂੰ ਉਸ ਦੀ ਭਿਣਕ ਤੱਕ ਵੀ ਨਹੀਂ ਲੱਗੀ ਸੀ।

PunjabKesari

ਜਾਣੋ ਕੀ ਹੈ ਸਾਰਾ ਮਾਮਲਾ
ਭਗਤ ਸਿੰਘ ਚੌਕ ਨੇੜੇ ਮੋਬਾਇਲ ਹਾਊਸ ਦੇ ਬਾਹਰ ਵਾਂਟੇਡ ਕ੍ਰਿਮੀਨਲ ਨੂੰ ਫੜਨ ਦੀ ਕੋਸ਼ਿਸ਼ 'ਚ ਹਰਿਆਣਾ ਪੁਲਸ ਦੇ ਸਬ ਇੰਸਪੈਕਟਰ ਨੇ ਗੋਲੀਆਂ ਚਲਾ ਦਿੱਤੀਆਂ ਸਨ। ਗੋਲੀ ਦੋਸ਼ੀ ਦੀ ਗੱਡੀ ਦੇ ਟਾਇਰ 'ਤੇ ਮਾਰੀ ਗਈ, ਜਿਸ ਤੋਂ ਤੁਰੰਤ ਬਾਅਦ ਕਾਰ 'ਚ ਸਵਾਰ ਵਾਂਟੇਡ ਕ੍ਰਿਮੀਨਲ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹਰਿਆਣਾ ਦੇ ਹੀ ਇਸ ਕ੍ਰਿਮੀਨਲ ਨੇ ਗੱਡੀ ਰੁਕਵਾਉਣ ਦੀ ਕੋਸ਼ਿਸ਼ ਕਰ ਰਹੀ ਹਰਿਆਣਾ ਪੁਲਸ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਨ ਪੁਲਸ ਟੀਮ ਨੂੰ ਗੋਲੀ ਚਲਾਉਣੀ ਪਈ।
ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਅਜੇ ਕੁਮਾਰ ਪੁੱਤਰ ਰਾਮ ਕਿਸ਼ਨ ਨਿਵਾਸੀ ਕੈਥਲ (ਹਰਿਆਣਾ) ਕੈਥਲ ਪੁਲਸ ਨੂੰ ਲੋੜੀਂਦੇ ਸਨ। ਉਸ ਖ਼ਿਲਾਫ਼ ਅਪਰਾਧਿਕ ਕੇਸ ਦਰਜ ਸਨ, ਜੋ 2016 'ਚ ਬੇਲ ਜੰਪ ਕਰ ਕੇ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਤੋਂ ਕੈਥਲ ਪੁਲਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਅਜਿਹੇ 'ਚ ਕੈਥਲ ਪੁਲਸ ਦੇ ਸੀ. ਆਈ. ਏ. ਸਟਾਫ ਦੀ ਟੀਮ ਨੂੰ ਅਜੇ ਦੇ ਜਲੰਧਰ ਹੋਣ ਦੇ ਇਨਪੁਟ ਮਿਲੇ। ਬੁੱਧਵਾਰ ਨੂੰ ਸੀ. ਆਈ. ਏ. ਸਟਾਫ, ਕੈਥਲ ਦੀ ਟੀਮ ਸਬ ਇੰਸਪੈਕਟਰ ਵਿਜੇ ਕੁਮਾਰ ਦੀ ਅਗਵਾਈ 'ਚ ਜਲੰਧਰ ਆ ਗਈ। ਅਜੇ ਜਿਸ ਗੱਡੀ 'ਚ ਸਵਾਰ ਸੀ, ਉਸ 'ਚ ਉਸ ਦਾ ਸਾਥੀ ਕਰਮਜੀਤ ਸਿੰਘ ਪੁੱਤਰ ਮਨਜੀਤ ਸਿੰਘ ਨਿਵਾਸੀ ਪਠਾਨਕੋਟ ਰੋਡ ਜਲੰਧਰ ਵੀ ਸੀ। ਗੱਡੀ ਟ੍ਰੇਸ ਹੋਣ 'ਤੇ ਹਰਿਆਣਾ ਪੁਲਸ ਦੀਆਂ ਦੋਵੇਂ ਗੱਡੀਆਂ (ਇਨੋਵਾ ਅਤੇ ਕ੍ਰੇਟਾ) ਅਜੇ ਦੀ ਗੱਡੀ ਦੇ ਪਿੱਛੇ ਲੱਗ ਗਈਆਂ।

PunjabKesari

ਭਗਤ ਸਿੰਘ ਚੌਕ ਨੇੜੇ ਜਾ ਕੇ ਹਰਿਆਣਾ ਪੁਲਸ ਦੀ ਨਜ਼ਰ ਅਜੇ 'ਤੇ ਪਈ, ਜਿਸ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਸਬ ਇੰਸਪੈਕਟਰ ਵਿਜੇ ਕੁਮਾਰ ਅਤੇ ਉਨ੍ਹਾਂ ਦੀ ਟੀਮ ਤੁਰੰਤ ਆਪਣੀਆਂ ਗੱਡੀਆਂ 'ਚੋਂ ਨਿਕਲੇ ਅਤੇ ਅਜੇ ਦੀ ਗੱਡੀ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਪੁਲਸ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐੈੱਸ. ਆਈ. ਵਿਜੇ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਅਜੇ ਦੀ ਗੱਡੀ ਦੇ ਟਾਇਰ 'ਤੇ ਗੋਲੀ ਮਾਰ ਦਿੱਤੀ। ਜਿਵੇਂ ਹੀ ਗੱਡੀ ਰੁਕੀ ਤਾਂ ਹਰਿਆਣਾ ਪੁਲਸ ਨੇ ਅਜੇ ਅਤੇ ਉਸ ਦੇ ਸਾਥੀ ਕਰਮਜੀਤ ਸਿੰਘ ਨੂੰ ਕਾਬੂ ਕਰ ਲਿਆ। ਭੀੜ ਵਾਲੇ ਇਲਾਕੇ 'ਚ ਗੋਲੀ ਚੱਲਣ ਤੋਂ ਬਾਅਦ ਹੜਕੰਪ ਮਚ ਗਿਆ। ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਇਨਵੈਸਟੀਗੇਸ਼ਨ ਕੰਵਲਜੀਤ ਸਿੰਘ, ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਥਾਣਾ ਤਿੰਨ ਦੇ ਇੰਚਾਰਜ ਰੁਪਿੰਦਰ ਸਿੰਘ ਅਤੇ ਸੀ. ਆਈ. ਏ. ਸਟਾਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੁਲਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਸਾਰਾ ਮਾਮਲਾ ਕਲੀਅਰ ਹੋਣ 'ਤੇ ਗ੍ਰਿਫਤਾਰ ਕੀਤੇ ਅਜੇ ਅਤੇ ਕਰਮਜੀਤ ਸਿੰਘ ਨੂੰ ਥਾਣਾ 3 ਵਿਖੇ ਭੇਜ ਦਿੱਤਾ ਗਿਆ ਜਦੋਂਕਿ ਹਰਿਆਣਾ ਪੁਲਸ ਦੀ ਟੀਮ ਨੂੰ ਵੀ ਥਾਣੇ ਲਿਆਂਦਾ ਗਿਆ। ਮੌਕੇ 'ਤੇ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਚੁੱਕੀ ਹੈ।

PunjabKesari

ਦੋਸ਼ੀਆਂ ਤੋਂ ਮਿਲੀ ਗੱਡੀ ਦੀ ਵੀ ਹੋ ਰਹੀ ਹੈ ਜਾਂਚ
ਉਥੇ ਅਪਰਾਧੀਆਂ ਤੋਂ ਬਰਾਮਦ ਹੋਈ ਗੱਡੀ (ਸੀ. ਐੈੱਚ.01 ਸੀ 6399) ਦੀ ਵੀ ਜਾਂਚ ਚੱਲ ਰਹੀ ਹੈ ਕਿ ਉਹ ਚੋਰੀ ਕੀਤੀ ਹੈ ਜਾਂ ਫਿਰ ਅਜੇ ਦੀ ਖੁਦ ਦੀ ਹੈ। ਓਧਰ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਜਲੰਧਰ 'ਚ ਦਾਖਲ ਹੋਣ ਜਾਂ ਫਿਰ ਇਨ੍ਹਾਂ ਅਪਰਾਧੀਆਂ ਨੂੰ ਫੜਨ ਤੋਂ ਪਹਿਲਾਂ ਹਰਿਆਣਾ ਪੁਲਸ ਨੇ ਜਲੰਧਰ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਸੀ। ਦੇਰ ਸ਼ਾਮ ਹਰਿਆਣਾ ਪੁਲਸ ਗ੍ਰਿਫਤਾਰ ਕੀਤੇ ਦੋਵੇਂ ਅਪਰਾਧੀਆਂ ਨੂੰ ਨਾਲ ਲੈ ਕੇ ਰਵਾਨਾ ਹੋ ਗਈ।

ਜਲੰਧਰ 'ਚ ਰਹਿ ਰਿਹਾ ਸੀ ਹਰਿਆਣੇ ਦਾ ਕ੍ਰਿਮੀਨਲ, ਪੁਲਸ ਸੀ ਬੇਖਬਰ
ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਲੰਧਰ 'ਚ ਬਾਹਰੀ ਇਲਾਕਿਆਂ ਦੇ ਕ੍ਰਿਮੀਨਲ ਆ ਕੇ ਰਹਿ ਰਹੇ ਸਨ ਅਤੇ ਜਲੰਧਰ ਪੁਲਸ ਨੂੰ ਭਿਣਕ ਤੱਕ ਨਹੀਂ ਲੱਗੀ। ਹਰਿਆਣਾ ਪੁਲਸ ਦੀ ਮੰਨੀਏ ਤਾਂ ਅਜੇ ਕਾਫੀ ਸਮੇਂ ਤੋਂ ਪਠਾਨਕੋਟ ਰੋਡ 'ਤੇ ਰਹਿੰਦੇ ਆਪਣੇ ਸਾਥੀ ਕਰਮਜੀਤ ਸਿੰਘ ਦੇ ਘਰ 'ਚ ਰਹਿ ਰਿਹਾ ਸੀ। ਸ਼ਹਿਰ 'ਚ ਉਹ ਸ਼ਰੇਆਮ ਘੁੰਮਦਾ ਸੀ। ਹਰਿਆਣਾ ਪੁਲਸ ਨੇ ਕਰਮਜੀਤ ਸਿੰਘ ਨੂੰ ਇਸੇ ਦੋਸ਼ 'ਚ ਗ੍ਰਿਫਤਾਰ ਕੀਤਾ ਕਿ ਉਸ ਨੇ ਆਪਣੇ ਘਰ 'ਚ ਮੁਲਜ਼ਮ ਅਜੇ ਨੂੰ ਪਨਾਹ ਦਿੱਤੀ ਹੋਈ ਸੀ। ਇਸ ਵਾਰ ਫਿਰ ਜਲੰਧਰ ਪੁਲਸ ਦੀ ਕਿਰਕਿਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਨਿੱਜੀ ਇੰਸਟੀਚਿਊਟ ਦੇ ਵਿਦਿਆਰਥੀ ਅੰਮ੍ਰਿਤਸਰ ਦੇ ਮਾਨਾਂਵਾਲਾ ਇਲਾਕੇ ਤੋਂ ਏ. ਕੇ. 56 ਅਤੇ ਧਮਾਕੇਦਾਰ ਪਦਾਰਥ ਜਲੰਧਰ ਲੈ ਕੇ ਆਏ ਸਨ ਅਤੇ ਇੰਸਟੀਚਿਊਟ 'ਚ ਲੁਕਾ ਕੇ ਰੱਖੇ ਹੋਏ ਸਨ, ਜਿਸ ਦਾ ਖੁਲਾਸਾ ਜੇ. ਐੈਂਡ ਕੇ. ਪੁਲਸ ਵੱਲੋਂ ਇਨਪੁਟ ਮਿਲਣ ਤੋਂ ਹੋਇਆ ਸੀ।

PunjabKesari

ਮੁਲਜ਼ਮਾਂ ਨੂੰ ਕਾਬੂ ਕਰਕੇ ਜਲੰਧਰ ਪੁਲਸ ਨੂੰ ਸੂਚਨਾ ਦਿੱਤੀ : ਸੀ. ਆਈ. ਏ. ਇੰਚਾਰਜ, ਕੈਥਲ
ਜਲੰਧਰ ਪੁਲਸ ਨੂੰ ਬਿਨਾਂ ਸੂਚਨਾ ਦਿੱਤੇ ਰੇਡ ਕਰਨ ਦੇ ਸਬੰਧ 'ਚ ਜਦੋਂ ਕੈਥਲ ਪੁਲਸ ਦੇ ਸੀ. ਆਈ. ਏ. ਸਟਾਫ ਦੇ ਇੰਚਾਰਜ ਅਨੂਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੀ ਟੀਮ ਨੇ ਹੀ ਲੋਕਲ ਪੁਲਸ ਨੂੰ ਸੂਚਨਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਲਗਾਤਾਰ ਗੱਡੀ ਨੂੰ ਟ੍ਰੈਪ ਕਰਦੇ ਹੋਏ ਮੁਲਜ਼ਮਾਂ ਦੀ ਗੱਡੀ ਦਾ ਪਿੱਛਾ ਕਰ ਰਹੀ ਸੀ, ਜਿਸ ਕਾਰਨ ਰਾਹ 'ਚ ਕਾਲ ਨਹੀਂ ਹੋ ਪਾਈ। ਉਨ੍ਹਾਂ ਕਿਹਾ ਕਿ ਜੇਕਰ ਥੋੜ੍ਹੀ ਜਿਹੀ ਵੀ ਦੇਰੀ ਹੋ ਜਾਂਦੀ ਹੈ 2-3 ਹੱਤਿਆਵਾਂ ਅਤੇ ਡਕੈਤੀ ਦੇ ਕੇਸਾਂ 'ਚ ਨਾਮਜ਼ਦ ਅਜੇ ਵਰਗਾ ਦੋਸ਼ੀ ਉਨ੍ਹਾਂ ਦੇ ਹੱਥੋਂ ਨਿਕਲ ਜਾਂਦਾ।

PunjabKesari

ਗੋਲੀ ਚਲਾ ਕੇ ਨੌਜਵਾਨਾਂ ਨੂੰ ਕਿਡਨੈਪ ਕਰਨ ਦੀ ਉੱਡੀ ਅਫਵਾਹ
ਜਿਵੇਂ ਹੀ ਮੋਬਾਇਲ ਹਾਊਸ ਦੇ ਬਾਹਰ ਗੋਲੀ ਚੱਲੀ ਅਤੇ ਗੱਡੀ 'ਚ ਸਵਾਰ ਨੌਜਵਾਨਾਂ ਨੂੰ ਫਿਲਮੀ ਅੰਦਾਜ਼ 'ਚ ਪੁਲਸ ਨੇ ਆਪਣੀ ਗੱਡੀ ਦੇ ਅੰਦਰ ਬਿਠਾਇਆ ਤਾਂ ਇਹ ਸਭ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਨੇ ਇਲਾਕੇ 'ਚ ਫਾਇਰਿੰਗ ਤੋਂ ਬਾਅਦ ਕਿਡਨੈਪਿੰਗ ਹੋਣ ਦੀਆਂ ਅਫਵਾਹਾਂ ਫੈਲਾਅ ਦਿੱਤੀਆਂ। ਪੁਲਸ ਕੋਲ ਵੀ ਅਜਿਹੀ ਹੀ ਸੂਚਨਾ ਪਹੁੰਚੀ ਜਿਸ ਤੋਂ ਬਾਅਦ ਜਲੰਧਰ ਪੁਲਸ ਦੇ ਹੱਥ-ਪੈਰ ਫੁੱਲ ਗਏ ਹਾਲਾਂਕਿ ਮੌਕੇ 'ਤੇ ਆ ਕੇ ਸਾਰੀ ਗੱਲ ਕਲੀਅਰ ਹੋ ਗਈ।


shivani attri

Content Editor

Related News