ਰਾਜਿੰਦਰਾ ਹਸਪਤਾਲ ਦੇ ਕਲਰਕ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ; ਸਟਾਫ ਮੈਂਬਰ ਕੀਤੇ ਇਕਾਂਤਵਾਸ
Monday, Jun 22, 2020 - 04:07 PM (IST)
ਪਟਿਆਲਾ (ਪਰਮੀਤ) : ਸਰਕਾਰੀ ਰਾਜਿੰਦਰਾ ਹਸਪਤਾਲ 'ਚ ਇਕ ਕਲਰਕ ਦੇ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੇ ਡਿਪਟੀ ਮੈਡੀਕਲ ਸੁਪਰਡੈਂਟ ਸਮੇਤ 9 ਸਟਾਫ ਮੈਂਬਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਤੇ ਹਸਪਤਾਲ 'ਚ ਅਕਾਊਂਟ ਦਫਤਰ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਕਲਰਕ ਦੇ ਸੰਪਰਕ 'ਚ ਆਏ ਹੋਰ ਮੁਲਾਜ਼ਮਾਂ ਦੇ ਵੀ ਸੈਂਪਲ ਲਏ ਹਨ।
ਰਾਜਿੰਦਰਾ ਹਸਪਤਾਲ 'ਚ 6 ਨਰਸਾਂ ਸਮੇਤ 11 ਸਟਾਫ ਮੈਂਬਰ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਆਏ ਸਨ। ਇਨ੍ਹਾਂ ਦੇ ਸੰਪਰਕ 'ਚ ਆਏ ਇਕ ਕਲਰਕ ਸਿਹਤ ਵਿਭਾਗ ਨੇ ਸੈਂਪਲ ਲਿਆ ਸੀ, ਜਿਸਦੀ ਰਿਪੋਰਟ ਕੱਲ੍ਹ ਪਾਜ਼ੇਟਿਵ ਆ ਗਈ ਸੀ। ਇਸ ਉਪਰੰਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਡਿਪਟੀ ਮੈਡੀਕਲ ਸੁਪਰਡੈਂਟ ਤੇ 7 ਹੋਰ ਸਟਾਫ ਮੈਂਬਰ ਇਕਾਂਤਵਾਸ 'ਚ ਭੇਜੇ ਗਏ ਹਨ। ਕਲਰਕ ਦੇ ਸੰਪਰਕ 'ਚ 48 ਹੋਰ ਵਿਅਕਤੀ ਵੀ ਆਏ ਦੱਸੇ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਇਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੋ ਪਾਜ਼ੀਟਿਵ ਆਏ ਸਨ, ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਹੋਰ ਸਟਾਫ ਮੈਂਬਰਾਂ 'ਚ ਵੀ ਕੋਰੋਨਾਂ ਦੇ ਲੱਛਣ ਪਾਏ ਗਏ ਹਨ।