ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵੱਲੋਂ ਬ੍ਰਿਜ ਕੋਰਸ ਦੇ ਬਾਈਕਾਟ ਦਾ ਐਲਾਨ

01/04/2018 6:18:29 AM

ਸੁਲਤਾਨਪੁਰ ਲੋਧੀ, (ਧੀਰ)— ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਜ਼ਿਲਾ ਕਪੂਰਥਲਾ ਵਲੋਂ ਪੰਜਾਬ ਸਰਕਾਰ ਵਲੋਂ ਬੀ. ਐੱਡ. ਅਧਿਆਪਕਾਂ ਲਈ ਬ੍ਰਿਜ ਕੋਰਸ ਕਰਨ ਸਬੰਧੀ ਕੱਢੇ ਗਏ ਪੱਤਰ ਦੀ  ਨਿਖੇਧੀ ਕੀਤੀ ਗਈ। 
ਇਸ ਸਬੰਧੀ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵਿਚ ਜਥੇਬੰਦੀਆਂ ਦੇ ਪ੍ਰਧਾਨਾਂ  ਗੁਰਮੇਜ ਸਿੰਘ ਐਲੀਮੈਂਟਰੀ ਟੀਚਰਜ਼ ਯੂਨੀਅਨ, ਸੁਖਦਿਆਲ ਸਿੰਘ ਝੰਡ ਅਧਿਆਪਕ ਦਲ, ਸਰਤਾਜ ਸਿੰਘ ਬੀ. ਐੱਡ. ਫਰੰਟ, ਨਿਸ਼ਾਂਤ ਕੁਮਾਰ, ਰਛਪਾਲ ਸਿੰਘ ਵੜੈਚ ਪ੍ਰਧਾਨ ਈ. ਟੀ. ਟੀ. ਯੂਨੀਅਨ ਨੇ ਦੱਸਿਆ  ਕਿ ਸਰਕਾਰ ਵਲੋਂ ਹੁਣ ਜਦੋਂਕਿ ਅਧਿਆਪਕਾਂ ਨੂੰ ਸਕੂਲਾਂ ਵਿਚ ਕੰਮ ਕਰਦਿਆਂ 16 ਸਾਲ ਹੋ ਚੁੱਕੇ ਹਨ। ਉਨ੍ਹਾਂ ਅਧਿਆਪਕਾਂ ਨੂੰ ਅਯੋਗ ਕਰਾਰ ਦਿੱਤਾ ਜਾ ਰਿਹਾ ਹੈ ਜੋ ਤਰਕਹੀਣ ਹੈ। ਇੰਨੇ ਸਾਲਾਂ ਦੀ ਸਰਵਿਸ ਦੌਰਾਨ ਅਧਿਆਪਕ ਪ੍ਰਾਇਮਰੀ ਸਿੱਖਿਆ ਨਾਲ ਸਬੰਧਤ ਸੈਮੀਨਾਰ/ਟ੍ਰੇਨਿੰਗ ਆਦਿ ਲੈ ਚੁੱਕੇ ਹਨ ਅਤੇ ਉਹ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਦੇ ਹੋਏ ਬਹੁਤ ਸਾਰੀਆਂ ਪ੍ਰਾਪਤੀਆਂ ਕਰ ਚੁੱਕੇ ਹਨ, ਜਦਕਿ ਕਈ ਅਧਿਆਪਕ ਇਸ ਸਮੇਂ ਦੌਰਾਨ ਤਰੱਕੀਆਂ ਵੀ ਲੈ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਸਿੱਖਿਆ ਬਚਾਓ ਮੰਚ ਇਹ ਐਲਾਨ ਕਰਦਾ ਹੈ ਕਿ ਕਿਸੇ ਵੀ ਹਾਲਤ ਵਿਚ ਅਜਿਹੇ ਬ੍ਰਿਜ ਕੋਰਸ ਨਹੀਂ ਕੀਤੇ ਜਾਣਗੇ ਤੇ ਆਉਣ ਵਾਲੇ ਸਮੇਂ ਵਿਚ ਅਜਿਹੇ ਫਰਮਾਨਾਂ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੀਆਂ ਸਭ ਜਥੇਬੰਦੀਆਂ 5 ਜਨਵਰੀ ਨੂੰ ਪੂਰੇ ਸੂਬੇ ਵਿਚ ਡਿਪਟੀ ਕਮਿਸ਼ਨਰਾਂ ਤੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਇਸ ਫਰਮਾਨ ਨੂੰ ਰੱਦ ਕਰਨ ਸਬੰਧੀ ਮੰਗ-ਪੱਤਰ ਸੌਂਪਣਗੀਆਂ। ਉਨ੍ਹਾਂ ਜ਼ਿਲੇ ਦੇ ਸਮੂਹ ਅਧਿਆਪਕਾਂ ਤੇ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ 5 ਜਨਵਰੀ ਨੂੰ ਬਾਅਦ ਦੁਪਹਿਰ ਸਕੂਲ ਸਮੇਂ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੁੱਜਣ।


Related News