ਸੰਗਰੂਰ ਤੋਂ ਬਾਅਦ ਫਿਰੋਜ਼ਪੁਰ ’ਚ ਰਹਿ ਰਹੇ ਗਰੀਬ 'ਤੇ ਵਰ੍ਹਿਆ ਕਹਿਰ, ਹੋਈ ਮੌਤ
Wednesday, Nov 20, 2019 - 11:10 AM (IST)
ਫਿਰੋਜ਼ਪੁਰ (ਸੰਨੀ ਚੋਪੜਾ) - ਪੰਜਾਬ ਦੇ ਜ਼ਿਲਾ ਸੰਗਰੂਰ 'ਚ ਦਲਿਤ ਨੌਜਵਾਨ ਦੇ ਕਤਲ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਫਿਰੋਜ਼ਪੁਰ ਦੇ ਕਸਬਾ ਮੁਦਕੀ ਦੀ ਅਨਾਜ ਮੰਡੀ 'ਚ ਮੰਗਲਵਾਰ ਸ਼ਾਮ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਮੁਦਕੀ ਦੀ ਅਨਾਜ ਮੰਡੀ ’ਚ ਆੜ੍ਹਤੀਏ ਵਲੋਂ ਦੋ ਲੋਕਾਂ 'ਤੇ ਸ਼ਰੇਆਮ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਇਕ ਗਰੀਬ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਮੌਕੇ ’ਤੇ ਪੁੱਜੀ ਪੁਲਸ ਨੇ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਮ੍ਰਿਤਕ ਸੰਦੀਪ ਦੇ ਪਿਤਾ ਨੇ ਦੱਸਿਆ ਕਿ ਆੜ੍ਹਤੀਏ ਵਰਿੰਦਰ ਕੁਮਾਰ ਦੀ ਰੰਜਿਸ਼ ਦੂਜੇ ਆੜ੍ਹਤੀਏ ਕਮਲ ਕੁਮਾਰ ਨਾਲ ਸੀ, ਜਿਸ ਕਾਰਨ ਦੋਵਾਂ ਵਿਚਾਲੇ ਹਮੇਸ਼ਾ ਤਕਰਾਰ ਹੁੰਦੀ ਰਹਿੰਦੀ ਸੀ। ਬੀਤੀ ਸ਼ਾਮ ਵੀ ਹੋਈ ਤਕਰਾਰ ਦੌਰਾਨ ਝਗੜਾ ਵੱਧ ਜਾਣ ਕਾਰਨ ਵਰਿੰਦਰ ਨੇ ਕਮਲ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਇਸ ਫਾਈਰਿੰਗ ਦੌਰਾਨ ਕਮਲ ਤਾਂ ਕਿਸੇ ਤਰ੍ਹਾਂ ਬਚ ਗਿਆ ਪਰ ਮਜ਼ਦੂਰ ਸੰਦੀਪ ਦੀ ਗੋਲੀ ਲੱਗਣ ਕਾਰਨ ਮੌਕੇ 'ਤੇ ਮੌਤ ਹੋ ਗਈ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਸੰਦੀਪ ਦੇ ਪਿਤਾ ਨੇ ਆਪਣੇ ਪੁੱਤ ਦਾ ਬੁੱਤ ਲਗਾਉਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੇ ਦੋਸ਼ੀ ਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਕੋਲੋਂ 2 ਦੇਸੀ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਬੇਸ਼ੱਕ ਪੁਲਸ ਨੇ ਇਸ ਘਟਨਾ ਦੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਪਰ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਇਸ ਗੱਲ ਦੀ ਪੁਸ਼ਟੀ ਵੀ ਕਰ ਰਿਹਾ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਚਰਮਰਾ ਗਈ ਹੈ।