GST ਧੋਖਾਦੇਹੀ ਕਰਨ ਦੇ ਦੋਸ ’ਚ 3 ਲੋਕ ਗ੍ਰਿਫ਼ਤਾਰ
Saturday, Dec 24, 2022 - 02:39 PM (IST)
ਚੰਡੀਗੜ੍ਹ (ਸੰਦੀਪ) : ਆਰਥਿਕ ਕ੍ਰਾਈਮ ਬ੍ਰਾਂਚ ਨੇ ਕਰੋੜਾਂ ਰੁਪਏ ਦਾ ਜੀ. ਐੱਸ. ਟੀ. ਘਪਲਾ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਤਿੰਦਰ ਸਿੰਘ, ਰਾਜੀਵ ਅਤੇ ਪੁਸ਼ਪ ਵਜੋਂ ਹੋਈ ਹੈ। ਮੁਲਜ਼ਮਾਂ ਨੇ ਧਨਾਸ ਦੀ ਇਕ ਦੁਕਾਨ ਦੇ ਜਾਅਲੀ ਦਸਤਾਵੇਜ਼ਾਂ ’ਤੇ ਫਰਜ਼ੀ ਕੰਪਨੀ ਦੇ ਨਾਂ ’ਤੇ ਸਕਰੈਪ ਡੀਲਰ ਵਜੋਂ ਕਾਰੋਬਾਰ ਸ਼ੁਰੂ ਕੀਤਾ। ਫਰਜ਼ੀ ਕੰਪਨੀ ਬਣਾ ਕੇ ਇਨ੍ਹਾਂ ਲੋਕਾਂ ਨੇ ਯੂ. ਟੀ. ਦੇ ਆਬਕਾਰੀ ਅਤੇ ਕਰ ਵਿਭਾਗ ਨੂੰ ਇਨਪੁੱਟ ਕ੍ਰੈਡਿਟ ਦੇ ਨਾਂ ’ਤੇ ਵਿਕਰੀ ਅਤੇ ਖ਼ਰੀਦ ਦੇ ਫਰਜ਼ੀ ਬਿੱਲ ਬਣਾ ਕੇ 5 ਕਰੋੜ ਰੁਪਏ ਦਾ ਘਪਲਾ ਕੀਤਾ।
ਯੂ. ਟੀ. ਦੇ ਆਬਕਾਰੀ ਅਤੇ ਕਰ ਵਿਭਾਗ ਵਿਚ ਤਤਕਾਲੀ ਈ. ਟੀ. ਓ. ਦੀਪਾ ਚੌਧਰੀ ਨੇ ਜੀ. ਐੱਸ. ਟੀ. ਘਪਲੇ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿਚ ਦਿੱਤੀ ਸੀ। 13 ਦਸੰਬਰ, 2019 ਨੂੰ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਸੀ। ਮੁੱਢਲੀ ਜਾਂਚ ਵਿਚ ਪੁਲਸ ਨੇ ਇਸ ਮਾਮਲੇ ਵਿਚ ਉਸ ਕੰਪਨੀ ਦੇ ਮਾਲਕ ਰਾਜੀਵ ਖ਼ਿਲਾਫ਼ ਪਰਚਾ ਦਰਜ ਕੀਤਾ ਸੀ। ਦੀਪਾ ਚੌਧਰੀ ਨੂੰ ਜਦੋਂ ਇਸ ਜੀ. ਐੱਸ. ਟੀ. ਘਪਲੇ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਜਾ ਕੇ ਧਨਾਸ ਮਾਰਕਿਟ 'ਚ ਦੁਕਾਨ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਸਕਰੈਪ ਡੀਲ ਕਰਨ ਵਾਲੀ ਫਰਮ ਦੀ ਥਾਂ ਉੱਥੇ ਦੰਦਾਂ ਦਾ ਕਲੀਨਿਕ ਖੋਲ੍ਹਿਆ ਹੋਇਆ ਸੀ।