ਗੁਜਰਾਤ ਕਾਂਗਰਸ ਵੀ ਪੰਜਾਬ ਦੇ ਪਾਏ ਪੂਰਨਿਆਂ ''ਤੇ ਲੱਗੀ ਤੁਰਨ

09/24/2017 9:42:29 AM

ਜਲੰਧਰ (ਧਵਨ)—ਕੇਂਦਰੀ ਚੋਣ ਕਮਿਸ਼ਨ ਨੇ ਅਜੇ ਗੁਜਰਾਤ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਮਿਤੀਆਂ ਦਾ ਐਲਾਨ ਨਹੀਂ ਕੀਤਾ ਹੈ ਪਰ ਗੁਜਰਾਤ ਕਾਂਗਰਸ ਵੀ ਪੰਜਾਬ ਕਾਂਗਰਸ ਵਲੋਂ ਪਾਏ ਹੋਏ ਪੂਰਨਿਆਂ 'ਤੇ ਤੁਰਦੀ ਨਜ਼ਰ ਆ ਰਹੀ ਹੈ। ਗੁਜਰਾਤ ਦੀ ਸੂਬਾਈ ਕਾਂਗਰਸ ਇਕਾਈ ਨੇ ਵੋਟਰਾਂ ਨੂੰ ਲੁਭਾਉਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਸਮਾਰਟ ਫੋਨ ਅਤੇ 4000 ਰੁਪਏ ਮਾਸਿਕ ਬੇਰੁਜ਼ਗਾਰੀ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਗੁਜਰਾਤ 'ਚ ਕਾਂਗਰਸ ਪਿਛਲੇ 19 ਸਾਲ ਤੋਂ ਸੱਤਾ ਤੋਂ ਬਾਹਰ ਹੈ। ਸੂਬੇ 'ਚ ਕਾਂਗਰਸ ਨੇ 12ਵੀਂ ਪਾਸ ਬੇਰੁਜ਼ਗਾਰ ਨੂੰ 3000 ਰੁਪਏ, ਗ੍ਰੈਜੂਏਟਾਂ ਨੂੰ 3500 ਰੁਪਏ ਅਤੇ ਪੋਸਟ ਗ੍ਰੈਜੂਏਟਾਂ ਨੂੰ 4000 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦੀ ਯੋਜਨਾ ਤਿਆਰ ਕੀਤੀ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਤਕਨੀਕੀ ਪੱਖੋਂ ਅਪਗ੍ਰੇਡ ਕਰਨ ਲਈ ਉਨ੍ਹਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਨੇ ਅਨੁਮਾਨ ਲਾਇਆ ਹੈ ਕਿ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਦੇਣ ਨਾਲ ਸੂਬੇ ਦੇ ਖਜ਼ਾਨੇ 'ਤੇ ਵਧੇਰੇ ਭਾਰ ਨਹੀਂ ਪਏਗਾ। ਇਸ ਨਾਲ 6000 ਰੁਪਏ ਤੋਂ 8000 ਕਰੋੜ ਰੁਪਏ ਤਕ ਦਾ ਹੀ ਭਾਰ ਪਏਗਾ। 
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਜਿਸਟਰਡ ਹੋਣ ਵਾਲੇ ਨੌਜਵਾਨਾਂ ਨੂੰ ਸਮਾਰਟ ਫੋਨ ਅਤੇ ਤਿੰਨ ਸਾਲ ਲਈ ਡਾਟਾ ਮੁਫਤ ਦੇਣ ਦਾ ਐਲਾਨ ਕੀਤਾ ਸੀ। ਇਸ ਮੰਤਵ ਲਈ ਚਾਲੂ ਬਜਟ 'ਚ 10 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ ਪਰ ਅਗਲੇ ਸਾਲ ਤੋਂ ਇਸ 'ਚ ਵਾਧਾ ਕੀਤੇ ਜਾਣ ਦੀ ਯੋਜਨਾ ਹੈ। ਪੰਜਾਬ ਸਰਕਾਰ ਜਲਦੀ ਹੀ ਸਮਾਰਟ ਫੋਨ ਲਈ ਗਲੋਬਲ ਟੈਂਡਰ ਸੱਦਣ ਵਾਲੀ ਹੈ।
ਪੰਜਾਬ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਇਸੇ ਤਰਜ਼ 'ਤੇ ਗੁਜਰਾਤ 'ਚ ਵੀ ਕਾਂਗਰਸ ਵਲੋਂ ਵੋਟਰਾਂ ਨਾਲ ਵਾਅਦੇ ਕੀਤੇ ਜਾ ਰਹੇ ਹਨ।
ਗੁਜਰਾਤ ਲਈ ਕਾਂਗਰਸ ਦੇ ਇੰਚਾਰਜ ਅਸ਼ੋਕ ਗਹਿਲੋਤ ਨੇ ਸੰਕੇਤ ਦਿੱਤਾ ਹੈ ਕਿ ਜਿਹੜਾ ਕਾਂਗਰਸੀ ਨੇਤਾ ਲਗਾਤਾਰ ਦੋ ਵਾਰ ਚੋਣ ਹਾਰ ਚੁੱਕਾ ਹੈ, ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਜਾਵੇਗੀ। ਜਿਹੜੇ ਕਾਂਗਰਸੀ ਨੇਤਾ 2000 ਵੋਟਾਂ ਦੇ ਫਰਕ ਨਾਲ ਹਾਰਦੇ ਰਹੇ ਹਨ, ਨੂੰ ਵੀ ਬਦਲ ਦਿੱਤਾ ਜਾਵੇਗਾ।


Related News