ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ

Monday, Aug 31, 2020 - 04:43 PM (IST)

ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਪਰਤਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੋਂ ਆਉਣ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇੱਥੇ ਜਾਰੀ ਇੱਕ ਪ੍ਰੈਸ ਬਿਆਨ 'ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਯਾਤਰਾ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਨਿਰਧਾਰਿਤ ਯਾਤਰਾ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ (www.newdelhiairport.in) 'ਤੇ ਸਵੈ-ਘੋਸ਼ਣਾ ਪੱਤਰ ਜਮ੍ਹਾ ਕਰਨਾ ਹੋਵੇਗਾ। ਉਨ੍ਹਾਂ ਨੂੰ ਪੋਰਟਲ 'ਤੇ ਇਹ ਸਵੈ-ਘੋਸ਼ਣਾ ਵੀ ਦੇਣੀ ਹੋਵੇਗੀ ਕਿ ਉਹ 14 ਦਿਨਾਂ ਦੇ ਲਾਜ਼ਮੀ ਇਕਾਂਤਵਾਸ ਦੀ ਪਾਲਣਾ ਕਰਨਗੇ । ਮੰਤਰੀ ਨੇ ਸਪੱਸ਼ਟ ਕੀਤਾ ਕਿ ਹੁਣ ਯਾਤਰੀ ਘਰੇਲੂ ਇਕਾਂਤਵਾਸ ਲਈ ਸਿੱਧੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ ਜਿਸ ਅਧੀਨ ਸਿਰਫ਼ ਮਾਨਸਿਕ ਪ੍ਰੇਸ਼ਾਨੀ ਦੇ ਠੋਸ ਕਾਰਨਾਂ/ਕੇਸਾਂ ਜਿਵੇਂ ਕਿ ਗਰਭ ਅਵਸਥਾ, ਪਰਿਵਾਰ 'ਚ ਮੌਤ ਹੋਣ, ਗੰਭੀਰ ਬੀਮਾਰੀ ਅਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਲਈ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਇਜਾਜ਼ਤ ਹੋਵੇਗੀ। ਜੇ ਉਹ ਇਸ ਤਰ੍ਹਾਂ ਦੀ ਛੋਟ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਯਾਤਰਾ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ (www.newdelhiairport.in) 'ਤੇ ਬਿਨੈ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯਾਤਰੀ ਪੋਰਟਲ 'ਤੇ ਕੋਵਿਡ-19 ਦੀ ਟੈਸਟ ਰਿਪੋਰਟ ਜਮ੍ਹਾ ਕਰਵਾ ਸਕਦੇ ਹਨ ਅਤੇ ਇੱਥੇ ਪਹੁੰਚਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੋਡਲ ਅਧਿਕਾਰੀ ਨੂੰ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਸਰਕਾਰ ਵਲੋਂ ਆਨਲਾਈਨ ਪੋਰਟਲ 'ਤੇ ਦਿੱਤਾ ਗਿਆ ਫੈਸਲਾ ਅੰਤਿਮ ਹੋਵੇਗਾ। ਉਨ੍ਹਾਂ ਕਿਹਾ ਕਿ ਯਾਤਰੀ ਆਰ. ਟੀ. ਪੀ. ਸੀ. ਆਰ. ਦੀ ਨੈਗੇਟਿਵ ਟੈਸਟ ਰਿਪੋਰਟ ਨੂੰ ਜਮ੍ਹਾ ਕਰਵਾ ਕੇ ਸੰਸਥਾਗਤ ਇਕਾਂਤਵਾਸ ਦੀ ਛੋਟ ਲੈ ਸਕਦੇ ਹਨ। ਇਹ ਟੈਸਟ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 96 ਘੰਟਿਆਂ ਦੌਰਾਨ ਕੀਤਾ ਜਾਣਾ ਚਾਹੀਦਾ ਹੈ। ਟੈਸਟ ਦੀ ਰਿਪੋਰਟ ਵਿਚਾਰਨ ਲਈ ਪੋਰਟਲ 'ਤੇ ਅਪਲੋਡ ਕੀਤੀ ਜਾਵੇ। ਸਿੱਧੂ ਨੇ ਅੱਗੇ ਕਿਹਾ ਕਿ ਹਰੇਕ ਯਾਤਰੀ ਰਿਪੋਰਟ ਦੀ ਪ੍ਰਮਾਣਿਕਤਾ ਦੇ ਸਬੰਧ 'ਚ ਸਵੈ-ਘੋਸ਼ਣਾ ਵੀ ਜਮ੍ਹਾ ਕਰੇਗਾ ਅਤੇ ਜਾਣਕਾਰੀ ਗਲਤ ਪਾਏ ਜਾਣ 'ਤੇ ਕਾਰਵਾਈ ਲਈ ਜ਼ਿੰਮੇਵਾਰ ਹੋਵੇਗਾ। ਟੈਸਟ ਰਿਪੋਰਟ ਭਾਰਤ 'ਚ ਦਾਖ਼ਲ ਹੋਣ ਮੌਕੇ ਹਵਾਈ ਅੱਡੇ 'ਤੇ ਵੀ ਵਿਖਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਵਣ ਨਿਗਮ 'ਚ ਪ੍ਰਮੋਸ਼ਨ ਗੜਬੜੀ, ਉਛਲਿਆ ਸਾਧੂ ਸਿੰਘ ਧਰਮਸੋਤ ਦਾ ਨਾਂ

ਟੈਸਟ ਹੋਣ ਤੋਂ ਬਾਅਦ ਯਾਤਰੀਆਂ ਨੂੰ ਸਵਾਰ ਹੋਣ ਦੀ ਇਜਾਜ਼ਤ
ਉਨ੍ਹਾਂ ਅੱਗੇ ਕਿਹਾ ਕਿ ਯਾਤਰਾ ਤੋਂ ਪਹਿਲਾਂ, ਯਾਤਰੀਆਂ ਨੂੰ ਸਬੰਧਤ ਏਜੰਸੀਆਂ ਦੁਆਰਾ ਟਿਕਟ ਦੇ ਨਾਲ-ਨਾਲ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਸਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ। ਸਾਰੇ ਯਾਤਰੀਆਂ ਨੂੰ ਆਪਣੀ ਮੋਬਾਇਲ ਡਿਵਾਇਜ਼ 'ਤੇ 'ਅਰੋਗਿਆ ਸੇਤੂ ਐਪ' ਡਾਊਨਲੋਡ ਕਰਨ ਅਤੇ ਹਵਾਈ ਜਹਾਜ਼/ਸਮੁੰਦਰੀ ਜਹਾਜ਼ ਵਿਚ ਸਵਾਰ ਹੋਣ ਸਮੇਂ ਥਰਮਲ ਸਕਰੀਨਿੰਗ ਤੋਂ ਬਾਅਦ ਸਿਰਫ ਲੱਛਣ ਨਾ ਪਾਏ ਜਾਣ ਵਾਲੇ ਯਾਤਰੀਆਂ ਨੂੰ ਸਵਾਰ ਹੋਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਹਿਦਾਇਤਾਂ ਅਨੁਸਾਰ ਜ਼ਮੀਨੀ ਰਸਤੇ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ ਵੀ ਉਕਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਹੋਵਗੀ ਅਤੇ ਸਿਰਫ਼ ਲੱਛਣ ਨਾ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਭਾਰਤ 'ਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਵਾਈ ਅੱਡਿਆਂ 'ਤੇ ਵਾਤਾਵਰਣ ਦੀ ਸਵੱਛਤਾ ਅਤੇ ਡਿਸਇਨਫੈਕਸ਼ਨ ਜਿਹੇ ਢੁੱਕਵੇਂ ਇਹਤਿਆਤ ਯਕੀਨੀ ਬਣਾਏ ਜਾਣਗੇ।

ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ
ਮੰਤਰੀ ਨੇ ਕਿਹਾ ਕਿ ਯਾਤਰਾ ਲਈ ਸਵਾਰ ਹੋਣ ਮੌਕੇ ਹਵਾਈ ਅੱਡਿਆਂ 'ਤੇ ਇੱਕ-ਦੂਜੇ ਤੋਂ ਸਮਾਜਿਕ ਦੂਰੀ ਯਕੀਨੀ ਬਣਾਉਣ ਸਬੰਧੀ ਹਰ ਸੰਭਵ ਉਪਾਅ ਯਕੀਨੀ ਬਣਾਏ ਜਾਣਗੇ। ਯਾਤਰਾ ਦੌਰਾਨ, ਜਿਨ੍ਹਾਂ ਯਾਤਰੀਆਂ ਨੇ ਪੋਰਟਲ 'ਤੇ ਸਵੈ-ਘੋਸ਼ਣਾ ਪੱਤਰ ਨਹੀਂ ਭਰਿਆ, ਨੂੰ ਹਵਾਈ ਜਹਾਜ਼/ਸਮੁੰਦਰੀ ਜਹਾਜ਼ 'ਚ ਸਵਾਰ ਹੋਣ ਤੋਂ ਬਾਅਦ ਉਕਤ ਫਾਰਮ ਭਰਨਾ ਹੋਵੇਗਾ ਅਤੇ ਇਸ ਦੀ ਇਕ ਕਾਪੀ ਹਵਾਈ ਅੱਡੇ/ ਬੰਦਰਗਾਹ/ ਲੈਂਡਪੋਰਟ 'ਤੇ ਮੌਜੂਦ ਸਿਹਤ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਵਿਕਲਪ ਦੇ ਤੌਰ 'ਤੇ ਅਜਿਹੇ ਯਾਤਰੀ ਸਹੂਲਤ ਉਪਲੱਬਧ ਹੋਣ 'ਤੇ ਸਬੰਧਤ ਅਥਾਰਟੀਆਂ ਦੇ ਨਿਰਦੇਸ਼ਾਂ ਅਨੁਸਾਰ ਹਵਾਈ ਅੱਡੇ/ ਬੰਦਰਗਾਹ/ ਲੈਂਡਪੋਰਟ 'ਤੇ ਆਉਣ ਤੋਂ ਬਾਅਦ ਪੋਰਟਲ 'ਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ/ ਪੋਰਟ ਅਤੇ ਹਵਾਈ ਜਹਾਜ਼ਾਂ/ਸਮੁੰਦਰੀ ਜ਼ਹਾਜ਼ਾਂ 'ਚ ਅਤੇ ਯਾਤਰਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਮੇਤ ਕੋਵਿਡ -19 ਸਬੰਧੀ ਜ਼ਰੂਰੀ ਘੋਸ਼ਣਾ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹਵਾਈ ਜਹਾਜ਼/ਸਮੁੰਦਰੀ ਜਹਾਜ਼ 'ਚ ਸਵਾਰ ਹੋਣ ਸਮੇਂ ਏਅਰਲਾਈਨ/ਸਮੁੰਦਰੀ ਜਹਾਜ਼ ਦੇ ਸਟਾਫ਼ ਅਤੇ ਯਾਤਰੀਆਂ ਵੱਲੋਂ ਮਾਸਕ ਪਹਿਨਣ, ਸਾਫ਼-ਸਫ਼ਾਈ ਅਤੇ ਹੱਥਾਂ ਦੀ ਸਫ਼ਾਈ ਆਦਿ ਦੀ ਪਾਲਣਾ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਹਵਾਈ ਅੱਡੇ/ ਸਮੁੰਦਰੀ ਬੰਦਰਗਾਹ/ ਲੈਂਡਪੋਰਟ ਵਿਖੇ ਮੌਜੂਦ ਸਿਹਤ ਅਧਿਕਾਰੀਆਂ ਵਲੋਂ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਵਿਖੇ ਤੈਨਾਤ ਸਿਹਤ ਕਰਮਚਾਰੀਆਂ ਨੂੰ ਆਨਲਾਈਨ ਭਰਿਆ ਗਿਆ ਸਵੈ-ਘੋਸ਼ਣਾ ਪੱਤਰ (ਜਾਂ ਫਿਜ਼ੀਕਲ ਸਵੈ-ਘੋਸ਼ਣਾ ਪੱਤਰ ਦੀ ਇਕ ਕਾਪੀ ਜਮ੍ਹਾ ਕਰਾਉਣੀ ਹੋਵੇਗੀ) ਵਿਖਾਉਣਾ ਹੋਵੇਗਾ। ਸਕਰੀਨਿੰਗ ਦੌਰਾਨ ਲੱਛਣ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਤੁਰੰਤ ਇਕਾਂਤਵਾਸ ਕੀਤਾ ਜਾਵੇਗਾ ਅਤੇ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਸਿਹਤ ਸੰਸਥਾ ਵਿੱਚ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਕਬੱਡੀ ਖਿਡਾਰੀ ਦਾ ਕਤਲ, 5 ਪੁਲਸ ਮੁਲਾਜ਼ਮਾਂ ਸਮੇਤ 6 ਨਾਮਜ਼ਦ

ਉਨ੍ਹਾਂ ਕਿਹਾ ਕਿ ਥਰਮਲ ਸਕਰੀਨਿੰਗ ਤੋਂ ਬਾਅਦ ਜਿਨ੍ਹਾਂ ਯਾਤਰੀਆਂ ਨੂੰ ਸੰਸਥਾਗਤ ਕੁਆਰੰਟਾਈਨ ਤੋਂ ਛੋਟ ਦਿੱਤੀ ਗਈ ਹੈ (ਜਿਵੇਂ ਆਨਲਾਈਨ ਪੋਰਟਲ 'ਤੇ ਪਹਿਲਾਂ ਹੀ ਦਰਸਾਇਆ ਗਿਆ ਹੋਵੇ) ਨੂੰ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਸਬੰਧਤ ਅਥਾਰਟੀਆਂ ਨੂੰ ਫੋਨ/ਸੰਚਾਰ ਦੇ ਕਿਸੇ ਹੋਰ ਮਾਧਿਆਮ ਰਾਹੀਂ ਸੂਚਿਤ ਕਰਨਾ ਹੋਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਬਾਕੀ ਯਾਤਰੀਆਂ ਨੂੰ ਸੰਸਥਾਗਤ ਕੁਆਰੰਟਾਈਨ ਸਹੂਲਤਾਂ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਦੀ ਜਾਂਚ https://www.mohfw.gov.in/pdf/Revisedtestingguidelines.pdf 'ਤੇ ਉਪਲਬਧ ਆਈ. ਸੀ. ਐੱਮ. ਆਰ. ਪ੍ਰੋਟੋਕੋਲ ਦੇ ਅਨੁਸਾਰ ਕੀਤੀ ਜਾਏਗੀ ਅਤੇ ਜੇ ਉਹ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਡਾਕਟਰੀ ਜਾਂਚ ਕੀਤੀ ਜਾਵੇਗੀ। ਜੇ ਉਨ੍ਹਾਂ ਵਿੱਚ ਲੱਛਣ ਨਹੀਂ ਪਾਏ ਜਾਂਦੇ ਜਾਂ ਬਹੁਤ ਘੱਟ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਜਿਵੇਂ ਉੱਚਿਤ ਲੱਗੇ ਕੋਵਿਡ ਜਾਂ ਘਰੇਲੂ ਇਕਾਂਤਵਾਸ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿਨ੍ਹਾਂ ਯਾਤਰੀਆਂ ਵਿੱਚ ਹਲਕੇ/ ਦਰਮਿਆਨੇ/ ਗੰਭੀਰ ਲੱਛਣ ਪਾਏ ਜਾਂਦੇ ਹਨ, ਉਨ੍ਹਾਂ ਨੂੰ ਸਮਰਪਿਤ ਸਿਹਤ ਸਹੂਲਤਾਂ ਵਿੱਚ ਦਾਖ਼ਲ ਕੀਤਾ ਜਾਵੇਗਾ ਅਤੇ ਦਿੱਤੇ ਪ੍ਰੋਟੋਕੋਲ ਅਨੁਸਾਰ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਜੋ ਯਾਤਰੀ ਨੈਗੇਟਿਵ ਪਾਏ ਜਾਂਦੇ ਹਨ ਉਨ੍ਹਾਂ ਨੂੰ ਖੁਦ ਨੂੰ ਘਰੇਲੂ ਇਕਾਂਤਵਾਸ ਅਤੇ 7 ਦਿਨਾਂ ਤੱਕ ਆਪਣੀ ਸਿਹਤ ਦੀ ਸਵੈ-ਨਿਗਰਾਨੀ ਦੀ ਸਲਾਹ ਦਿੱਤੀ ਜਾਏਗੀ। ਕਿਸੇ ਵੀ ਤਰ੍ਹਾਂ ਦੇ ਲੱਛਣ ਵਿਖਾਈ ਦੇਣ 'ਤੇ ਉਨ੍ਹਾਂ ਨੂੰ ਜ਼ਿਲ੍ਹਾ ਨਿਗਰਾਨ ਅਧਿਕਾਰੀ ਜਾਂ ਸਟੇਟ/ਨੈਸ਼ਨਲ ਕਾਲ ਸੈਂਟਰ (104/1075) 'ਤੇ ਸੂਚਿਤ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦਾ ਵੱਡਾ ਐਲਾਨ, 'ਕੋਰੋਨਾ' ਮਰੀਜ਼ਾਂ ਦਾ ਨਿੱਜੀ ਹਸਪਤਾਲਾਂ 'ਚ ਹੋਵੇਗਾ ਮੁਫ਼ਤ ਇਲਾਜ


author

Anuradha

Content Editor

Related News