ਸੱਤਾ ''ਚ ਆ ਕੇ ਜੋ ਵਾਅਦੇ ਪੂਰੇ ਨਾ ਕਰੇ ਉਹ ਸਰਕਾਰ ਡਿਸਮਿਸ ਕੀਤੀ ਜਾਵੇ : ਬਾਦਲ
Friday, Aug 11, 2017 - 07:39 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ) - ਜੋ ਵਾਅਦੇ ਕਰ ਕੇ ਰਾਜਸੀ ਪਾਰਟੀਆਂ ਸੱਤਾ ਵਿਚ ਆਉਣ ਜੇਕਰ ਉਹ ਵਾਅਦੇ ਪੂਰਾ ਨਾ ਕਰਨ ਤਾਂ ਸਰਕਾਰ ਡਿਸਮਿਸ ਹੋਣੀ ਚਾਹੀਦੀ ਹੈ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਿੱਤ ਸਿੰਘ ਬਰਾੜ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਟਰੱਕ ਯੂਨੀਅਨਾਂ ਦੇ ਮੁੱਦੇ 'ਤੇ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਰਜ਼ਾ ਮੁਆਫ਼ੀ ਅਤੇ ਹੋਰ ਕਈ ਵਾਅਦੇ ਕੀਤੇ ਪਰ ਇਹ ਵਾਅਦੇ ਪੂਰੇ ਨਹੀਂ ਕੀਤੇ। ਹੁਣ ਇਸੇ ਤਰ੍ਹਾਂ ਟਰੱਕ ਆਪ੍ਰੇਟਰਾਂ ਨਾਲ ਹੋਇਆ। ਸਰਕਾਰ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਸਬੰਧੀ ਦੋ ਧਿਰਾਂ ਵਿਚ ਚੱਲ ਰਹੀ ਕਸ਼ਮਕਸ਼ ਬਾਰੇ ਕਿਹਾ ਕਿ ਕਾਂਗਰਸ ਤੇ ਕੁਝ ਹੋਰ ਵਿਰੋਧੀ ਕੌਂਸਲਰਾਂ ਵੱਲੋਂ ਮਿਲ ਕੇ ਅਕਾਲੀ ਦਲ ਦੇ ਕੌਂਸਲਰਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਕੋਟਕਪੂਰਾ ਵਿਖੇ ਅਕਾਲੀ ਦਲ ਨਾਲ ਸਬੰਧਿਤ ਕੌਂਸਲਰਾਂ ਨੂੰ ਸਿਆਸੀ ਸ਼ਹਿ 'ਤੇ ਪੁਲਸ ਵੱਲੋਂ ਬੇਵਜ੍ਹਾ ਪ੍ਰੇਸ਼ਾਨ ਕੀਤਾ ਗਿਆ, ਜੋ ਕਿ ਲੋਕਤੰਤਰ ਦਾ ਘਾਣ ਹੈ।
ਸਾਬਕਾ ਮੁੱਖ ਮੰਤਰੀ ਤੋਂ ਇਹ ਪੁੱਛੇ ਜਾਣ 'ਤੇ ਕਿ ਵਿਰੋਧ ਕਰਨ ਵਾਲਿਆਂ ਵਿਚ ਜ਼ਿਆਦਾਤਰ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨਾਲ ਹੀ ਸਬੰਧਿਤ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੌਂਸਲਰਾਂ ਨੂੰ ਡਰਾ ਧਮਕਾ ਕੇ ਲਿਜਾਇਆ ਗਿਆ ਹੈ ਅਤੇ ਕਈ ਕੌਂਸਲਰ ਅੱਜ ਵੀ ਪਾਰਟੀ ਦੇ ਨਾਲ ਹਨ। ਬਾਦਲ ਨੇ ਕਿਹਾ ਕਿ ਉਹ ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।
ਇਸ ਤੋਂ ਪਹਿਲਾਂ ਸ. ਬਾਦਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਭਾਜਪਾ ਦੇ ਸੂਬਾਈ ਆਗੂ ਸੁਭਾਸ਼ ਭਟੇਜਾ ਦੇ ਘਰ ਦੁੱਖ ਪ੍ਰਗਟ ਕਰਨ ਵੀ ਪਹੁੰਚੇ। ਇਸ ਮੌਕੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਨਗਰ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ, ਗੁਰਦੀਪ ਸਿੰਘ ਮੜ੍ਹਮੱਲੂ, ਸਰੂਪ ਸਿੰਘ ਨੰਦਗੜ੍ਹ, ਹੀਰਾ ਸਿੰਘ ਚੜ੍ਹੇਵਣ, ਰਵੀ ਸੇਖੋਂ, ਰਾਜੇਸ਼ ਗੋਰਾ ਪਠੇਲਾ, ਸੰਦੀਪ ਗਿਰਧਰ, ਸਤਪਾਲ ਪਠੇਲਾ, ਲਾਡੀ ਬੱਤਰਾ, ਰਵਿੰਦਰ ਕਟਾਰੀਆ, ਗਗਨ ਕੁੱਕਰੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।