ਈ. ਡੀ. ਵੱਲੋਂ ਵੱਡੀ ਕਾਰਵਾਈ : ਮਨੀ ਐਕਸਚੇਂਜਰ ਦੇ ਘਰ ਛਾਪੇਮਾਰੀ ਦੌਰਾਨ ਵਿਦੇਸ਼ੀ ਕਰੰਸੀ ਜ਼ਬਤ

Monday, Oct 11, 2021 - 11:36 AM (IST)

ਲੁਧਿਆਣਾ (ਸੇਠੀ) : ਡਾਇਰੈਕਟੋਰੇਟ ਆਫ ਇੰਫੋਰਸਮੈਂਟ (ਈ. ਡੀ.) ਵਿਭਾਗ ਜਲੰਧਰ ਨੇ ਅੰਮ੍ਰਿਤਸਰ ’ਚ 9 ਸਥਾਨਾਂ ’ਤੇ ਛਾਪੇਮਾਰੀ ਕੀਤੀ। ਸ਼ਨੀਵਾਰ ਨੂੰ ਸਮਾਪਤ ਹੋਈ ਛਾਪੇਮਾਰੀ ਵਿਚ ਇਕ ਮਨੀ ਐਕਸਚੇਂਜਰ ਦੇ ਘਰ ਅਤੇ ਮੁੱਖ ਦਫਤਰ ਤੋਂ 63 ਲੱਖ ਰੁਪਏ ਨਕਦ ਅਤੇ 16 ਲੱਖ ਰੁਪਏ ਦੀ ਵਿਦੇਸ਼ੀ ਮੁਦਰਾ ਅਤੇ ਕਈ ਮੋਬਾਇਲ ਫੋਨ ਵੀ ਬਰਾਮਦ ਹੋਏ, ਜਿਸ ਨੂੰ ਜ਼ਬਤ ਕਰ ਲਿਆ ਗਿਆ। ਇਸ ਸਬੰਧ ਵਿਚ ਇਕ ਛਾਪਾ 2020 ਵਿਚ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ’ਤੇ ਮਸੀਹ ਦੇ ਘਰ ਪੰਜਾਬ ਪੁਲਸ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵੱਲੋਂ ਮਾਰਿਆ ਗਿਆ ਸੀ। ਜਿੱਥੋਂ 188 ਕਿਲੋਗ੍ਰਾਮ ਹੈਰੋਇਨ ਦੀ ਜ਼ਬਤ ਕੀਤੀ ਗਈ ਸੀ। ਇਹ ਕਾਰਵਾਈ ਐੱਫ. ਆਈ. ਆਰ. ਨੰ. 20/2020 ਮਿਤੀ 29 ਫਰਵਰੀ 2020 ਅਤੇ ਐੱਫ. ਆਈ. ਆਰ. ਨੰ 23/2020 ਮਿਤੀ 31 ਜਨਵਰੀ 2020, ਜੋ ਐੱਸ. ਟੀ. ਐੱਫ. ਪੰਜਾਬ ਪੁਲਸ ਵੱਲੋਂ ਦਰਜ ਐੱਫ. ਆਈ. ਆਰ. ਦੇ ਅਾਧਾਰ ’ਤੇ ਕੀਤੀ ਗਈ ਸੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ’ਚ ਪਤਾ ਲੱਗਾ ਹੈ ਕਿ ਇਹ ਛਾਪੇਮਾਰੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ (ਪੀ. ਐੱਮ. ਐੱਲ. ਏ.) ਐਕਟ ਅਧੀਨ ਕੀਤੀ ਗਈ ਹੈ, ਜਿਸ ’ਚ ਪਤਾ ਲੱਗਾ ਕਿ ਅੰਕੁਸ਼ ਕਪੂਰ ਨਾਮਕ ਇਕ ਵਿਅਕਤੀ ਨੇ ਆਪਣੇ ਸਾਥੀਆਂ ਸੁਖਵਿੰਦਰ ਸਿੰਘ, ਮੇਜਰ ਸਿੰਘ, ਤਮੰਨਾ ਗੁਪਤਾ, ਅਰਮਾਨ ਬਸ਼ਰ (ਅਫਗਾਨਿਸਤਾਨ ਨੈਸ਼ਨਲ) ਦੇ ਨਾਲ ਮਿਲ ਕੇ ਇਕ ਗੁਪਤ ਸਥਾਨ ’ਤੇ ਕੋਠੀ ਨੰਬਰ 127-130, ਆਕਾਸ਼ ਵਿਹਾਰ, ਸੁਲਤਾਨਵਿੰਡ ਅੰਮ੍ਰਿਤਸਰ ਵਿਚ ਸਥਾਪਿਤ ਕੀਤੀ ਹੋਈ ਸੀ, ਜਿਸ ਜਗ੍ਹਾ ਦਾ ਅਸਲ ਮਾਲਕ ਅਨਵਰ ਮਸੀਹ ਪੁੱਤਰ ਅਜੀਜ ਮਸੀਹ ਸੀ। ਉਨ੍ਹਾਂ ਨੇ ਗਾਹਕਾਂ ਨੂੰ ਵੇਚਣ ਲਈ ਉਥੇ ਭਾਰੀ ਮਾਤਰਾ ਵਿਚ ਹੈਰੋਇਨ ਸਟਾਕ ਕਰ ਰੱਖੀ ਸੀ।

ਕਾਰਵਾਈ ’ਚ ਇਹ ਵੀ ਪਤਾ ਲੱਗਾ ਕਿ ਨਸ਼ੇ ਵਾਲੇ ਪਦਾਰਥਾਂ ਦੇ ਇਸ ਨਾਜਾਇਜ਼ ਧੰਦੇ ਦੇ ਮੁੱਖ ਵਿਅਕਤੀ ਅੰਕੁਸ਼ ਕਪੂਰ, ਤਨਵੀਰ ਬੇਦੀ ਅਤੇ ਸਿਮਰਨਜੀਤ ਸਿੰਘ ਸੰਧੂ ਸਨ। ਉਕਤ ਮੁਲਜ਼ਮਾਂ ਨੇ ਦੁਬਈ, ਪਾਕਿਤਸਾਨ, ਅਫਗਾਨਿਸਤਾਨ ਆਦਿ ਦੇ ਸਮੱਗਲਰਾਂ ਨਾਲ ਵੀ ਆਪਣੇ ਸਬੰਧ ਸਥਾਪਿਤ ਕੀਤੇ ਹੋਏ ਸਨ। ਇਸ ਦੇ ਨਾਲ ਹੀ ਇਹ ਹਵਾਲਾ ਜ਼ਰੀਏ ਲੈਣ-ਦੇਣ ਕਰਨ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਹੈਰੋਇਨ ਅਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿਗ ਵੀ ਕਰਦੇ ਸਨ। ਸੂਤਰਾਂ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਵਿਚ ਕਈ ਮੁਲਜ਼ਮ ਪਹਿਲਾਂ ਤੋਂ ਹੀ ਜ਼ੇਲ ਵਿਚ ਸਨ। ਇਸ ਲਈ ਮਨੀ ਲਾਂਡਰਿੰਗ ਦਾ ਪਤਾ ਲਗਾਉਣ ਲਈ ਈ. ਡੀ. ਵੱਲੋਂ ਮੁਲਜ਼ਮਾਂ ਖਿਲਾਫ ਵਿਸਤਾਰ ਨਾਲ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਬਤ ਮੋਬਾਇਲ ਫੋਨ ਅਤੇ ਹੋਰ ਡਿਵਾਈਸਾਂ ਦੀ ਵਿਭਾਗ ਗੰਭੀਰਤਾ ਨਾਲ ਜਾਂਚ ਕਰੇਗਾ, ਜਿਸ ਨਾਲ ਇਸ ਕੇਸ ਵਿਚ ਨਵੇਂ ਤੱਥ ਸਾਹਮਣੇ ਆਉਣਗੇ।


Anuradha

Content Editor

Related News