ਇਕ ਅਪ੍ਰੈਲ ਤੋਂ ਸਰਕਾਰੀ ਸਕੂਲਾਂ ''ਚ ਹਾਜ਼ਰੀ ਲਈ ਨਹੀਂ ਹੋਵੇਗਾ ਕੋਈ ਰਜਿਸਟਰ

01/08/2020 11:35:59 AM

ਪਟਿਆਲਾ (ਪ੍ਰਤਿਭਾ) : ਸਰਕਾਰੀ ਸਕੂਲਾਂ ਵਿਚ ਹਰ ਰੋਜ਼ ਹਾਜ਼ਰੀ ਲਈ ਹੁਣ ਇਕ ਅਪ੍ਰੈਲ ਤੋਂ ਕੋਈ ਰਜਿਸਟਰ ਨਹੀਂ ਲਾਇਆ ਜਾਵੇਗਾ। ਹੁਣ ਅਧਿਆਪਕਾਂ ਅਤੇ ਹੋਰ ਸਟਾਫ ਦੀ ਹਾਜ਼ਰੀ ਆਨਲਾਈਨ ਹੋਵੇਗੀ। ਅਧਿਆਪਕ ਅਤੇ ਸਟਾਫ ਦੀ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਹੀ ਅਟੈਂਡੈਂਸ ਲੱਗੇਗੀ। ਇਸ ਲਈ ਸਾਰੇ ਜ਼ਿਲਾ ਸਿੱਖਿਆ ਅਫਸਰਾਂ ਅਤੇ ਬਲਾਕ ਸਿੱਖਿਆ ਅਫਸਰਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਿੱਖਿਆ ਵਿਭਾਗ ਡਾਇਰੈਕਟਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਵਿਚ ਇਹ ਗੱਲ ਸਾਫ ਤੌਰ 'ਤੇ ਕਹੀ ਗਈ ਹੈ ਕਿ ਇਕ ਅਪ੍ਰੈਲ ਤੋਂ ਸਕੂਲਾਂ ਵਿਚ ਹਾਜ਼ਰੀ ਰਜਿਸਟਰ ਨਹੀਂ ਰੱਖਿਆ ਜਾਵੇਗਾ। ਹਾਜ਼ਰੀ ਆਨਲਾਈਨ ਹੋਵੇਗੀ। ਦੱਸਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਅਲੱਗ-ਅਲੱਗ ਵਿਭਾਗਾਂ ਵਿਚ ਬਾਇਓਮੈਟ੍ਰਿਕ ਅਟੈਂਡੈਂਸ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਵੀ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਅਤੇ ਹੋਰ ਸਟਾਫ ਦੀ ਆਨਲਾਈਨ ਹਾਜ਼ਰੀ ਲਈ ਬਾਇਓਮੈਟ੍ਰਿਕ ਅਟੈਂਡੈਂਸ ਸਕੈਨਰਜ਼ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਤਹਿਤ ਸਾਰੇ ਜ਼ਿਲਾ ਅਫਸਰਾਂ ਨੂੰ ਨਿਰਦੇਸ਼ ਜਾਰੀ ਹੋਏ ਹਨ।

ਬਲਾਕ ਦਫ਼ਤਰਾਂ ਨੂੰ ਦਿੱਤੀਆਂ ਜਾਣਗੀਆਂ ਮਸ਼ੀਨਾਂ
ਵਿਭਾਗ ਅਨੁਸਾਰ ਇਨ੍ਹਾਂ ਮਸ਼ੀਨਾਂ ਦੀ ਈ-ਪੰਜਾਬ ਪੋਰਟਲ 'ਤੇ ਰਜਿਸਟਰੇਸ਼ਨ ਜ਼ਿਲਾ ਐੱਮ. ਆਈ. ਐੱਸ. ਕੋਆਰਡੀਨੇਟਰਾਂ ਵੱਲੋਂ ਕੀਤੀ ਜਾਵੇਗੀ। ਰਜਿਸਟਰੇਸ਼ਨ ਤੋਂ ਬਾਅਦ ਮਸ਼ੀਨਾਂ ਬਲਾਕ ਦਫ਼ਤਰ ਨੂੰ ਦਿੱਤੀਆਂ ਜਾਣਗੀਆਂ। ਬਲਾਕ ਅਫਸਰ ਆਪਣੇ ਦਫ਼ਤਰ ਦੇ ਐੱਮ. ਆਈ. ਐੱਸ. ਕੋਆਡਰੀਨੇਟਰਾਂ ਅਤੇ ਡਾਟਾ ਐਂਟਰੀ ਆਪਰੇਟਰ ਦੀ ਡਿਊਟੀ ਲਾਉਣਗੇ ਕਿ ਉਹ ਸਕੂਲਾਂ ਵਿਚ ਜਾ ਕੇ ਮਸ਼ੀਨਾਂ ਦੀ ਇੰਸਟਾਲੇਸ਼ਨ ਕਰਨ। ਉਹ ਸਟਾਫ ਨੂੰ ਜ਼ਰੂਰੀ ਟਰੇਨਿੰਗ ਵੀ ਦੇਣਗੇ। ਮਸ਼ੀਨਾਂ ਪ੍ਰਾਪਤ ਹੋਣ ਤੋਂ ਬਾਅਦ ਬਲਾਕ ਸਿੱਖਿਆ ਅਫਸਰ ਵੱਲੋਂ ਕੰਪਨੀ ਦੀ ਡਲਿਵਰੀ ਰਿਪੋਰਟ ਤਸਦੀਕ ਕਰਦੇ ਹੋਏ ਡਲਿਵਰੀ ਦੀ ਤਾਰੀਖ ਸਾਫ-ਸਾਫ ਦਰਜ ਕੀਤੀ ਜਾਵੇਗੀ। ਇਸ ਦੀ ਇਕ ਕਾਪੀ ਬਲਾਕ ਦਫ਼ਤਰ ਦੇ ਰਿਕਾਰਡ ਵਿਚ ਰੱਖੀ ਜਾਵੇਗੀ। ਨਾਲ ਹੀ ਬਲਾਕ ਸਿੱਖਿਆ ਅਫਸਰ ਪ੍ਰਾਪਤ ਹੋਈਆਂ ਮਸ਼ੀਨਾਂ ਦੀ ਜਾਣਕਾਰੀ ਈ-ਪੰਜਾਬ ਪੋਰਟਲ 'ਤੇ ਭਰਨਗੇ।

ਸਭ ਤੋਂ ਪਹਿਲਾਂ ਮਸ਼ੀਨਾਂ ਪ੍ਰਾਇਮਰੀ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ
ਹਦਾਇਤਾਂ ਅਨੁਸਾਰ ਸਭ ਤੋਂ ਪਹਿਲਾਂ ਮਸ਼ੀਨਾਂ ਪ੍ਰਾਇਮਰੀ ਸਕੂਲਾਂ ਨੂੰ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਮਿਡਲ, ਹਾਈ ਅਤੇ ਸੈਕੰਡਰੀ ਸਕੂਲ ਕਵਰ ਕੀਤੇ ਜਾਣਗੇ। ਸਕੂਲਾਂ ਦੇ ਨੁਮਾਇੰਦਿਆਂ ਨੂੰ ਮਸ਼ੀਨ ਚਲਾ ਕੇ ਤਸੱਲੀ ਕਰਵਾਉਣ ਤੋਂ ਬਾਅਦ ਹੀ ਆਨਲਾਈਨ ਹਾਜ਼ਰੀ ਲਾਉਣੀ ਯਕੀਨੀ ਬਣਾਈ ਜਾਵੇਗੀ। ਸਕੂਲ ਪੱਧਰ 'ਤੇ ਮਸ਼ੀਨ ਦੀ ਸਟਾਕ ਐਂਟਰੀ ਵੀ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਜ਼ਿਲਾ ਸਿੱਖਿਆ ਅਫਸਰ ਤੇ ਆਈ. ਸੀ. ਟੀ. ਪ੍ਰਾਜੈਕਟ ਕੋਆਰਡੀਨੇਟਰਜ਼ ਆਪੋ-ਆਪਣੇ ਜ਼ਿਲੇ ਵਿਚ ਸੌ ਫੀਸਦੀ ਆਨਲਾਈਨ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਸਮੇਂ-ਸਮੇਂ 'ਤੇ ਪ੍ਰਾਜੈਕਟ ਨੂੰ ਰੀਵਿਊ ਕਰਨਗੇ ਅਤੇ ਜ਼ਰੂਰੀ ਹਦਾਇਤਾਂ ਜਾਰੀ ਕਰਨਗੇ।

ਮਸ਼ੀਨ ਨਾਲ ਛੇੜਛਾੜ 'ਤੇ ਸਕੂਲ ਪ੍ਰਮੁੱਖ ਜ਼ਿੰਮੇਵਾਰ
ਕੰਪਨੀ ਵੱਲੋਂ ਮਸ਼ੀਨ 4 ਸਾਲ ਦੀ ਵਾਰੰਟੀ ਨਾਲ ਦਿੱਤੀ ਜਾ ਰਹੀ ਹੈ। ਮਸ਼ੀਨ ਗੁੰਮ ਹੋਣ, ਟੁੱਟਣ ਜਾਂ ਜਾਣ-ਬੁੱਝ ਕੇ ਮਸ਼ੀਨ ਨਾਲ ਛੇੜਛਾੜ ਹੋਣ 'ਤੇ ਸਕੂਲ ਪ੍ਰਮੁੱਖ ਆਪਣੇ ਪੱਧਰ 'ਤੇ ਮਸ਼ੀਨ ਦੀ ਖਰੀਦ ਕਰਨਗੇ। ਮਸ਼ੀਨ ਵਿਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆਉਣ 'ਤੇ ਬਲਾਕ ਐੱਮ. ਆਈ. ਐੱਸ., ਕੋਆਰਡੀਨੇਟਰਾਂ, ਜ਼ਿਲਾ ਐੱਮ. ਆਈ. ਐੱਸ. ਕੋਆਰਡੀਨੇਟਰਾਂ ਅਤੇ ਮੁੱਖ ਦਫ਼ਤਰ ਨਾਲ ਸੰਪਰਕ ਕਰ ਕੇ ਮਸ਼ੀਨਾਂ ਨੂੰ ਬਦਲੇਗਾ। ਸਰਕਲ ਆਈ. ਸੀ. ਟੀ. ਪ੍ਰਾਜੈਕਟ ਕੋਆਰਡੀਨੇਟਰ ਆਪੋ-ਆਪਣੇ ਸਰਕਲ ਅਧੀਨ ਪੈਂਦੇ ਜ਼ਿਲਿਆਂ ਦੀ ਇਨਸਟਾਲੇਸ਼ਨ ਸਬੰਧੀ ਜ਼ਿਲਾ ਤੇ ਬਲਾਕ ਐੱਮ. ਆਈ. ਐੱਸ. ਕੋਆਰਡੀਨੇਟਰਾਂ ਨਾਲ ਮਿਲ ਕੇ ਮਾਨੀਟਰਿੰਗ ਕਰਨਗੇ। ਬਲਾਕ ਸਿੱਖਿਆ ਅਫਸਰਾਂ ਨੂੰ ਸਕੂਲਾਂ ਵੱਲੋਂ ਲਾਈ ਜਾਣ ਵਾਲੀ ਆਨਲਾਈਨ ਹਾਜ਼ਰੀ ਦੀ ਮਾਨੀਟਰਿੰਗ ਈ-ਪੰਜਾਬ ਪੋਰਟਲ ਵੱਲੋਂ ਕਰਨ ਲਈ ਇਕ ਯੂਜ਼ਰ ਆਈ. ਡੀ. ਅਤੇ ਪਾਸਵਰਡ ਦਿੱਤਾ ਜਾਵੇਗਾ। ਬਲਾਕ ਸਿੱਖਿਆ ਅਫਸਰ ਹੀ ਆਪਣੇ ਬਲਾਕ ਵਿਚ 100 ਫੀਸਦੀ ਆਨਲਾਈਨ ਹਾਜ਼ਰੀ ਲਈ ਜ਼ਿੰਮੇਵਾਰੀ ਹੋਵੇਗਾ।


Shyna

Content Editor

Related News