ਮਾਛੀਵਾੜਾ ਦੇ ਕਬਰਿਸਤਾਨ ’ਚ ਜ਼ਿੰਦਾ ਦਫ਼ਨ ਹੋਈ ਜਵਾਨੀ, ਕਬਰਾਂ ’ਤੇ ਓਵਰਡੋਜ਼ ਨਾਲ ਮ੍ਰਿਤਕ ਮਿਲਿਆ ਮੁੰਡਾ

Sunday, Jul 30, 2023 - 06:30 PM (IST)

ਮਾਛੀਵਾੜਾ ਦੇ ਕਬਰਿਸਤਾਨ ’ਚ ਜ਼ਿੰਦਾ ਦਫ਼ਨ ਹੋਈ ਜਵਾਨੀ, ਕਬਰਾਂ ’ਤੇ ਓਵਰਡੋਜ਼ ਨਾਲ ਮ੍ਰਿਤਕ ਮਿਲਿਆ ਮੁੰਡਾ

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਰੋਪੜ ਰੋਡ ’ਤੇ ਮ੍ਰਿਤਕ ਬੱਚਿਆਂ ਨੂੰ ਦਫ਼ਨਾਉਣ ਲਈ ਬਣੇ ਕਬਰਿਸਤਾਨ ਵਿਚ ਨਸ਼ੇ ਦੀ ਓਵਰਡੋਜ਼ ਨਾਲ ਨੇੜਲੇ ਪਿੰਡ ਮਾਣੇਵਾਲ ਦੇ ਨੌਜਵਾਨ ਕੁਲਦੀਪ ਸਿੰਘ ਲਾਡੀ (22) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਦੇ ਇਸ ਕਬਰਿਸਤਾਨ ਵਿਚ ਔਰਤ ਖਿੱਲਰੀਆਂ ਲੱਕੜਾਂ ਚੁੱਕਣ ਲਈ ਗਈ ਸੀ ਜਿਸ ਨੇ ਇਕ ਨੌਜਵਾਨ ਨੂੰ ਮੂਧੇ ਮੂੰਹ ਡਿੱਗਿਆ ਪਿਆ ਦੇਖਿਆ। ਇਸ ਔਰਤ ਨੇ ਨੇੜੇ ਹੀ ਬਣੀ ਇਕ ਪੀਰਾਂ ਦੀ ਦਰਗਾਹ ’ਤੇ ਬੈਠੇ ਬਾਬੇ ਤੇ ਲੋਕਾਂ ਨੂੰ ਇਸ ਨੌਜਵਾਨ ਬਾਰੇ ਦੱਸਿਆ ਜਿਨ੍ਹਾਂ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਜਿਸ ਦੀ ਬਾਂਹ ਵਿਚ ਟੀਕਾ ਵੀ ਲੱਗਿਆ ਹੋਇਆ ਸੀ ਜਿਸ ਤੋਂ ਪਤਾ ਲੱਗਾ ਕਿ ਇਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਲੋਕਾਂ ਵਲੋਂ ਤੁਰੰਤ ਮਾਛੀਵਾੜਾ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਜਾਂਚ ਕੀਤੀ ਤਾਂ ਇਸ ਮ੍ਰਿਤਕ ਨੌਜਵਾਨ ਦੀ ਜੇਬ੍ਹ ’ਚੋਂ ਅਜਿਹਾ ਕੋਈ ਦਸਤਾਵੇਜ਼ ਨਾ ਮਿਲਿਆ ਜਿਸ ਤੋਂ ਇਸ ਦੀ ਪਹਿਚਾਣ ਹੋ ਸਕੇ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ’ਚ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ

ਪੁਲਸ ਵਲੋਂ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਮਿਲੀ ਜਿਨ੍ਹਾਂ ਪੁਲਸ ਥਾਣਾ ਵਿਖੇ ਆ ਕੇ ਸ਼ਨਾਖ਼ਤ ਕੀਤੀ ਕਿ ਉਨ੍ਹਾਂ ਦਾ ਲੜਕਾ ਕੁਲਦੀਪ ਸਿੰਘ ਲਾਡੀ ਹੈ। ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕੁਲਦੀਪ ਸਿੰਘ ਕੰਬਾਇਨ ਮਸ਼ੀਨ ’ਤੇ ਨੌਕਰੀ ਕਰਦਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਮਾੜੀ ਸੰਗਤ ਵਿਚ ਪੈ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ। ਪਰਿਵਾਰ ਵਲੋਂ ਉਸ ਨੂੰ 2 ਵਾਰ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਵੀ ਕਰਵਾਇਆ ਪਰ ਉਹ ਫਿਰ ਉੱਥੋਂ ਆ ਕੇ ਨਸ਼ੇ ਕਰਨ ਲੱਗ ਪੈਂਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕੱਲ੍ਹ ਸ਼ਾਮ ਤੋਂ ਲਾਪਤਾ ਸੀ ਜਿਸ ਦੀ ਉਹ ਤਲਾਸ਼ ਕਰ ਰਹੇ ਸਨ ਪਰ ਅੱਜ ਸੋਸ਼ਲ ਮੀਡੀਆ ’ਤੇ ਵਾਈਰਲ ਹੋਈ ਵੀਡੀਓ ਤੋਂ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਕੁਲਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ।  ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਮਾਣੇਵਾਲ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿਚ ਨਸ਼ਾ ਪੂਰੀ ਤਰ੍ਹਾਂ ਫੈਲਦਾ ਜਾ ਰਿਹਾ ਹੈ ਜਿਸਨੂੰ ਨੱਥ ਪਾਉਣਾ ਜ਼ਰੂਰੀ ਹੈ ਤਾਂ ਜੋ ਹੋਰ ਨੌਜਵਾਨ ਨਸ਼ਿਆਂ ਦੀ ਭੇਟ ਨਾ ਚੜ੍ਹ ਸਕਣ। ਅੱਜ ਲੋਕਾਂ ਨੇ ਮਾਛੀਵਾੜਾ ਦੇ ਕਬਰਿਸਤਾਨ ਵਿਚ ਨਸ਼ੇ ਨਾਲ ਜ਼ਿੰਦਾ ਜਵਾਨੀ ਦਫ਼ਨ ਹੁੰਦੀ ਦੇਖੀ ਕਿਉਂਕਿ ਕਬਰਾਂ ’ਤੇ ਨਸ਼ੇ ਕਾਰਨ ਮਰਿਆ ਨੌਜਵਾਨ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ ਕਿ ਜੇਕਰ ਇਲਾਕੇ ਵਿਚ ਨਸ਼ੇ ਦਾ ਖਾਤਮਾ ਨਾ ਕੀਤਾ ਤਾਂ ਪੰਜਾਬ ਦੀ ਜ਼ਿੰਦਾ ਜਵਾਨੀ ਇਸੇ ਤਰ੍ਹਾਂ ਕਬਰਾਂ ਵਿਚ ਦਫ਼ਨ ਹੁੰਦੀ ਰਹੇਗੀ।

ਇਹ ਵੀ ਪੜ੍ਹੋ : ਮੋਗਾ ਦੇ ਮਸ਼ਹੂਰ ਚੌਕ ’ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਸੜਕ ’ਚ ਧੂਹ-ਧੂਹ ਕੁੱਟੇ ਮੁੰਡੇ, ਵੀਡੀਓ ਵਾਇਰਲ

2 ਹਫ਼ਤਿਆਂ ’ਚ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨ ਮਰੇ

ਮਾਛੀਵਾੜਾ ਇਲਾਕੇ ਵਿਚ ਪਿਛਲੇ 2 ਹਫ਼ਤੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਿਸ ਕਾਰਨ ਇਲਾਕਾ ਨਿਵਾਸੀ ਕਾਫ਼ੀ ਚਿੰਤੁਤ ਹਨ ਕਿ ਕਿਤੇ ਨਸ਼ਿਆਂ ਦਾ ਦੈਂਤ ਆਉਣ ਵਾਲੇ ਸਮੇਂ ’ਚ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਨਿਗਲ ਜਾਵੇ। ਲੰਘੀ 17 ਜੁਲਾਈ ਨੂੰ ਪਿੰਡ ਰੂੜੇਵਾਲ ਦਾ ਇੱਕ ਨੌਜਵਾਨ ਨਸ਼ਿਆਂ ਦੀ ਓਵਰਡੋਜ਼ ਨਾਲ ਮਰਿਆ ਅਤੇ ਅੱਜ ਮਾਣੇਵਾਲ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿ ਕੋਈ ਨਸ਼ਾ ਤਸਕਰ ਹੈ ਜੋ ਵੱਡੀ ਪੱਧਰ ’ਤੇ ਨਸ਼ੇੜੀਆਂ ਨੂੰ ਨਸ਼ਾ ਸਪਲਾਈ ਕਰ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਡੀ. ਐੱਸ. ਪੀ. ਮਨਦੀਪ ਕੌਰ ਨੇ ਕਿਹਾ ਕਿ ਨੌਜਵਾਨਾਂ ਵਿਚ ਵੱਧਦਾ ਨਸ਼ਿਆਂ ਦਾ ਰੁਝਾਨ ਚਿੰਤਾ ਦੀ ਗੱਲ ਹੈ ਅਤੇ ਨਸ਼ਾ ਤਸਕਰਾਂ ’ਤੇ ਕਾਬੂ ਪਾਉਣ ਲਈ ਪੁਲਸ ਹੁਣ ਵੱਡੇ ਪੱਧਰ ’ਤੇ ਮੁਹਿੰਮ ਚਲਾਏਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਕੁੱਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਮੁੜ ਐਕਟਿਵ ਹੋਵੇਗਾ ਮਾਨਸੂਨ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

ਨਸ਼ਾ ਇੰਨਾ ਘਾਤਕ ਕਿ ਨਸ਼ੇੜੀ ਨੂੰ ਸਰਿੰਜ ਕੱਢਣ ਦਾ ਮੌਕਾ ਵੀ ਨਹੀਂ ਮਿਲਦਾ

ਨਸ਼ੇੜੀਆਂ ਵਲੋਂ ਜੋ ਆਪਣੇ ਸਰੀਰ ਦੀਆਂ ਨਾੜਾਂ ਵਿਚ ਸਰਿੰਜ ਲਗਾ ਕੇ ਨਸ਼ਾ ਕੀਤਾ ਜਾ ਰਿਹਾ ਹੈ ਉਹ ਇੰਨਾ ਘਾਤਕ ਹੈ ਕਿ ਉਨ੍ਹਾਂ ਨੂੰ ਇਹ ਮੌਕਾ ਵੀ ਨਹੀਂ ਮਿਲਦਾ ਕਿ ਉਹ ਸਰਿੰਜ ਨੂੰ ਸਰੀਰ ’ਚੋਂ ਬਾਹਰ ਕੱਢ ਸਕਣ। ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨਾਂ ਦੀ ਮੌਤ ਦੇ ਜੋ ਹਾਲਾਤ ਦੇਖੇ ਉਸ ਵਿਚ ਨਸ਼ੇ ਦੀ ਸਰਿੰਜ ਸਰੀਰ ਅੰਦਰ ਲੱਗੀ ਹੀ ਰਹਿ ਜਾਂਦੀ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਨਸ਼ਾ ਤਸਕਰ ਇਹ ਚਿੱਟਾ ਸਪਲਾਈ ਕਰਦੇ ਹਨ ਉੱਥੇ ਇਹ ਸਰਿੰਜਾਂ ਨਸ਼ੇੜੇਆਂ ਨੂੰ ਮੈਡੀਕਲ ਸਟੋਰ ਤੋਂ ਬਿਨ੍ਹਾਂ ਡਾਕਟਰੀ ਪਰਚੀ ਤੋਂ ਕਿਵੇਂ ਮਿਲ ਜਾਂਦੀਆਂ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਜਿਹੇ ਮੈਡੀਕਲ ਸਟੋਰ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। 2 ਹਫ਼ਤਿਆਂ ’ਚ ਦੋ ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਸਾਹਮਣੇ ਆਉਣ ’ਤੇ ਦੂਸਰੇ ਪਾਸੇ ਇਲਾਕੇ ਵਿਚ ਇਹ ਚਰਚਾ ਵੀ ਛਿੜੀ ਹੈ ਕਿ ਜਿਹੜਾ ਵੀ ਤਸਕਰ ਇਹ ਨਸ਼ਾ ਸਪਲਾਈ ਕਰ ਰਿਹਾ ਹੈ ਉਹ ਬਹੁਤ ਘਾਤਕ ਹੈ ਜਿਸ ਨਾਲ ਨੌਜਵਾਨਾਂ ਦੀ ਜਾਨ ਜਾ ਰਹੀ ਹੈ, ਇਸ ਲਈ ਹੁਣ ਨਸ਼ੇੜੀ ਮੌਤ ਦੇ ਮੂੰਹ ਵਿਚ ਜਾਣ ਦੀ ਬਜਾਏ ਨਸ਼ਾ ਛੁਡਾਊ ਕੇਂਦਰ ਜਾ ਕੇ ਆਪਣਾ ਇਲਾਜ ਕਰਵਾਉਣ ਨਹੀਂ ਤਾਂ ਉਨ੍ਹਾਂ ਦਾ ਹਸ਼ਰ ਵੀ ਇਨ੍ਹਾਂ ਨੌਜਵਾਨਾਂ ਵਾਲਾ ਹੋਵੇਗਾ।

ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਰੁੜ ਕੇ ਪਾਕਿਸਤਾਨ ਪਹੁੰਚੇ ਸਿੱਧਵਾਂ ਬੇਟ ਦੇ 2 ਨੌਜਵਾਨ

ਸ਼ੱਕੀ ਹਾਲਤ ਵਿਚ ਇੱਕ ਹੋਰ ਨੌਜਵਾਨ ਦੀ ਮੌਤ

ਮਾਛੀਵਾੜਾ ਇਲਾਕੇ ਵਿਚ ਨਸ਼ੇ ਦੀ ਓਵਰਡੋਜ਼ ਨਾਲ ਜਿੱਥੇ ਮਾਣੇਵਾਲ ਦੇ ਨੌਜਵਾਨ ਦੀ ਮੌਤ ਹੋਈ ਉੱਥੇ ਅੱਜ ਸਵੇਰੇ ਪ੍ਰੇਮ ਨਗਰ ਨੇੜੇ ਇੱਕ ਨੌਜਵਾਨ ਵਿਜੈ ਕੁਮਾਰ ਸ਼ਰਮਾ (32) ਸ਼ੱਕੀ ਹਾਲਤ ਵਿਚ ਮ੍ਰਿਤਕ ਪਿਆ ਮਿਲਿਆ। ਸਥਾਨਕ ਅਢਿਆਣਾ ਰੋਡ ਦਾ ਨਿਵਾਸੀ ਰਾਜ ਕੁਮਾਰ ਦਾ ਇਕਲੌਤਾ ਨੌਜਵਾਨ ਪੁੱਤਰ ਵਿਜੈ ਕੁਮਾਰ ਨੂੰ ਲੋਕਾਂ ਨੇ ਮ੍ਰਿਤਕ ਹਾਲਤ ਵਿਚ ਪਿਆ ਦੇਖਿਆ ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮ੍ਰਿਤਕ ਦੇ ਪਿਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸਦੀ ਦਵਾਈ ਚੱਲਦੀ ਸੀ ਜਿਸ ’ਤੇ ਪੁਲਸ ਨੇ 174 ਤਹਿਤ ਕਾਰਵਾਈ ਕਰ ਪੋਸਟ ਮਾਰਟਮ ਕਰਵਾ ਵਾਰਿਸਾ ਨੂੰ ਸੌਂਪ ਦਿੱਤਾ। ਮ੍ਰਿਤਕ ਨੌਜਵਾਨ ਵਿਜੈ ਕੁਮਾਰ ਜਿੱਥੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਦੇ ਨਾਲ-ਨਾਲ ਵਿਆਹਿਆ ਹੋਇਆ ਸੀ ਜੋ ਆਪਣੇ ਪਿੱਛੇ ਪਤਨੀ ਤੇ ਬੱਚਾ ਵੀ ਛੱਡ ਗਿਆ।

ਇਹ ਵੀ ਪੜ੍ਹੋ : ਪਟਿਆਲਾ ’ਚ ਹੋਏ ਮਾਂ-ਪੁੱਤ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News