ਜ਼ਮੀਨੀ ਵਿਵਾਦ ਕਾਰਨ ਚੱਲੀ ਗੋਲੀ, 4 ਜ਼ਖਮੀ
Friday, Jul 07, 2017 - 07:03 AM (IST)
ਪੱਟੀ, (ਜ. ਬ.)- ਪਿੰਡ ਰਾਮ ਸਿੰਘ ਵਾਲਾ ਵਿਖੇ ਜ਼ਮੀਨੀ ਵਿਵਾਦ ਕਾਰਨ ਗੋਲੀ ਚੱਲਣ ਨਾਲ 4 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਠੀ ਕੀਤੀ ਜਾਣਕਾਰੀ ਮੁਤਾਬਕ ਬਚਿੱਤਰ ਸਿੰਘ (45) ਪੁੱਤਰ ਦਰਸ਼ਨ ਸਿੰਘ ਵਾਸੀ ਰਾਮ ਸਿੰਘ ਵਾਲਾ ਅਤੇ ਹੈਂਡੀਕੈਪਡ ਬਖਸ਼ੀਸ਼ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ ਰਸੂਲਪੁਰ ਜੋ ਕਿ ਪਿੰਡ ਰਾਮ ਸਿੰਘ ਵਾਲਾ ਵਿਖੇ ਆਪਣੀ ਜ਼ਮੀਨ ਵਿਚ ਝੋਨਾ ਲਾ ਰਹੇ ਸਨ ਕਿ ਮਾ. ਲੱਖਾ ਸਿੰਘ ਪਿੰਡ ਨਾਰਲੀ ਆਪਣੇ 30-40 ਸਾਥੀਆਂ ਨਾਲ ਟਰੈਕਟਰਾਂ ਉਪਰ ਹਥਿਆਰਾਂ ਨਾਲ ਲੈਸ ਹੋ ਕੇ ਝਗੜੇ ਵਾਲੀ ਤਿੰਨ ਏਕੜ ਜ਼ਮੀਨ ਦਾ ਕਬਜ਼ਾ ਲੈਣ ਦੀ ਨੀਅਤ ਨਾਲ ਆਇਆ ਤੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ। ਦੋਵਾਂ ਨੂੰ ਜ਼ਮੀਨ 'ਤੇ ਡਿੱਗਾ ਵੇਖ ਕੇ ਉਹ ਭੱਜ ਗਏ। ਲੋਕਾਂ ਨੇ ਗੋਲੀਆਂ ਦੀ ਆਵਾਜ਼ ਸੁਣ ਕੇ ਦੋਵਾਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਪਹੁੰਚਾਇਆ, ਜਿਥੇ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ।
ਦੂਜੇ ਪਾਸੇ ਮਾ. ਲੱਖਾ ਸਿੰਘ ਨਾਰਲੀ ਨੇ ਦੱਸਿਆ ਕਿ ਜ਼ਮੀਨ ਪਿੰਡ ਦੇ ਗੁਰਦੁਆਰਾ ਸਾਹਿਬ ਗੰਗਾ ਜੀ ਦੀ ਹੈ ਤੇ ਜ਼ਮੀਨ ਠੇਕੇ 'ਤੇ ਦਿੱਤੀ ਹੋਈ ਸੀ ਪਰ ਨਿਰਮਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਸੁਲਪੁਰ ਤੇ ਜਗਬੀਰ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਰਾਮ ਸਿੰਘ ਵਾਲਾ ਨੇ ਸਿਆਸੀ ਸ਼ਹਿ 'ਤੇ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਸੀ। ਅੱਜ ਜਦੋਂ ਅਸੀਂ ਪੈਲੀ ਦਾ ਕਬਜ਼ਾ ਲੈਣ ਗਏ ਤਾਂ ਅੱਗੇ ਉਕਤ ਵਿਅਕਤੀ ਆਪਣੇ ਸਾਥੀਆਂ ਸਮੇਤ ਉੱਥੇ ਪਸਤੌਲਾਂ ਲੈ ਕੇ ਪਹਿਲਾਂ ਤੋਂ ਹੀ ਮੌਜੂਦ ਸਨ ਤੇ ਝਗੜੇ ਦੌਰਾਨ ਸਾਡੇ 'ਤੇ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਡੇ ਦੋ ਵਿਅਕਤੀ ਸੂਰਜਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਤੇ ਜਗਜੀਤ ਸਿੰਘ ਕਾਲਾ ਪੁੱਤਰ ਕਾਰਜ ਸਿੰਘ ਦੋਵੇਂ ਵਾਸੀ ਪਿੰਡ ਨਾਰਲੀ ਜ਼ਖਮੀ ਹੋ ਗਏ। ਏ. ਐੱਸ. ਆਈ. ਗੁਰਵੈਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
