ਵਿਦਿਆਰਥੀਆਂ ਲਈ ਭੇਜੀਅਾਂ ਫੋਲਿਕ ਐਸਿਡ ਦੀਆਂ ਗੋਲੀਆਂ ਮਿਲੀਅਾਂ ਕੂੜੇ ’ਚੋਂ
Sunday, Jul 29, 2018 - 01:18 AM (IST)
ਤਪਾ ਮੰਡੀ, (ਸ਼ਾਮ, ਗਰਗ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਧੌਲਾ ਵਿਖੇ ਵਿਦਿਆਰਥੀਆਂ ਨੂੰ ਦੇਣ ਲਈ ਭੇਜੀਅਾਂ ਫੋਲਿਕ ਐਸਿਡ ਦੀਆਂ ਗੋਲੀਆਂ ਨੂੰ ਕੂਡ਼ੇ ਵਿਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਦੇਣ ਲਈ ਭੇਜੀਆਂ ਹਜ਼ਾਰਾਂ ਗੋਲੀਆਂ ਨੂੰ ਇਕ ਥੈਲੀ ਵਿਚ ਬੰਦ ਕਰ ਕੇ ਕਿਸੇ ਨੇ ਕੂਡ਼ੇ ਵਿਚ ਸੁੱਟ ਦਿੱਤਾ , ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਦੇ ਨਾਲ ਅਧਿਆਪਕਾਂ ਦੀ ਅਣਗਹਿਲੀ ਦਾ ਮਾਮਲਾ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਾਇੰਸ ਬਾਰੇ ਜਾਣਕਾਰੀ ਦੇਣ ਲਈ ਖੇਤੀ ਨਾਲ ਸਬੰਧਤ ਜੈਵਿਕ ਖਾਦ, ਗੰਡੋਆ ਖਾਦ ਬਣਾਉਣ ਲਈ ਵਰਤੀ ਜਾਣ ਵਾਲੀ ਖਾਲ ਲੰਬੇ ਸਮੇਂ ਤੋਂ ਪਾਣੀ ਨਾਲ ਭਰੀ ਪਈ ਹੈ ਅਤੇ ਇਸ ਉੱਤੇ ਪਲ ਰਹੇ ਮੱਛਰ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ, ਜਿਸ ਨਾਲ ਗੰਭੀਰ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਹੈ।
ਪਿੰਡ ਦੇ ਅਗਾਂਹਵਧੂ ਨੌਜਵਾਨ ਬੇਅੰਤ ਸਿੰਘ ਬਾਜਵਾ, ਕੁਲਦੀਪ ਰਾਜੂ, ਪ੍ਰੇਮਜੀਤ ਸਿੰਘ, ਨਿਰਭੈ ਸਿੰਘ, ਅਮਨਦੀਪ ਸਿੰਘ, ਜਿਨ੍ਹਾਂ ਵੱਲੋਂ ਪਿੰਡ ਧੌਲਾ ਵਿਚ ਸਿਹਤ ਜਾਗਰੂਕਤਾ ਕੈਂਪ ਲਾਉਣ ਤੋਂ ਇਲਾਵਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਨੂੰ ਜਦੋਂ ਇਸ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਸਕੂਲ ਵਿਚ ਇਸ ਤਰ੍ਹਾਂ ਦੀ ਅਣਗਹਿਲੀ ਖਿਲਾਫ ਰੋਸ ਪ੍ਰਗਟ ਕੀਤਾ।
ਪ੍ਰਿੰਸੀਪਲ ਨੂੰ ਗੋਲੀਅਾਂ ਸੌਂਪ ਕੇ ਕੀਤੀ ਜਾਂਚ ਦੀ ਮੰਗ
ਨੌਜਵਾਨਾਂ ਨੇ ਕੂਡ਼ੇ-ਕਰਕਟ ’ਚ ਮਿਲੀਅਾਂ ਫੋਲਿਕ ਗੋਲੀਆਂ ਪ੍ਰਿੰਸੀਪਲ ਮੈਡਮ ਸੁਧਾ ਨੂੰ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਇਕੱਤਰ ਹੋਏ ਕਲੱਬ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਡੀ. ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਅਣਗਹਿਲੀ ਵਰਤਣ ਵਾਲੇ ਅਧਿਆਪਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ । ਜਦੋਂ ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਧਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਪਡ਼ਤਾਲ ਕਰ ਰਹੀ ਹਾਂ, ਬਣਦੀ ਕਾਰਵਾਈ ਕੀਤੀ ਜਾਵੇਗੀ।
