ਘਟੀਆ ਨਤੀਜੇ ਵਾਲੇ ਸਕੂਲਾਂ ਦੀ ਗਰਾਊਂਡ ਰਿਪੋਰਟ ਤਿਆਰ ਕਰਵਾਉਣਗੇ ਸਿੱਖਿਆ ਸਕੱਤਰ
Tuesday, Jun 26, 2018 - 05:01 AM (IST)

ਲੁਧਿਆਣਾ(ਵਿੱਕੀ)-ਪੀ. ਐੱਸ. ਈ. ਬੀ. ਵਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਦੇ ਨਤੀਜਿਆਂ 'ਚ 25 ਫੀਸਦੀ ਤੋਂ ਘੱਟ ਨਤੀਜਾ ਦੇਣ ਵਾਲੇ ਸਰਕਾਰੀ ਸਕੂਲਾਂ ਦੀ ਰਿਪੋਰਟ ਹੁਣ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਜ਼ਿਲਾ ਅਤੇ ਬਲਾਕ ਮੈਂਟਰ ਤਿਆਰ ਕਰਨਗੇ। ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ ਘੱਟ ਕਿਉਂ ਆਇਆ, ਇਸ ਗੱਲ ਦੀ ਜ਼ਮੀਨੀ ਰਿਪੋਰਟ ਤਿਆਰ ਕਰ ਕੇ ਉਕਤ ਸੈਂਟਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸੌਂਪਣਗੇ। ਸੋਮਵਾਰ ਨੂੰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਸਟੇਟ ਕੋ-ਆਰਡੀਨੇਟਰਾਂ ਅਤੇ ਜ਼ਿਲਾ ਅਤੇ ਬਲਾਕ ਮੈਂਟਰਾਂ ਦੀ ਮੀਟਿੰਗ ਦੌਰਾਨ ਸਕੱਤਰ ਐਜੂਕੇਸ਼ਨ ਨੇ ਉਕਤ ਹੁਕਮ ਜਾਰੀ ਕੀਤੇ। ਸਿੱਖਿਆ ਸਕੱਤਰ ਨੇ ਬਕਾਇਦਾ 25 ਫੀਸਦੀ ਤੋਂ ਘੱਟ ਨਤੀਜੇ ਦੇਣ ਵਾਲੇ ਸਕੂਲਾਂ ਦੀ ਲਿਸਟ ਸੌਂਪਦੇ ਹੋਏ ਕਿਹਾ ਕਿ ਰਿਪੋਰਟ ਤਿਆਰ ਕਰਦੇ ਸਮੇਂ ਅਧਿਆਪਕਾਂ ਨੂੰ ਭਵਿੱਖ ਲਈ ਬਿਹਤਰ ਨਤੀਜੇ ਹਿੱਤ ਪ੍ਰੇਰਿਤ ਵੀ ਕੀਤਾ ਜਾਵੇ। ਜਾਣਕਾਰੀ ਮੁਤਾਬਕ ਇਸ ਵਾਰ ਵੀ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਕਈ ਸਰਕਾਰੀ ਸਕੂਲ ਅਜਿਹੇ ਰਹੇ, ਜਿਨ੍ਹਾਂ ਦੇ ਨਤੀਜਿਆਂ ਤੋਂ ਵਿਭਾਗ ਸੰਤੁਸ਼ਟ ਨਹੀਂ ਹੈ। ਹਾਲਾਂਕਿ ਪਿਛਲੇ ਸਾਲ ਦੀ ਬਜਾਏ ਇਸ ਸਾਲ ਸਰਕਾਰੀ ਸਕੂਲਾਂ ਦੇ ਨਤੀਜੇ ਵਿਚ ਕੁੱਝ ਸੁਧਾਰ ਹੋਇਆ ਹੈ ਪਰ ਤਸੱਲੀਬਖਸ਼ ਨਹੀਂ ਕਿਹਾ ਜਾ ਸਕਦਾ। ਅਜਿਹੇ 'ਚ ਅਧਿਆਪਕਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੀ ਬਜਾਏ ਵਿਭਾਗ ਨੇ ਉਨ੍ਹਾਂ ਨੂੰ ਭਵਿੱਖ ਲਈ ਮੋਟੀਵੇਟ ਕਰਨ ਦਾ ਫਾਰਮੂਲਾ ਤਿਆਰ ਕੀਤਾ ਹੈ। ਹੁਣ ਗੱਲ ਜੇਕਰ ਉਕਤ ਕੇਸ ਨੂੰ ਲੈ ਕੇ ਸਕੂਲਾਂ ਦੀ ਕਰੀਏ ਤਾਂ ਜ਼ਿਆਦਾਤਰ ਸਕੂਲ ਅਜਿਹੇ ਹਨ ਕਿ ਜਿੱਥੇ ਵਿਸ਼ੇ ਦੇ ਅਧਿਆਪਕਾਂ ਦੀ ਕਮੀ ਲੰਬੇ ਸਮੇਂ ਤੋਂ ਰੜਕ ਰਹੀ ਹੈ। ਇਥੇ ਹੀ ਬਸ ਨਹੀਂ, ਕਈ ਸਕੂਲ ਅਜਿਹੇ ਵੀ ਹਨ, ਜਿਨ੍ਹਾਂ ਦੇ ਵਿਸ਼ੇ ਮਾਹਿਰ ਅਧਿਆਪਕਾਂ ਦੀਆਂ ਡਿਊਟੀਆਂ ਸਕੂਲਾਂ ਤੋਂ ਬਾਹਰ ਲਾ ਦਿੱਤੀਆਂ ਜਾਂਦੀਆਂ ਹਨ। ਕਈ ਸਕੂਲ ਮੁਖੀ ਇਸ ਸਬੰਧੀ ਦੱਸਦੇ ਹਨ ਕਿ ਜੇਕਰ ਵਿਭਾਗ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੀ ਦਿਸ਼ਾ ਵੱਲ ਗੰਭੀਰਤਾ ਦਿਖਾਵੇ ਤਾਂ ਯਕੀਨਣ ਸਰਕਾਰੀ ਸਕੂਲਾਂ ਦੇ ਨਤੀਜੇ ਆਸ ਮੁਤਾਬਕ ਆ ਸਕਦੇ ਹਨ। ਸਕੂਲਾਂ 'ਚ ਹਾਲਾਤ ਤਾਂ ਇਹ ਹਨ ਕਿ ਗਣਿਤ ਵਿਸ਼ੇ ਵਾਲੇ ਅਧਿਆਪਕ ਪੰਜਾਬੀ ਜਾਂ ਐੱਸ. ਐੱਸ. ਟੀ. ਅਤੇ ਕਈ ਸਕੂਲਾਂ ਵਿਚ ਐੱਸ. ਐੱਸ. ਟੀ. ਜਾਂ ਪੰਜਾਬੀ ਵਾਲੇ ਅਧਿਆਪਕ ਗਣਿਤ ਅਤੇ ਸਾਇੰਸ ਦੀਆਂ ਕਲਾਸਾਂ ਲੈ ਰਹੇ ਹਨ।
ਸਕੂਲਾਂ 'ਚ ਗੁੱਡ ਮਾਰਨਿੰਗ ਕਹਿਣ ਪੁੱਜਣਗੀਆਂ ਸੋਨੀ ਦੀਆਂ ਟੀਮਾਂ
ਰਾਜ ਦੇ ਸਰਕਾਰੀ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਖਤਮ ਹੁੰਦੇ ਹੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਨਿਰਦੇਸ਼ਾਂ 'ਤੇ ਵਿਭਾਗੀ ਟੀਮਾਂ ਸਕੂਲਾਂ ਵਿਚ ਗੁੱਡ ਮਾਰਨਿੰਗ ਕਹਿਣ ਪੁੱਜਣਗੀਆਂ। ਜੀ ਹਾਂ, 2 ਜੁਲਾਈ ਨੂੰ ਜਦੋਂ ਸਰਕਾਰੀ ਸਕੂਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹਣਗੇ ਤਾਂ ਚੈਕਿੰਗ ਟੀਮਾਂ ਸਕੂਲ ਚੈੱਕ ਕਰਨ ਪੁੱਜ ਰਹੀਆਂ ਹਨ। ਸਿੱਖਿਆ ਮੰਤਰੀ ਸੋਨੀ ਨੇ ਸਕੂਲਾਂ ਵਿਚ ਅਧਿਆਪਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਮਕਸਦ ਨਾਲ ਸਿੱਖਿਆ ਸਕੱਤਰ ਨੂੰ ਉਕਤ ਨਿਰਦੇਸ਼ ਜਾਰੀ ਕੀਤੇ ਹਨ। ਸਕੱਤਰ ਕ੍ਰਿਸ਼ਨ ਕੁਮਾਰ ਨੇ ਰਾਜ ਦੇ ਸਮੂਹ ਡੀ. ਈ. ਓਜ਼ ਨੂੰ ਕਿਹਾ ਹੈ ਕਿ ਆਪਣੇ ਜ਼ਿਲਿਆਂ ਦੇ ਸਕੂਲ ਮੁਖੀਆਂ ਨੂੰ ਇਸ ਸਬੰਧੀ ਪਹਿਲਾਂ ਹੀ ਅਗਾਹ ਕਰ ਦੇਣ ਤਾਂ ਕਿ ਸਕੂਲਾਂ ਵਿਚ ਅਚਾਨਕ ਚੈਕਿੰਗ ਟੀਮਾਂ ਦੇ ਆਉਣ ਨਾਲ ਦੁਚਿੱਤੀ ਦਾ ਮਾਹੌਲ ਨਾ ਬਣੇ ਅਤੇ ਸਕੂਲ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕਣ। ਦੱਸਿਆ ਗਿਆ ਹੈ ਕਿ ਚੈਕਿੰਗ ਟੀਮਾਂ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਵੀ ਗੱਲ ਕਰਨਗੀਆਂ ਤਾਂ ਕਿ ਬੱਚਿਆਂ ਨੂੰ ਸਕੂਲ ਵਿਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਬੰਧੀ ਰਿਪੋਰਟ ਬਣਾਈ ਜਾ ਸਕੇ।