ਜਲੰਧਰ ਦੇ ਇਕ ਮਸ਼ਹੂਰ ਰੈਸਟੋਰੈਂਟ ''ਚ ਜੀ. ਐੱਸ. ਟੀ. ਦੀ ਰੇਡ

12/10/2019 1:42:14 AM

ਜਲੰਧਰ, (ਬੁਲੰਦ)— ਸਥਾਨਕ ਸਰਕਟ ਹਾਊਸ ਦੇ ਸਾਹਮਣੇ ਬਣੇ 'ਡਿਲੀਵਰ ਮਾਈ ਡਾਈਟ' ਰੈਸਟੋਰੈਂਟ 'ਚ ਸੋਮਵਾਰ ਦੁਪਹਿਰ ਜੀ. ਐੱਸ. ਟੀ.ਵਿਭਾਗ ਦੇ ਮੋਬਾਇਲ ਵਿੰਗ ਵਲੋਂ ਛਾਪੇਮਾਰੀ ਕੀਤੀ ਗਈ। ਇਸ ਮੌਕੇ 'ਤੇ ਜੀ. ਐੱਸ. ਟੀ. ਕਰਮਚਾਰੀਆਂ ਨੇ 3 ਗੱਡੀਆਂ 'ਚ ਆ ਕੇ ਰੈਸਟੋਰੈਂਟ 'ਚ ਛਾਪਾ ਮਾਰਿਆ।
ਇਸ ਬਾਰੇ ਜਾਣਕਾਰੀ ਦਿੰਦੇ ਵਿਭਾਗ ਦੇ ਜੁਆਇੰਟ ਡਾਇਰੈਕਟਰ ਵੀ. ਕੇ.ਵਿਰਦੀ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਰੈਸਟੋਰੈਂਟ ਵਲੋਂ 90 ਫੀਸਦੀ ਕੰਮ ਆਨਲਾਈਨ ਢੰਗ ਨਾਲ ਹੁੰਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਗੁਪਤ ਤਰੀਕੇ ਨਾਲ ਰੈਸਟੋਰੈਂਟ ਦਾ ਰਿਕਾਰਡ ਇਕੱਠਾ ਕੀਤਾ ਹੈ । ਉਨ੍ਹਾਂ ਦੱਸਿਆ ਕਿ ਰੇਡ ਦੁਪਹਿਰ 3 ਵਜੇ ਤੋਂ ਰਾਤ 8 ਵਜੇ ਤੱਕ ਜਾਰੀ ਰਹੀ।

ਜ਼ਬਤ ਕੀਤਾ ਆਨਲਾਈਨ ਤੇ ਮੈਨੁਅਲ ਰਿਕਾਰਡ
ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਰੇਡ ਦੌਰਾਨ ਉਨ੍ਹਾਂ ਨੂੰ ਰੈਸਟੋਰੈਂਟ ਦਾ ਆਨਲਾਈਨ ਰਿਕਾਰਡ ਕੰਪਿਊਟਰ 'ਤੇ ਜ਼ਬਤ ਕੀਤਾ ਅਤੇ ਕਈ ਰਜਿਸਟਰ ਮੈਨੁਅਲ ਜ਼ਬਤ ਕੀਤੇ, ਜਿਨ੍ਹਾਂ ਵਿਚ ਕਈ ਪ੍ਰਕਾਰ ਦੀਆਂ ਐਂਟਰੀਆਂ ਵੇਖੀਆਂ ਗਈਆਂ, ਜਿਨ੍ਹਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਵਿਭਾਗ ਵਲੋਂ ਕੱਢੇ ਗਏ ਰਿਕਾਰਡ ਅਤੇ ਰੇਡ ਵਿਚ ਮਿਲੇ ਰਿਕਾਰਡ ਵਿਚ ਅੰਤਰ ਪਾਇਆ ਗਿਆ ਤਾਂ ਉਸ ਦੇ ਲਈ ਰੈਸਟੋਰੈਂਟ ਨੂੰ ਪੈਨਲਟੀ, ਟੈਕਸ ਅਤੇ ਡਿਊਟੀ ਅਦਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾਵੇਗਾ ਕਿ ਉਹ ਬਿਨਾਂ ਕਿਸੇ ਬੋਰਡ ਅਤੇ ਰੈਸਟੋਰੈਂਟ ਦੇ ਨਾਂ ਲਿਖੇ ਬਿਨਾਂ ਕਈ ਸਾਲਾਂ ਤੋਂ ਇਹ ਰੈਸਟੋਰੈਂਟ ਚਲਾਇਆ ਜਾ ਰਿਹਾ ਹੈ।

ਰੋਕੀਆਂ ਆਨਲਾਈਨ ਡਿਲੀਵਰੀਆਂ
ਛਾਪੇਮਾਰੀ ਦੌਰਾਨ ਜੀ. ਐੱਸ.ਟੀ. ਅਧਿਕਾਰੀਆਂ ਨੇ ਸਾਰੇ ਸਟਾਫ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਦਿਤਾ ਅਤੇ ਸਿਰਫ ਅਕਾਊਂਟ ਸਟਾਫ ਨੂੰ ਹੀ ਅੰਦਰ ਰਹਿਣ ਦਿੱਤਾ, ਜਿਸ ਕਾਰਣ ਅਨੇਕਾਂ ਆਰਡਰ ਕੈਂਸਲ ਹੋ ਗਏ। ਇਸ ਮੌਕੇ ਰੈਸਟੋਰੈਂਟ ਦੇ ਬਾਹਰ ਜੋਮੈਟੋ ਤੇ ਸਵਿਗੀ ਦੇ ਡਿਲੀਵਰੀ ਬੁਆਏ ਵੀ ਵਿਹਲੇ ਹੀ ਬਾਹਰ ਬੈਠੇ ਰਹੇ।


KamalJeet Singh

Content Editor

Related News