ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ ''ਚ ਦੇਣ ਦੀ ਤਿਆਰੀ ''ਚ ਕੈਪਟਨ ਸਰਕਾਰ

10/09/2018 9:43:17 AM

ਬਠਿੰਡਾ— ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਲਈ ਕੈਪਟਨ ਸਰਕਾਰ ਨੇ ਰਣਨੀਤੀ ਉਲੀਕਣੀ ਸ਼ੁਰੂ ਕਰ ਦਿੱਤੀ ਹੈ, ਤਾਂ ਕਿ ਸਹੂਲਤਾਂ ਤੋਂ ਵਾਂਝੇ ਸਕੂਲਾਂ ਦਾ ਵਿਕਾਸ ਹੋ ਸਕੇ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਫੈਸਲਾ ਲੈ ਲਿਆ ਸੀ ਕਿ ਸਰਕਾਰੀ ਸਕੂਲਾਂ 'ਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕਾਰਪੋਰੇਟ ਘਰਾਣਿਆਂ, ਐੱਨ. ਜੀ. ਓ. ਅਤੇ ਟਰੱਸਟਾਂ ਦੀ ਮਦਦ ਲਈ ਜਾਵੇਗੀ। ਪ੍ਰਾਈਵੇਟ ਕੰਪਨੀਆਂ ਵੱਲੋਂ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਇਨ੍ਹਾਂ ਸਕੂਲਾਂ 'ਚ ਪੈਸਾ ਲਾਇਆ ਜਾਵੇਗਾ। ਜਾਣਕਾਰੀ ਮੁਤਾਬਕ, ਸਿੱਖਿਆ ਵਿਭਾਗ ਨੇ ਹਰ ਜ਼ਿਲ੍ਹੇ 'ਚੋਂ 4 ਸਰਕਾਰੀ ਸਕੂਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਾਈਵੇਟ ਕੰਪਨੀ ਜਾਂ ਐੱਨ. ਜੀ. ਓ. ਵੱਲੋਂ ਅਪਣਾਇਆ ਜਾਵੇਗਾ।

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਨ੍ਹਾਂ 4 ਸਰਕਾਰੀ ਸਕੂਲਾਂ ਦਾ ਨਾਮ ਦੱਸੇ ਜਾਣ ਜਿਨ੍ਹਾਂ 'ਚ ਬੁਨਿਆਦੀ ਢਾਂਚੇ ਦਾ ਹਾਲ ਬਹੁਤ ਖਰਾਬ ਹੈ। ਜਾਣਕਾਰੀ ਮੁਤਾਬਕ, ਹਰ ਜ਼ਿਲ੍ਹੇ ਦੇ ਇਕ-ਇਕ ਸਰਕਾਰੀ ਸਕੂਲ ਨੂੰ ਵੱਖ-ਵੱਖ ਪ੍ਰਾਈਵੇਟ ਕੰਪਨੀ ਜਾਂ ਐੱਨ. ਜੀ. ਓ. ਵੱਲੋਂ ਅਡਾਪਟ ਕੀਤਾ ਜਾਵੇਗਾ। ਇਹ ਐੱਨ. ਜੀ. ਓ. ਜਾਂ ਪ੍ਰਾਈਵੇਟ ਕੰਪਨੀ ਇਨ੍ਹਾਂ ਸਕੂਲਾਂ 'ਚ ਕਲਾਸ ਰੂਮ, ਪਖਾਨੇ, ਫਰਨੀਚਰ ਆਦਿ 'ਚ ਸੁਧਾਰ ਕਰਨਗੇ। ਹਾਲਾਂਕਿ ਉਨ੍ਹਾਂ ਸਕੂਲਾਂ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ, ਜਿਨ੍ਹਾਂ ਕੋਲ ਜਗ੍ਹਾ ਹੈ ਪਰ ਸਹੂਲਤਾਂ ਦੀ ਵੱਡੀ ਕਮੀ ਹੋਣ ਕਾਰਨ ਵਿਦਿਆਰਥੀਆਂ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰਕੇ ਸਕੂਲ ਚਲਾਏ ਜਾ ਰਹੇ ਹਨ। ਉੱਥੇ ਹੀ, ਡੈਮੋਕਰੈਟਿਕ ਟੀਚਰਜ਼ ਫਰੰਟ ਦਾ ਕਹਿਣਾ ਹੈ ਕਿ ਸਿੱਖਿਆ ਦੇਣਾ ਸਰਕਾਰ ਦਾ ਫਰਜ਼ ਹੈ ਪਰ ਸਰਕਾਰ ਇਸ ਤੋਂ ਭੱਜ ਰਹੀ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਨਿੱਜੀਕਰਨ ਦਾ ਰਸਤਾ ਖੋਲ੍ਹਣ ਲਈ ਇਹ ਰਾਹ ਖੋਲ੍ਹਿਆ ਹੈ।


Related News