ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਵਧਿਆ ਵਿਦਿਆਰਥੀਆਂ ਦਾ ਰੁਝਾਨ
Monday, Apr 08, 2019 - 08:44 AM (IST)
ਚੰਡੀਗੜ੍ਹ : ਪਿਛਲੇ ਦੋ ਸਾਲਾਂ ਦੌਰਾਨ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿਚ ਹਰ ਪੱਖ ਤੋਂ ਸੁਧਾਰ ਹੋ ਰਿਹਾ ਹੈ । ਗੁਣਾਤਮਿਕ ਸਿੱਖਿਆ ਵਿੱਚ ਤੇਜ਼ੀ ਨਾਲ ਹੋ ਰਹੇ ਇਸ ਸੁਧਾਰ ਨੇ ਜਿੱਥੇ ਲੋਕਾਂ ਦੇ ਦਿਲਾਂ 'ਚ ਸਰਕਾਰੀ ਸਕੂਲਾਂ ਪ੍ਰਤੀ ਦੁਬਾਰਾ ਇੱਕ ਵਿਸ਼ਵਾਸ਼ ਪੈਦਾ ਕੀਤਾ ਹੈ, ਉੱਥੇ ਲੋਕਾਂ ਨੇ ਆਪਣੇ ਬੱਚਿਆ ਨੂੰ ਨਿੱਜੀ ਸਕੂਲਾਂ 'ਚੋਂ ਹਟਾ ਕੇ ਦੁਬਾਰਾ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ । ਪਿਛਲੇ ਸਮੇਂ ਦੌਰਾਨ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੇ ਦੁਬਾਰਾ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਦਿੱਤਾ । ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਹੋ ਰਹੇ ਵਿੱਦਿਅਕ ਮੁਕਾਬਲਿਆਂ, ਸੱਭਿਆਚਾਰਕ ਗਤੀਵਿਧੀਆਂ, ਵੱਖ-ਵੱਖ ਵਿਗਿਆਨਿਕ ਮੁਕਾਬਲਿਆਂ, ਖੇਡਾਂ ਦੇ ਮੁਕਾਬਲਿਆਂ ਅਤੇ ਹੋਰ ਕਈ ਪ੍ਰੋਗਰਾਮਾਂ ਕਾਰਨ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ, ਜਿਸ ਨਾਲ ਲੋਕਾਂ ਦਾ ਵਿਸ਼ਵਾਸ਼ ਸਰਕਾਰੀ ਸਕੂਲਾਂ ਪ੍ਰਤੀ ਹੋਰ ਵੀ ਮਜਬੂਤ ਹੋਇਆ ਹੈ । ਸਰਕਾਰੀ ਸਮਾਰਟ ਸਕੂਲਾਂ ਦਾ ਕਾਫਲਾ ਵੀ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ । ਸਕੂਲ ਦਿੱਖ ਪੱਖੋਂ ਨਿੱਜੀ ਸਕੂਲਾਂ ਨੂੰ ਵੀ ਮਾਤ ਪਾ ਰਹੇ ਹਨ । ਮਹਿੰਗੀਆਂ ਫੀਸਾਂ ਭਰ ਕੇ ਜਿਹੜੀਆਂ ਸਹੂਲਤਾਂ ਲੋਕ ਨਿੱਜੀ ਸਕੂਲਾਂ ਵਿੱਚੋਂ ਪ੍ਰਾਪਤ ਕਰ ਰਹੇ ਹਨ ਉਹ ਸਾਰੀਆਂ ਸਹੂਲਤਾਂ ਬਿਨਾਂ ਕਿਸੇ ਫੀਸ ਤੋਂ ਜਦੋਂ ਲੋਕਾਂ ਨੇ ਸਰਕਾਰੀ ਸਕੂਲਾਂ ਵਿੱਚੋਂ ਮਿਲਦੀਆਂ ਦੇਖੀਆਂ ਤਾਂ ਲੋਕ ਆਪ-ਮੁਹਾਰੇ ਹੀ ਨਿੱਜੀ ਸਕੂਲਾਂ ਦਾ ਮੋਹ ਤਿਆਗ ਕੇ ਸਰਕਾਰੀ ਸਕੂਲਾਂ ਵੱਲ ਮੁੜ ਪਏ ਹਨ । ਇਸ ਵਾਰ ਸਿੱਖਿਆ ਵਿਭਾਗ ਦੀ ਈਚ ਵਨ ਬਰਿੰਗ ਵਨ ਮੁਹਿੰਮ ਨੇ ਸਰਕਾਰੀ ਸਕੂਲਾਂ ਵਿਚ ਦਾਖਲੇ ਦਾ ਹੜ੍ਹ ਲਿਆ ਦਿੱਤਾ ਹੈ । ਅਧਿਆਪਕ ਸਹਿਬਾਨ ਦੀ ਮਿਹਨਤ ਸਦਕਾ ਵਿਭਾਗ ਇਸ ਮੁਹਿੰਮ ਵਿਚ ਸਫ਼ਲ ਹੁੰਦਾ ਨਜ਼ਰ ਆ ਰਿਹਾ ਹੈ । ਪੂਰੇ ਪੰਜਾਬ ਵਿਚ ਦਾਖਲਾ ਆਪਣੇ ਪੂਰੇ ਜੋਬਨ 'ਤੇ ਹੈ । ਲਗਭਗ ਪੰਜਾਬ ਦੇ ਹਰ ਸਰਕਾਰੀ ਸਕੂਲ ਵਿਚ ਨਿੱਜੀ ਸਕੂਲਾਂ ਤੋਂ ਵਿਦਿਆਰਥੀਆਂ ਦਾ ਲਗਾਤਾਰ ਆਉਣਾ ਜਾਰੀ ਹੈ । ਇਸ ਦਾ ਇਕ ਹੋਰ ਵੱਡਾ ਕਾਰਨ ਵੱਖ-ਵੱਖ ਮੁਕਾਬਲਿਆਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਅੱਗੇ ਆਉਣਾ ਹੈ । ਇਸ ਵਾਰ ਪੰਜਾਬ ਦੇ ਵਿਦਿਆਰਥੀਆਂ ਦੇ ਵਿਗਿਆਨ ਮੁਕਾਬਲੇ ਵਿਚ ਰਾਸ਼ਟਰੀ ਪੱਧਰ 'ਤੇ ਜੋ ਆਪਣੀ ਪਹਿਚਾਣ ਬਣਾਈ ਹੈ, ਉਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ । ਜਦੋਂ ਇਸ ਬਾਰੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨਵਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦਸਿਆ ਕਿ ਇਸ ਵਾਰ ਜਿਲ੍ਹੇ ਦੇ ਹਰ ਇਕ ਸਕੂਲ ਨੇ ਆਪਣੇ ਪੱਧਰ ਤੇ ਵਧੀਆ ਸ਼ਰੂਆਤ ਕੀਤੀ ਹੈ ।