ਕਰਿਆਨਾ ਸਟੋਰ ਮਾਲਕਾਂ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, 50 ਲੱਖ ਫਿਰੌਤੀ ਦੀ ਕੀਤੀ ਮੰਗ
Tuesday, Jul 22, 2025 - 05:12 AM (IST)

ਕੱਥੂਨੰਗਲ/ਚਵਿੰਡਾ ਦੇਵੀ (ਜਰਨੈਲ ਤੱਗੜ) : ਦਿਹਾਤੀ ਇਲਾਕਿਆਂ ਵਿੱਚ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਪੁਲਸ ਵਿਭਾਗ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਤੋਂ ਅਸਮਰਥ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਥਾਨਕ ਕਸਬੇ ਵਿਖੇ ਇੱਕ ਕਰਿਆਨਾ ਸਟੋਰ ਮਾਲਕਾਂ ਪਾਸੋਂ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ ਵੱਡਾ ਕਾਂਡ
ਇਸ ਮੌਕੇ ਜਾਣਕਾਰੀ ਦਿੰਦਿਆਂ ਦੀਪਕ ਕੁਮਾਰ ਪੁੱਤਰ ਬਲਰਾਮ ਕੁਮਾਰ, ਜੋ ਕਿ ਪਿੰਡ ਕੱਥੂਨੰਗਲ ਵਿਖੇ ਸ਼ਰਮਾ ਕਰਿਆਨਾ ਸਟੋਰ ਚਲਾ ਰਹੇ ਹਨ, ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਸਨ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਬਾਅਦ ਵਿੱਚ ਵ੍ਹਟਸਐਪ 'ਤੇ ਇੱਕ ਰਿਕਾਰਡਿੰਗ ਭੇਜ ਕੇ 50 ਲੱਖ ਰੁਪਏ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਥਾਣਾ ਕੱਥੂਨੰਗਲ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਐਸ. ਐਚ. ਓ. ਕੱਥੂਨੰਗਲ ਜਸਵਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਦਰਖਾਸਤ ਪ੍ਰਾਪਤ ਹੋ ਚੁੱਕੀ ਹੈ, ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਬਾ ’ਚ ਬੱਦਲ ਫਟਿਆ; ਵੈਸ਼ਨੋ ਦੇਵੀ ਯਾਤਰਾ ਮਾਰਗ ’ਤੇ ਜ਼ਮੀਨ ਖਿਸਕੀ, 3 ਦੀ ਮੌਤ
ਇਸ ਸਬੰਧੀ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਸਬੰਧੀ ਬੋਲਦਿਆਂ ਕਾਮਰੇਡ ਬਲਕਾਰ ਸਿੰਘ ਦੁਧਾਲਾ ਨੇ ਕਿਹਾ ਕਿ ਪੁਲਸ ਤਾਂ ਆਪਣੀ ਜਾਨ ਬਚਾਉਣ ਤੱਕ ਸੀਮਤ ਹੋ ਚੁੱਕੀ ਹੈ। ਲੋਕਾਂ ਦੀ ਜਾਨ-ਮਾਲ ਦਾ ਰਾਖਾ ਰੱਬ ਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਸਿਰਫ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਪਰ ਗੁੰਡਾ ਅਨਸਰਾਂ ਖਿਲਾਫ ਅੱਖ ਚੁੱਕ ਕੇ ਵੀ ਨਹੀਂ ਵੇਖ ਸਕਦੀ। ਅਖੀਰ ਦੁਕਾਨਦਾਰਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਕਸਬਾ ਚਵਿੰਡਾ ਦੇਵੀ ਵਿਖੇ ਪਹਿਲਾਂ ਵੀ ਫਿਰੌਤੀ ਲਈ ਗੋਲੀ ਚੱਲ ਚੁੱਕੀ ਹੈ ਪਰ ਅਜੇ ਤਕ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਉਨ੍ਹਾਂ ਦਾ ਕੰਮਕਾਜ ਚੌਪਟ ਹੋ ਚੁੱਕਾ ਹੈ ਅਤੇ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਜਲਦ ਚਾਬੀਆਂ ਐਸ. ਐਸ. ਪੀ., ਅੰਮ੍ਰਿਤਸਰ ਦਿਹਾਤੀ ਨੂੰ ਸੌਂਪਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8