ਫੇਸਬੁੱਕ ''ਤੇ ਦਿਖੇਗਾ 19 ਹਜ਼ਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਟੇਲੈਂਟ

10/30/2019 2:06:14 PM

ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੇ ਨਾਲ ਉਨ੍ਹਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਹਰ ਗਤੀਵਿਧੀ ਨੂੰ ਹਰ ਕੋਈ ਦੇਖ ਸਕੇ, ਇਸ ਲਈ ਹੁਣ ਸਿੱਖਿਆ ਵਿਭਾਗ ਪੰਜਾਬ ਨੇ ਕਦਮ ਵਧਾਏ ਹਨ। ਇਸੇ ਲੜੀ 'ਚ ਵਿਭਾਗ ਨੇ ਹੁਣ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਆਪਣਾ ਫੇਸਬੁੱਕ ਅਕਾਊਂਟ ਬਣਾਉਣ ਦਾ ਸੁਝਾਅ ਦਿੱਤਾ ਹੈ ਤਾਂ ਕਿ ਸਕੂਲ 'ਚ ਹੋਣ ਵਾਲੀ ਹਰ ਗਤੀਵਿਧੀ ਵਿਚ ਬੱਚਿਆਂ ਦਾ ਟੇਲੈਂਟ ਉਸ ਪੇਜ 'ਤੇ ਅਪਲੋਡ ਕੀਤਾ ਜਾ ਸਕੇ। ਇੱਥੇ ਦੱਸ ਦੇਈਏ ਕਿ ਸੂਬੇ ਵਿਚ ਕੁਲ 19,000 ਸਰਕਾਰੀ ਸਕੂਲ ਹਨ।
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤੋਂ ਬਾਅਦ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਨੇ ਉਕਤ ਸਬੰਧੀ ਪੱਤਰ ਸਾਰੇ ਜ਼ਿਲਿਆਂ ਦੇ ਸਕੂਲ ਮੁਖੀਆਂ ਅਤੇ ਡੀ. ਈ. ਓਜ਼ ਨੂੰ ਜਾਰੀ ਕਰ ਦਿੱਤਾ ਹੈ। ਇਹੀ ਨਹੀਂ, ਉਕਤ ਪੱਤਰ ਵਿਚ ਇਸ ਗੱਲ ਦਾ ਖਾਸ ਜ਼ਿਕਰ ਕੀਤਾ ਗਿਆ ਹੈ ਕਿ ਸਕੂਲੀ ਵਿਦਿਆਰਥੀਆਂ ਦੇ ਨਤੀਜੇ ਵਿਚ ਸੁਧਾਰ ਲਈ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਨਾਲ ਜੋੜਿਆ ਜਾਵੇ। ਇਸ ਲਈ ਸਕੂਲ ਅਧਿਆਪਕਾਂ ਨੂੰ ਪੇਰੈਂਟਸ ਨਾਲ ਇਕ ਵਟਸਐਪ ਗਰੁੱਪ ਬਣਾਉਣ ਲਈ ਵੀ ਕਿਹਾ ਗਿਆ ਹੈ।
ਸਕੂਲ ਮੁਖੀ ਤਿਆਰ ਕਰਨਗੇ ਈ-ਕੰਟੈਂਟ ਦਾ ਵੱਖਰਾ ਟਾਈਮ ਟੇਬਲ
ਸਰਕਾਰੀ ਸਕੂਲਾਂ 'ਚ ਸ਼ੁਰੂ ਕੀਤੇ ਗਏ ਈ-ਕੰਟੈਂਟ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਵੱਲ ਵੀ ਵਿਭਾਗ ਦਾ ਪੂਰਾ ਧਿਆਨ ਲੱਗਾ ਹੋਇਆ ਹੈ। ਸਕੂਲਾਂ 'ਚ ਦੌਰੇ 'ਤੇ ਜਾਣ ਵਾਲੀਆਂ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਕੂਲ 'ਚ ਈ-ਕੰਟੈਂਟ ਡਾਊਨਲੋਡ ਕੀਤਾ ਗਿਆ ਹੋਵੇ। ਈ-ਕੰਟੈਂਟ ਦੇ ਮੋਨੀਟਰ ਲਈ ਇਕ ਵੱਖਰਾ ਕਮਰਾ ਹੋਣਾ ਚਾਹੀਦਾ ਹੈ। ਸਕੂਲ ਦਾ ਸਮੂਹ ਸਟਾਫ ਈ-ਕੰਟੈਂਟ ਦੀ ਵਰਤੋਂ ਕਰੇ। ਨਾਲ ਹੀ ਟਾਈਮ ਟੇਬਲ ਦੇ ਸਾਰੇ 8 ਪੀਰੀਅਡਾਂ ਦੌਰਾਨ ਕੰਟੈਂਟ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਸਕੂਲ ਮੁਖੀ ਈ-ਕੰਟੈਂਟ ਰਾਹੀਂ ਬੱਚਿਆਂ ਨੂੰ ਪੜ੍ਹਨ ਲਈ ਵੱਖਰਾ ਟਾਈਮ ਟੇਬਲ ਤਿਆਰ ਕਰਨ। ਨਾਲ ਹੀ ਟੀਮਾਂ ਨੂੰ ਜ਼ਿਲੇ ਦੇ ਸਕੂਲਾਂ ਦਾ ਈ-ਪੰਜਾਬ ਪੋਰਟਲ ਅਤੇ ਐੱਚ. ਆਰ. ਐੱਮ. ਐੱਸ. ਸਕੂਲ ਦਾ ਹਰ ਤਰ੍ਹਾਂ ਦਾ ਡਾਟਾ ਅਪਡੇਟ ਕਰਵਾਉਣਾ ਹੋਵੇਗਾ।
ਉਡਾਣ ਪ੍ਰਾਜੈਕਟ ਅਤੇ ਵਰਡ ਆਫ ਦਿ ਡੇਅ 'ਤੇ ਨਜ਼ਰ
ਗਾਈਡਲਾਈਨਜ਼ ਮੁਤਾਬਕ ਸਾਰੀਆਂ ਜ਼ਿਲਾ ਸਿੱਖਿਆ ਸੁਧਾਰ ਟੀਮਾਂ ਨੂੰ ਸਕੂਲ ਦੌਰੇ ਦੌਰਾਨ ਉਡਾਣ ਪ੍ਰਾਜੈਕਟ 'ਤੇ ਵੀ ਨਜ਼ਰ ਰੱਖਣੀ ਹੋਵੇਗੀ। ਟੀਮਾਂ ਨੂੰ ਨਿਰਦੇਸ਼ ਹਨ ਕਿ ਵਰਡ ਆਫ ਦਿ ਡੇਅ ਸਕੂਲ ਮੁਖੀ ਵੱਲੋਂ ਸਵੇਰ ਦੀ ਸਭਾ ਵਿਚ ਚੰਗੀ ਤਰ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਜਾਂਦਾ ਹੋਵੇ। ਨਾਲ ਹੀ ਦੇਖਣਾ ਹੋਵੇਗਾ ਕਿ ਵਰਡ ਆਫ ਦਿ ਡੇਅ ਹਰ ਕਲਾਸ 'ਚ ਲਿਖਿਆ ਜਾ ਰਿਹਾ ਹੋਵੇ।


Babita

Content Editor

Related News