ਗੱਲਾਂ ਨਹੀਂ, ਕੰਮ ਕਰ ਰਹੀ ਏ ਪੰਜਾਬ ਸਰਕਾਰ : ਨਵਜੋਤ ਸਿੱਧੂ

Friday, Jul 28, 2017 - 08:01 AM (IST)

ਗੱਲਾਂ ਨਹੀਂ, ਕੰਮ ਕਰ ਰਹੀ ਏ ਪੰਜਾਬ ਸਰਕਾਰ : ਨਵਜੋਤ ਸਿੱਧੂ

ਨਾਭਾ (ਭੁਪਿੰਦਰ ਭੂਪਾ, ਜਗਨਾਰ) - ਜਿੱਥੇ ਅਕਾਲੀ ਸਰਕਾਰ ਨੇ ਦਾਅਵਿਆਂ, ਲਾਰਿਆਂ ਤੇ ਵਾਅਦਿਆਂ 'ਚ ਹੀ ਲੋਕਾਂ ਨੂੰ ਉਲਝਾਈ ਰੱਖਿਆ, ਉਸ ਦੇ ਉਲਟ ਪੰਜਾਬ ਦੀ ਮੌਜੂਦਾ ਸਰਕਾਰ ਉਨ੍ਹਾਂ ਦੀ ਤਰ੍ਹਾਂ ਗੱਲਾਂ ਨਹੀਂ ਕਰ ਰਹੀ, ਸਗੋਂ ਕੰਮ ਕਰ ਕੇ ਦਿਖਾ ਰਹੀ ਹੈ। ਥੋੜ੍ਹੇ ਸਮੇਂ ਵਿਚ ਹੀ ਵੱਡੇ ਨਤੀਜੇ ਨਿਕਲ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਸਰਕਾਰ ਦੇ ਅਦਾਰੇ ਲੋਕਲ ਬਾਡੀਜ਼ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਤੇ ਕਾਰਜਸਾਧਕ ਅਫਸਰ ਮੋਹਿਤ ਸ਼ਰਮਾ ਨੂੰ ਨਵੀਂ ਫਾਇਰ ਬ੍ਰਿਗੇਡ ਗੱਡੀ ਦੀਆਂ ਚਾਬੀਆਂ ਸੌਂਪਣ ਉਪਰੰਤ 'ਜਗ ਬਾਣੀ' ਨਾਲ ਸਾਂਝਾ ਕਰਦਿਆਂ ਕੀਤਾ। ਨਗਰ ਕੌਂਸਲ ਪ੍ਰਧਾਨ ਸ਼ੈਂਟੀ ਨੇ ਰਿਆਸਤੀ ਸ਼ਹਿਰ ਲਈ ਕਰੀਬ 55 ਲੱਖ ਰੁਪਏ ਦੀ ਗੱਡੀ ਭੇਟ ਕਰਨ ਬਦਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸ. ਸਿੱਧੂ ਦੇ ਓ. ਐੈੱਸ. ਡੀ. ਅਮਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਰਿਜ਼ਰਵ ਹਲਕਾ ਨਾਭਾ 'ਚ ਕਿਸੇ ਵੀ ਅਗਨੀ-ਕਾਂਡ ਦੀ ਸੂਰਤ ਵਿਚ ਇਹ ਗੱਡੀ ਅੱਗ ਬੁਝਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਯੋਗ ਅਗਵਾਈ ਹੇਠ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਅਤੇ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਕੌਂਸਲ ਪ੍ਰਧਾਨ ਸ਼ੈਂਟੀ ਨੇ ਕਿਹਾ ਕਿ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਮੈਂ ਬਾਖੂਬੀ ਨਿਭਾਵਾਂਗਾ। ਸ਼ਹਿਰ ਦਾ ਸਰਬਪੱਖੀ ਵਿਕਾਸ ਉਨ੍ਹਾਂ ਦਾ ਮੁੱਖ ਏਜੰਡਾ ਹੈ। ਸ਼ਹਿਰ ਦੇ ਵਿਕਾਸ ਲਈ ਉਹ ਕਿਸੇ ਪ੍ਰਕਾਰ ਦੀ ਢਿੱਲਮੱਠ ਬਰਦਾਸ਼ਤ ਨਹੀ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਹੋਰ ਕਈ ਸਾਥੀ ਵੀ ਹਾਜ਼ਰ ਸਨ।


Related News