ਆਟੋ ਚਾਲਕ ਕਾਰਨ 12 ਘੰਟੇ ਭਟਕਦੀ ਰਹੀ ਨਾਬਾਲਗਾ

Wednesday, Jul 11, 2018 - 06:23 AM (IST)

ਆਟੋ ਚਾਲਕ ਕਾਰਨ 12 ਘੰਟੇ ਭਟਕਦੀ ਰਹੀ ਨਾਬਾਲਗਾ

ਜਲੰਧਰ, (ਵਰੁਣ)- ਇਕ ਲਾਲਚੀ ਆਟੋ ਚਾਲਕ ਕਾਰਨ 17 ਸਾਲਾ ਲੜਕੀ  12 ਘੰਟੇ  ਤੱਕ ਬੱਸ ਸਟੈਂਡ ’ਚ ਭਟਕਦੀ ਰਹੀ। ਸਕੂਲ ’ਚ ਛੁੱਟੀ ਹੋਣ ਤੋਂ ਬਾਅਦ ਜਦੋਂ ਨਾਬਾਲਗਾ ਘਰ  ਨਹੀਂ ਪਹੁੰਚੀ ਤਾਂ ਪਰਿਵਾਰ ਵਾਲਿਅਾਂ ਨੇ ਪੁਲਸ ਨੂੰ ਸੂਚਨਾ ਦਿੱਤੀ। 12 ਘੰਟੇ ਬੀਤਣ ਤੋਂ  ਬਾਅਦ ਨਾਬਾਲਗਾ ਨੂੰ ਬੱਸ ਸਟੈਂਡ ਚੌਕੀ ਦੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਲੱਭ ਲਿਆ, ਜੋ  ਬੱਸ ਸਟੈਂਡ ਅੰਦਰ ਬੈਗ ਚੁੱਕ ਕੇ ਭਟਕ ਰਹੀ ਸੀ। ਜਾਣਕਾਰੀ ਅਨੁਸਾਰ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ  ਰਹਿਣ ਵਾਲੀ 17 ਸਾਲ ਦੀ ਮਨਜੀਤ  (ਕਾਲਪਨਿਕ  ਨਾਂ) ਆਦਰਸ਼ ਨਗਰ ਸਥਿਤ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹਦੀ ਹੈ। ਹਰ ਰੋਜ਼  ਦੀ ਤਰ੍ਹਾਂ ਮਨਜੀਤ ਕੌਰ ਮੰਗਲਵਾਰ ਸਵੇਰੇ ਸਕੂਲ ਜਾਣ ਲਈ ਘਰੋਂ ਨਿਕਲੀ ਸੀ। ਉਸ ਨੇ ਸ਼ਹੀਦ  ਬਾਬੂ ਲਾਭ ਸਿੰਘ ਨਗਰ ਤੋਂ ਆਟੋ ਕੀਤਾ ਪਰ ਰਸਤੇ ’ਚ ਬੱਸ ਸਟੈਂਡ ਜਾਣ ਲਈ ਕੁਝ ਸਵਾਰੀਅਾਂ  ਚੜ੍ਹ ਗਈਅਾਂ। ਆਟੋ ਚਾਲਕ ਨੇ ਮਨਜੀਤ ਨੂੰ ਉਸ ਦੇ ਸਕੂਲ ਛੱਡਣ ਦੀ ਜਗ੍ਹਾ ਸਵਾਰੀਅਾਂ ਸਮੇਤ  ਬੱਸ ਸਟੈਂਡ ’ਤੇ ਉਤਾਰ ਦਿੱਤਾ।  ਮਨਜੀਤ ਉਥੇ ਭਟਕਦੀ ਰਹੀ। ਸਕੂਲ ’ਚ ਛੁੱਟੀ ਹੋਣ ਤੋਂ  ਬਾਅਦ ਉਹ ਘਰ ਨਹੀਂ ਪਹੁੰਚੀ ਤਾਂ ਮਨਜੀਤ ਦੇ ਪਰਿਵਾਰ ਵਾਲਿਅਾਂ ਨੇ ਭਾਲ ਸ਼ੁਰੂ ਕਰ ਦਿੱਤੀ।  ਕੁਝ ਪਤਾ ਨਾ ਲੱਗਣ ’ਤੇ ਪੁਲਸ ਨੂੰ ਸੂਚਨਾ ਦਿੱਤੀ ਗਈ।  ਕਰੀਬ 12 ਘੰਟਿਅਾਂ ਬਾਅਦ  ਮਨਜੀਤ ਦੇ ਪਰਿਵਾਰ ਵਾਲਿਅਾਂ ਨੂੰ ਫੋਨ ਆਇਆ ਕਿ ਮਨਜੀਤ ਬੱਸ ਸਟੈਂਡ ਦੇ ਅੰਦਰ ਸਹੀ ਸਲਾਮਤ   ਮਿਲ ਗਈ ਹੈ।
 ਮਨਜੀਤ ਦੇ ਪਰਿਵਾਰ ਵਾਲੇ ਬੱਸ ਸਟੈਂਡ ਚੌਕੀ ਪਹੁੰਚੇ  ਤੇ ਮਨਜੀਤ ਨੂੰ  ਆਪਣੇ ਘਰ ਲੈ ਗਏ। ਮਨਜੀਤ ਨੇ ਦੱਸਿਆ ਕਿ ਆਟੋ ਚਾਲਕ ਦੀ ਗਲਤੀ ਕਾਰਨ ਉਹ ਬੱਸ ਸਟੈਂਡ  ਪਹੁੰਚੀ ਸੀ। ਜਦੋਂ ਲੋਕਾਂ ਨੇ ਉਸ ਨੂੰ ਸ਼ੱਕੀ ਹਾਲਾਤ ’ਚ ਦੇਖਿਆ ਤਾਂ ਉਸ ਕੋਲੋਂ ਮੋਬਾਇਲ  ਨੰਬਰ ਮੰਗਿਆ ਪਰ ਮੋਬਾਇਲ ਨੰਬਰ ਉਸ ਨੂੰ ਯਾਦ ਨਹੀਂ ਸੀ। 


Related News