ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਅਧਿਆਪਕ

Wednesday, Mar 31, 2021 - 01:31 PM (IST)

ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਸਰਕਾਰੀ ਸਕੂਲਾਂ ਦੇ ਅਧਿਆਪਕ

ਲੁਧਿਆਣਾ (ਵਿੱਕੀ) : ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀਆਂ ਹਦਾਇਤਾਂ ’ਤੇ ਸਕੂਲ ਸਿੱਖਿਆ ਮਹਿਕਮੇ ਨੇ ਸਰਕਾਰੀ ਸਕੂਲਾਂ ’ਚ ਦਾਖਲਿਆਂ ਲਈ ਲੋਕਾਂ ਨੂੰ ਪ੍ਰੇਰਣ ਦੇ ਨਾਲ-ਨਾਲ ਕੋਵਿਡ-19 ਮਹਾਮਾਰੀ ਸਬੰਧੀ ਜਾਗਰੂਕ ਕਰਨ ਲਈ ਵੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਸਿੱਖਿਆ ਮਹਿਕਮੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਕਾਰਨ 31 ਮਾਰਚ ਤੱਕ ਸਕੂਲ ਬੰਦ ਕਰ ਦਿੱਤੇ ਗਏ ਹਨ ਪਰ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਦੇ ਨਾਲ-ਨਾਲ ਕੋਰੋਨਾ ਵਾਇਰਸ ਤੋਂ ਬਚਣ ਲਈ ਵੀ ਪ੍ਰੇਰ ਰਹੇ ਹਨ। ਇਸ ਦੌਰਾਨ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਧਿਆਪਕਾਂ ਵੱਲੋਂ ਕੋਰੋਨਾ ਤੋਂ ਬਚਣ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਧਿਆਪਕਾਂ ਵੱਲੋਂ ਆਮ ਲੋਕਾਂ ਨੂੰ ਹੱਥ ਧੋਣ ਦੇ ਤਰੀਕੇ ਸਬੰਧੀ ਦੱਸਣ ਦੇ ਨਾਲ-ਨਾਲ ਮਾਸਕ ਪਹਿਨਣ ਅਤੇ ਘਰੋਂ ਬਾਹਰ ਜਾਂਦੇ ਸਮੇਂ ਆਪਸ ਵਿਚ ਸਰੀਰਕ ਦੂਰੀ ਬਣਾ ਕੇ ਰੱਖਣ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਵਿਅਕਤੀ ਨੇ ਪਟੜੀ ’ਤੇ ਸਿਰ ਰੱਖ ਕੇ ਕੀਤੀ ਆਤਮ ਹੱਤਿਆ, ਸਿਰ ਧੜ ਤੋਂ ਹੋਇਆ ਵੱਖ

 

ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਮਰੀਜ਼ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਮ ਲੋਕਾਂ ਨੂੰ ਘਰਾਂ ਤੋਂ ਲੋੜ ਦੇ ਸਮੇਂ ਹੀ ਬਾਹਰ ਨਿਕਲਣ ਦੀ ਅਪੀਲ ਕਰਦੇ ਹੋਏ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਮਾਜਿਕ ਸਮਾਗਮਾਂ ਦੌਰਾਨ ਭੀੜ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਬੁਲਾਰੇ ਮੁਤਾਬਕ ਲੋਕਾਂ ਨੂੰ ਆਪਣੇ-ਆਪਣੇ ਮੋਬਾਇਲ ਵਿਚ ‘ਕੋਵਾ ਐਪ’ ਡਾਊਨਲੋਡ ਕਰਨ ਲਈ ਅਤੇ ਇਸ ਐਪ ਜ਼ਰੀਏ ਮਿਲਣ ਵਾਲੀਆਂ ਸੇਵਾਵਾਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਸੂਬੇ ਵਿਚ ਯੂ.ਕੇ. ਸਟਰੇਨ ਦੇ ਜ਼ਿਆਦਾ ਪਾਏ ਜਾਣ ਨਾਲ ਕੋਵਿਡ ਕੇਸਾਂ ਅਤੇ ਮੌਤਾਂ ਦੀ ਲਗਾਤਾਰ ਵੱਧਦੀ ਗਿਣਤੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ ਕਾਰਨ ਲਾਈਆਂ ਬੰਦਿਸ਼ਾਂ ਨੂੰ ਅੱਗੇ 10 ਅਪਰੈਲ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਨੂੰ ਵੀ ਤਰਜੀਹੀ ਵਰਗਾਂ ਨੂੰ ਜ਼ਰੂਰੀ ਆਧਾਰ 'ਤੇ ਨਿਸ਼ਾਨਾ ਬਣਾਉਣ ਲਈ ਟੀਕਾਕਰਨ ਥਾਵਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ। ਮੁੱਖ ਸਕੱਤਰ ਅਤੇ ਹੋਰ ਉਚ ਅਧਿਕਾਰੀਆਂ ਨਾਲ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਬੰਦਿਸ਼ਾਂ 31 ਮਾਰਚ ਤੱਕ ਲਗਾਈਆਂ ਸਨ, ਉਨ੍ਹਾਂ ਸਾਰੀਆਂ ਨੂੰ 10 ਅਪ੍ਰੈਲ ਤੱਕ ਵਧਾ ਦਿੱਤਾ ਜਾਵੇ ਅਤੇ ਇਸ ਤੋਂ ਬਾਅਦ ਉਹ ਫਿਰ ਇਸ ਦੀ ਸਮੀਖਿਆ ਕਰਨਗੇ।

ਇਹ ਵੀ ਪੜ੍ਹੋ : ਸਕੂਲਾਂ ਨੂੰ ਖੋਲ੍ਹਣ ਸਬੰਧੀ ਪੁੱਛੇ ਗਏ ਸਵਾਲ ’ਤੇ ਸਿੱਖਿਆ ਮੰਤਰੀ ਨੇ ਦਿੱਤਾ ਕਰਾਰਾ ਜਵਾਬ

 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News