ਸਰਕਾਰੀ ਸਕੂਲ ਦੇ ਹੋਣਹਾਰ ਬੱਚੇ, ਤੋਤੇ ਵਾਂਗ ਰਟੀ ਹੈ ਦੇਸ਼-ਵਿਦੇਸ਼ ਦੀ ਜਾਣਕਾਰੀ
Friday, Jun 08, 2018 - 12:45 AM (IST)
ਰੂਪਨਗਰ/ਰੋਪੜ (ਸੱਜਣ ਸੈਣੀ)— ਚੌਥੀ ਅਤੇ ਪੰਜਵੀਂ ਜਮਾਤ 'ਚ ਪੜ੍ਹਦੇ ਹਰਸ਼ਦੀਪ ਅਤੇ ਜੋਤੀ ਇਹ ਦੋਵੇਂ ਬੱਚੇ ਨਾ ਤਾਂ ਕਿਸੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਹਨ ਅਤੇ ਨਾ ਹੀ ਕਿਸੇ ਕਾਨਵੈਂਟ ਸਕੂਲ 'ਚ ਪੜ੍ਹਦੇ ਹਨ ਪਰ ਇਨ੍ਹਾਂ ਦਾ ਬਾ-ਕਮਾਲ ਗਿਆਨ ਮਹਿੰਗੇ ਸਕੂਲਾਂ 'ਚ ਪੜ੍ਹਣ ਵਾਲਿਆਂ ਨੂੰ ਵੀ ਮਾਤ ਪਾਉਂਦਾ ਹੈ। ਰੂਪਨਗਰ ਦੇ ਪਿੰਡ ਛਾਂਗੜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਲਗਭਗ ਹਰ ਬੱਚਾ ਇਸ ਤਰ੍ਹਾਂ ਫਰਾਟੇਦਾਰ ਅੰਗਰੇਜ਼ੀ ਬੋਲਦਾ ਹੈ ਕਿ ਸੁਣਨ ਵਾਲਾ ਦੰਗ ਰਹਿ ਜਾਵੇ।
ਇਸ ਸਕੂਲ ਦੇ ਬੱਚੇ ਜਿੱਥੇ ਫਰਾਟੇਦਾਰ ਅੰਗਰੇਜ਼ੀ ਬੋਲਦੇ ਹਨ, ਉਥੇ ਹੀ ਉਨ੍ਹਾਂ ਦੀ ਜਨਰਲ ਨਾਲੇਜ ਵੱਡੇ-ਵੱਡੇ ਗਿਆਨੀਆਂ ਨੂੰ ਦੰਦਾਂ ਹੇਠ ਉਂਗਲਾਂ ਦੇਣ ਲਈ ਮਜਬੂਰ ਕਰ ਦਿੰਦੀ ਹੈ। ਗੱਲ ਭਾਵੇਂ ਪੰਜਾਬ ਦੇ ਜ਼ਿਲਿਆਂ, ਤਹਿਸੀਲਾਂ-ਸਬ ਤਹਿਸੀਲਾਂ ਅਤੇ ਡਿਪਟੀ ਕਮਿਸ਼ਨਰਾਂ ਦੇ ਨਾਵਾਂ ਦੀ ਹੋਵੇ ਜਾਂ ਫਿਰ ਦੇਸ਼ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮਾਂ ਦੀ, ਇਹ ਸਭ ਕੁਝ ਬੱਚਿਆਂ ਨੂੰ ਉਂਗਲੀਆਂ 'ਤੇ ਯਾਦ ਹੈ ਅਤੇ ਤੋਤੇ ਵਾਂਗ ਬੋਲ ਕੇ ਸੁਣਾਉਂਦੇ ਹਨ।
ਦੱਸਣਯੋਗ ਹੈ ਕਿ ਬੱਚਿਆਂ ਦੇ ਅੰਦਰ ਗਿਆਨ ਦੀ ਇਸ ਲੋਅ ਨੂੰ ਜਗਾਇਆ ਹੈ, ਸਕੂਲ ਦੇ ਮਿਹਨਤੀ ਅਧਿਆਪਕਾਂ ਨੇ। ਪਿੰਡ ਵਾਸੀਆਂ ਦੀ ਮਦਦ ਨਾਲ ਇਨ੍ਹਾਂ ਅਧਿਆਪਕਾਂ ਨੇ ਨਾ ਸਿਰਫ ਸਕੂਲ ਦਾ ਮੂੰਹ-ਮੱਥਾ ਹੀ ਸਵਾਰਿਆ ਸਗੋਂ ਬੱਚਿਆਂ ਦੀ ਕਾਬਲੀਅਤ ਪਛਾਣ ਕੇ ਇਸ ਨੂੰ ਤਰਾਸ਼ਿਆ ਵੀ।
32 ਬੱਚਿਆਂ ਅਤੇ 2 ਅਧਿਆਪਕਾਂ ਵਾਲਾ ਇਹ ਸਕੂਲ ਪੜ੍ਹਾਈ ਦੇ ਨਾਲ-ਨਾਲ ਬਿਲਡਿੰਗ ਅਤੇ ਹੋਰ ਸਹੂਲਤਾਂ ਪੱਖੋਂ ਵੀ ਨੰਬਰ ਵੰਨ ਹੈ। ਮਾਪੇ ਵੀ ਬੱਚਿਆਂ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਤੋਂ ਕਾਫੀ ਸੰਤੁਸ਼ਟ ਹਨ। ਅੱਜ ਦੇ ਯੁੱਗ 'ਚ ਜਦ ਮਾਪੇ ਸਿਰਫ ਇਸ ਲਈ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਂਦੇ ਹਨ ਤਾਂ ਕਿ ਉਹ ਮੁਕਾਬਲੇਬਾਜ਼ੀ ਦੀ ਦੌੜ 'ਚ ਕਿਤੇ ਪਿੱਛੇ ਨਾ ਰਹਿ ਜਾਣ। ਅਜਿਹੇ 'ਚ ਛਾਂਜੜੀਆਂ ਪਿੰਡ ਦੇ ਇਸ ਸਕੂਲ ਨੇ ਸਰਕਾਰੀ ਸਕੂਲਾਂ ਦੇ ਮਾਅਨੇ ਹੀ ਬਦਲ ਕੇ ਰੱਖ ਦਿੱਤੇ ਹਨ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਅਧਿਆਪਕਾਂ 'ਚ ਪੜ੍ਹਾਉਣ ਅਤੇ ਬੱਚਿਆਂ 'ਚ ਪੜਨ ਦਾ ਜਜ਼ਬਾ ਹੋਵੇ ਤਾਂ ਫਿਰ ਸਰਕਾਰੀ ਸਕੂਲ ਵੀ ਕਿਸੇ ਤੋਂ ਘੱਟ ਨਹੀਂ।