ਸੁੱਤੇ ਪਏ ਨੌਜਵਾਨ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਾਰੀ ਗੋਲੀ

06/06/2020 11:47:19 AM

ਹੁਸ਼ਿਆਰਪੁਰ/ਮਾਹਿਲਪੁਰ (ਜਸਵੀਰ, ਮਿਸ਼ਰਾ)— ਕਸਬਾ ਮਾਹਿਲਪੁਰ ਦੇ ਵਾਰਡ ਨੰ. 8 'ਚ ਕੁਝ ਮੋਟਰਸਾਈਕਲ ਸਵਾਰਾਂ ਨੇ ਘਰ 'ਚ ਸੌਂ ਰਹੇ ਨੌਜਵਾਨ 'ਤੇ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਬਾਅਦ 'ਚ ਮਾਰੀ ਗੋਲੀ ਨਾਲ ਮੁਹੱਲੇ ਦੇ ਲੋਕ ਇਕੱਠੇ ਹੋਣ 'ਤੇ ਹਮਲਾਵਰ ਦੌੜ ਗਏ। ਜਦਕਿ ਪਰਿਵਾਰ ਵਾਲਿਆਂ ਵੱਲੋਂ ਜ਼ਖਮੀ ਨੌਜਵਾਨ ਨੂੰ ਪਹਿਲਾਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ।

PunjabKesari

ਥਾਣਾ ਮੁਖੀ ਮਾਹਿਲਪੁਰ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਇਸ ਘਟਨਾ ਦੀ ਸੂਚਨਾ ਮਿਲੀ 'ਤੇ ਉਹ ਆਪਣੀ ਪੁਲਸ ਪਾਰਟੀ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਜ਼ਖਮੀ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਧਰ ਜ਼ਖਮੀ ਹਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਘਰ 'ਚ ਕਰੀਬ ਤਿੰਨ ਵਜੇ ਕਮਰੇ 'ਚ ਸੌਂ ਰਿਹਾ ਸੀ। ਅਚਾਨਕ ਮੋਟਰਸਾਈਕਲਾਂ 'ਤੇ 10 ਦੇ ਕਰੀਬ ਨੌਜਵਾਨ ਆਏ ਅਤੇ ਉਨ੍ਹਾਂ ਦੇ ਬੇਟੇ 'ਤੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਬਾਅਦ 'ਚ ਉਸ ਦੀ ਵੱਖੀ 'ਚ ਗੋਲੀ ਮਾਰ ਦਿੱਤੀ।

ਮੁਹੱਲੇ ਦੇ ਲੋਕ ਰੌਲਾ ਸੁਣ ਕੇ ਜਦੋਂ ਇਕੱਠੇ ਹੋਏ ਤਦ ਤੱਕ ਹਮਲਾਵਰ ਦੌੜ ਚੁੱਕੇ ਸਨ। ਉਹ ਆਪਣੇ ਬੇਟੇ ਨੂੰ ਇਲਾਜ ਲਈ ਮਾਹਿਲਪੁਰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਬੇਟੇ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਹੁਸ਼ਿਆਰਪੁਰ ਭੇਜ ਦਿੱਤਾ।


shivani attri

Content Editor

Related News