ਸਰਕਾਰੀ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਹਿਮ ਪਹਿਲਕਦਮੀ, ਸਿੱਖਿਆ ਮੰਤਰੀ ਬੈਂਸ ਨੇ ਦਿੱਤਾ ਇਹ ਹੁਕਮ
Monday, Jul 03, 2023 - 11:49 PM (IST)
 
            
            ਲੁਧਿਆਣਾ (ਵਿੱਕੀ)-ਵਿੱਦਿਅਕ ਢਾਂਚੇ ਅਤੇ ਕੁਨੈਕਟੀਵਿਟੀ ਵਧਾਉਣ ਦੇ ਮਕਸਦ ਨਾਲ ਇਕ ਮਹੱਤਵਪੂਰਨ ਵਿਕਾਸ ’ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿਰਦੇਸ਼ ਜਾਰੀ ਕਰਕੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਹਾਈ ਸਪੀਡ ਇੰਟਰਨੈੱਟ ਸਹੂਲਤਾਂ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਹੈ। ਹੁਣ ਸਾਰੇ ਸਰਕਾਰੀ ਸਕੂਲਾਂ ਵਿਚ ਫਾਈਬਰ ਟੂ ਦਿ ਹੋਮ (ਐੱਫ. ਟੀ. ਟੀ. ਐੱਚ.) ਬ੍ਰਾਡਬੈਂਡ ਕੁਨੈਕਸ਼ਨ, ਜਿਸ ਨੂੰ ਵਾਈ-ਫਾਈ ਵੀ ਕਿਹਾ ਜਾਂਦਾ ਹੈ, ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ
ਇਹ ਹਾਈ ਸਪੀਡ ਇੰਟਰਨੈੱਟ ਕੁਨੈਕਸ਼ਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨਲਾਈਨ ਸਿੱਖਿਆ ਸਾਧਨਾਂ ਤੱਕ ਪੁੱਜਣ, ਰਿਸਰਚ ਕਰਨ, ਸਾਥੀਆਂ ਦੇ ਨਾਲ ਸਹਿਯੋਗ ਕਰਨ ਅਤੇ ਵੱਖ–ਵੱਖ ਖੇਤਰਾਂ ’ਚ ਆਧੁਨਿਕ ਵਿਕਾਸ ਤੋਂ ਅੱਪਡੇਟ ਰਹਿਣ ਦੇ ਸਮਰੱਥ ਬਣਾਵੇਗਾ। ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਸੂਬੇ ਭਰ ਦੇ ਵੱਡੀ ਗਿਣਤੀ ’ਚ ਸਕੂਲਾਂ ਵਿਚ ਇੰਟਰਨੈੱਟ ਸਹੂਲਤਾਂ ਪਹਿਲਾਂ ਹੀ ਮੁਹੱਈਆ ਹਨ। ਹਾਲਾਂਕਿ ਸਾਰੇ ਵਿਦਿਆਰਥੀਆਂ ਲਈ ਇਕਸਾਰ ਅਤੇ ਪਹੁੰਚ ਯਕੀਨੀ ਬਣਾਉਣ ਲਈ ਸਿੱਖਿਆ ਵਿਭਾਗ ਨੇ ਅਗਲੇ 2 ਦਿਨਾਂ ਦੇ ਅੰਦਰ ਜ਼ਿਲ੍ਹੇ ਦੇ ਸਕੂਲਾਂ ਤੋਂ ਜਾਣਕਾਰੀ ਮੰਗੀ ਹੈ। ਇਹ ਡਾਟਾ ਉਨ੍ਹਾਂ ਸਕੂਲਾਂ ਦੀ ਪਛਾਣ ਕਰਨ ’ਚ ਮਦਦ ਕਰੇਗਾ, ਜਿਨ੍ਹਾਂ ਵਿਚ ਅਜੇ ਵੀ ਇੰਟਰਨੈੱਟ ਕੁਨੈਕਟੀਵਿਟੀ ਦੀ ਕਮੀ ਹੈ, ਜਿਸ ਨੂੰ ਵਿਭਾਗ ਵੱਲੋਂ ਜਲਦ ਦੂਰ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)
ਸਿੱਖਿਆ ਮੰਤਰੀ ਨੇ ਪੁਸ਼ਟੀ ਕੀਤੀ ਕਿ ਇਹ ਪਹਿਲ ਪੰਜਾਬ ਵਿਚ ਸਿੱਖਿਆ ਨੂੰ ਬਦਲਣ ਦੇ ਸਰਕਾਰ ਦੇ ਨਜ਼ਰੀਏ ਦੇ ਮੁਤਾਬਕ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਸੰਭਵ ਵਿੱਦਿਅਕ ਵਾਤਾਵਰਣ ਦੇਣ ਲਈ ਵਚਨਬੱਧ ਹਾਂ। ਟੈਕਨਾਲੋਜੀ ਦਾ ਲਾਭ ਉਠਾ ਕੇ ਅਤੇ ਸਾਰੇ ਸਰਕਾਰੀ ਸਕੂਲਾਂ ’ਚ ਇੰਟਰਨੈੱਟ ਕੁਨੈਕਟੀਵਿਟੀ ਯਕੀਨੀ ਬਣਾ ਕੇ ਅਸੀਂ ਉਸ ਨਿਸ਼ਾਨੇ ਨੂੰ ਹਾਸਲ ਕਰਨ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ।
ਇਸ ਫ਼ੈਸਲੇ ਦੀ ਸੂਬੇ ਭਰ ਦੇ ਅਧਿਆਪਕ, ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ ’ਤੇ ਸ਼ਲਾਘਾ ਕੀਤੀ ਗਈ ਹੈ। ਸਰਕਾਰੀ ਸਕੂਲਾਂ ’ਚ ਇੰਟਰਨੈੱਟ ਸਹੂਲਤਾਂ ਦੀ ਸ਼ੁਰੂਆਤ ਨਾਲ ਡਿਜੀਟਲ ਸਾਖ਼ਰਤਾ ਵਿਚ ਵਰਣਨਯੋਗ ਸੁਧਾਰ ਹੋਣ, ਰਿਸਰਚ, ਉਨਮੁੱਖ ਸਿੱਖਿਅ ਨੂੰ ਹੱਲਾਸ਼ੇਰੀ ਦੇਣ ਅਤੇ ਵਿਦਿਆਰਥੀਆਂ ’ਚ ਨਵਾਚਾਰ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            