ਸਰਕਾਰ ਝੋਨੇ ਦੀ ਬਿਜਾਈ ਕਰਨ ਦੀ ਖੁੱਲ੍ਹ 1 ਜੂਨ ਨੂੰ ਦੇਵੇ : ਲੱਖੋਵਾਲ

Wednesday, Apr 29, 2020 - 09:50 PM (IST)

ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਦੇ ਸਮੂਹ ਕਿਸਾਨ ਸਰਕਾਰ ਤੋਂ ਮੰਗ ਕਰਦੇ ਹਨ ਕਿ ਝੋਨੇ ਦੀ ਪੂਸਾ-44 ਕਿਸਮ ਨੂੰ ਬੰਦ ਨਾ ਕੀਤਾ ਜਾਵੇ ਕਿਉਂਕਿ ਇਸ ਦਾ ਝਾੜ ਦੂਜੀਆਂ ਕਿਸਮਾਂ ਨਾਲੋਂ 5 ਕੁਇੰਟਲ ਜਿਆਦਾ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬੰਦ ਕਰਨ ਨਾਲ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਘਾਟਾ ਪਵੇਗਾ। ਦੂਸਰਾ ਕੋਰੋਨਾ ਮਹਾਮਾਰੀ ਕਾਰਨ ਪੰਜਾਬ ’ਚ ਲੇਬਰ ਦੀ ਬਹੁਤ ਘਾਟ ਹੈ, ਇਸ ਕਰਕੇ ਸਿੱਧੀ ਬਿਜਾਈ ਕਰਨ ਲਈ ਮਸ਼ੀਨਾਂ 90 ਫੀਸਦੀ ਸਬਸਿਡੀ ’ਤੇ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਜਾਣ। ਲੱਖੋਵਾਲ ਨੇ ਕਿਹਾ ਕਿ 10 ਮਈ ਤੋਂ ਸਿੱਧੀ ਬਿਜਾਈ ਕਰਨ ਲਈ ਟਿਊਬਵੈੱਲਾਂ ਦੀ ਬਿਜਲੀ ਸਪਲਾਈ 10 ਘੰਟੇ ਯਕੀਨੀ ਬਣਾਈ ਜਾਵੇ ਅਤੇ ਬਾਕੀ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਲੇਬਰ ਘੱਟ ਹੋਣ ਕਰਕੇ ਝੋਨਾ ਲਾਉਣ ਲਈ ਘੱਟੋ-ਘੱਟ 2 ਮਹੀਨੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ ਅਤੇ ਨਰਮੇ ਦੀ ਬਿਜਾਈ ਲਈ ਫੌਰੀ ਤੌਰ ’ਤੇ ਨਹਿਰਾਂ ਵਿਚ ਪਾਣੀ ਛੱਡਿਆ ਜਾਵੇ, ਤਾਂ ਕਿ ਬਿਜਾਈ ਸਮੇਂ ਸਿਰ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰਦੀ ਸੀ ਕਿ ਫਸਲ ਦੀ ਅਦਾਇਗੀ 72 ਘੰਟਿਆਂ ਵਿਚ ਕੀਤੀ ਜਾਵੇਗੀ ਪਰ ਕਈ ਕਿਸਾਨਾਂ ਵਲੋਂ ਫਸਲ ਵੇਚੀ ਨੂੰ 10 ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ ਅਜੇ ਤੱਕ ਉਨ੍ਹਾਂ ਨੂੰ ਅਦਾਇਗੀ ਨਹੀਂ ਹੋਈ, ਇਸ ਲਈ ਕਿਸਾਨਾਂ ਨੂੰ ਤੁਰੰਤ ਭੁਗਤਾਨ ਕੀਤਾ ਜਾਵੇ।


Bharat Thapa

Content Editor

Related News