ਵਿਦਿਆਰਥਣਾਂ ਨਾਲ ਰਾਤ ਨੂੰ ਘਟੀਆ ਹਰਕਤ ਕਰਦਾ ਸੀ ਸਰਕਾਰੀ ਸਕੂਲ ਦਾ ਅਧਿਆਪਕ, ਹੋਈ ਵੱਡੀ ਕਾਰਵਾਈ

05/14/2022 10:42:59 AM

ਲੁਧਿਆਣਾ (ਵਿੱਕੀ) : ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਵੱਲੋਂ ਲੁਧਿਆਣਾ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪੀ. ਟੀ. ਆਈ. ਅਧਿਆਪਕ ਖ਼ਿਲਾਫ਼ ਸਕੂਲ ਦੀਆਂ ਵਿਦਿਆਰਥਣਾਂ ਨੂੰ ਰਾਤ ਸਮੇਂ ਮੋਬਾਇਲ ’ਤੇ ਇਤਰਾਜ਼ਯੋਗ ਮੈਸੇਜ ਭੇਜਣ ਦੇ ਸਬੰਧ ’ਚ ਮਿਲੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਉਸ ਨੂੰ ਦੋਸ਼ੀ ਪਾਏ ਜਾਣ ’ਤੇ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਲਈ ਵਿਭਾਗ ਨੇ ਇਕ ਜਾਂਚ ਟੀਮ ਬਣਾਈ ਸੀ, ਜਿਸ ਦੀ ਰਿਪੋਰਟ ਤੋਂ ਬਾਅਦ ਉਕਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਜਾਣਕਾਰੀ ਅਨੁਸਾਰ ਸਬੰਧਿਤ ਸਕੂਲ ਦੀਆਂ ਕੁੱਝ ਵਿਦਿਆਰਥਣਾਂ ਵੱਲੋਂ ਲਿਖ਼ਤੀ ਤੌਰ ’ਤੇ ਸ਼ਿਕਾਇਤ ਕੀਤੀ ਗਈ ਸੀ ਕਿ ਉਕਤ ਪੀ. ਟੀ. ਆਈ. ਅਧਿਆਪਕ ਦੇਰ ਰਾਤ 9 ਤੋਂ 10 ਵਜੇ ਉਨ੍ਹਾਂ ਨੂੰ ਮੈਸੇਜ ਅਤੇ ਫੋਨ ਕਰ ਕੇ ਤੰਗ-ਪਰੇਸ਼ਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਨੂੰ CM ਮਾਨ ਦੀ ਵੱਡੀ ਚਿਤਾਵਨੀ, ਪੁਲਸ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਸ਼ਿਕਾਇਤ ਵਿਚ ਇਕ ਵਿਦਿਆਰਥਣ ਨੇ ਦੋਸ਼ ਲਾਇਆ ਕਿ ਉਕਤ ਅਧਿਆਪਕ ਦਾ ਨਜ਼ਰੀਆ ਉਨ੍ਹਾਂ ਦੇ ਪ੍ਰਤੀ ਠੀਕ ਨਹੀਂ ਹੈ। ਉਹ ਦੇਰ ਰਾਤ ਮੈਸੇਜ ਕਰ ਕੇ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ। ਇੱਥੇ ਹੀ ਬਸ ਨਹੀਂ, ਕਈਆਂ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਪੀ. ਟੀ. ਆਈ. ਅਧਿਆਪਕ ਉਨ੍ਹਾਂ ਨੂੰ ਗਲਤ ਢੰਗ ਨਾਲ ਛੂੰਹਦਾ ਸੀ। ਉੱਥੇ ਵਿਦਿਆਰਥਣ ਨੇ ਦੱਸਿਆ ਕਿ ਉਸ ਨੂੰ ਮੈਸੇਜ ਕੀਤਾ ਜਾਂਦਾ ਹੈ ਅਤੇ ਫੋਨ ਚੁੱਕਣ ਲਈ ਕਿਹਾ ਜਾਂਦਾ ਹੈ। ਉਸ ਨੂੰ ਪੁੱਛਿਆ ਹੈ ਕਿ ਉਹ ਉਦਾਸ ਰਹਿੰਦੀ? ਇਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਇਕ ਮੈਡਮ ਬਾਰੇ ਪੁੱਛਦਾ ਹੈ ਕਿ ਉਹ ਮੈਡਮ ਕੌਣ ਹੈ ਅਤੇ ਕਿੱਥੋਂ ਆਉਂਦੀ ਹੈ? 2-3 ਹੋਰ ਵਿਦਿਆਰਥਣਾਂ ਨੇ ਰਾਤ ਨੂੰ ਮੈਸੇਜ ਕਰਨ ਅਤੇ ਫੋਨ ਅਟੈਂਡ ਕਰਨ ਦੀ ਗੱਲ ਕਹੀ ਹੈ। ਇਕ ਵਿਦਿਆਰਥਣ ਨੇ ਇਹ ਵੀ ਦੱਸਿਆ ਕਿ ਉਕਤ ਅਧਿਆਪਕ ਉਸ ਦੀ ਮਾਂ ਨੂੰ ਫੋਨ ਕਰ ਕੇ ਉਸ ਨਾਲ ਗੱਲ ਕਰਵਾਉਣ ਲਈ ਕਹਿੰਦਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ 117 ਵਿਧਾਇਕਾਂ ਦੀ ਲੱਗੇਗੀ ਟ੍ਰੇਨਿੰਗ, ਪੇਪਰਲੈੱਸ ਹੋਵੇਗੀ ਵਿਧਾਨ ਸਭਾ

ਵਿਦਿਆਰਥਣਾਂ ਵੱਲੋਂ ਆਪਣੀ ਲਿਖ਼ਤੀ ਸ਼ਿਕਾਇਤ ਦੇ ਨਾਲ ਉਕਤ ਅਧਿਆਪਕ ਵੱਲੋਂ ਕੀਤੇ ਗਏ ਮੈਸੇਜ ਦੇ ਸਕ੍ਰੀਨਸ਼ਾਟ ਵੀ ਦਿੱਤੇ ਗਏ ਹਨ। ਉੱਥੇ ਵਿਭਾਗੀ ਜਾਂਚ ’ਚ ਸਬੰਧਿਤ ਅਧਿਆਪਕ ਨੇ ਖ਼ੁਦ ਵੀ ਮੰਨਿਆ ਹੈ ਕਿ ਉਹ ਦੇਰ ਰਾਤ ਵਿਦਿਆਰਥਣਾਂ ਨੂੰ ਮੈਸੇਜ ਕਰਦਾ ਰਿਹਾ ਹੈ। ਇਸ ਬਾਰੇ ਡੀ. ਈ. ਓ. ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਪੀ. ਟੀ. ਆਈ. ਅਧਿਆਪਕ ਖ਼ਿਲਾਫ਼ ਜੋ ਸ਼ਿਕਾਇਤ ਮਿਲੀ ਸੀ, ਉਸ ਦੀ ਜਾਂਚ ਰਿਪੋਰਟ ਤੋਂ ਬਾਅਦ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਗਈ ਹੈ। ਅਗਲੀ ਕਾਰਵਾਈ ਵੀ ਵਿਭਾਗ ਦੇ ਸਰਵਿਸ ਰੂਲਜ਼ ਮੁਤਾਬਕ ਅਮਲ ’ਚ ਲਿਆਂਦੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News