800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੀ ਥਾਂ ਮਿਆਰ ਉੱਚਾ ਚੁੱਕੇ ਕੈਪਟਨ ਸਰਕਾਰ : ਨੰਗਲ

10/24/2017 3:38:10 PM

ਫਗਵਾੜਾ(ਹਰਜੋਤ, ਜਲੋਟਾ)— ਲੋਕ ਇਨਸਾਫ ਪਾਰਟੀ ਤੇ 'ਆਪ' ਦਾ ਵਫਦ ਜਰਨੈਲ ਨੰਗਲ ਦੀ ਅਗਵਾਈ 'ਚ ਐੱਸ. ਡੀ. ਐੱਮ. ਮੈਡਮ ਜਯੋਤੀ ਬਾਲਾ ਮੱਟੂ ਨੂੰ ਮਿਲਿਆ ਅਤੇ ਮੰਗ-ਪੱਤਰ ਦਿੱਤਾ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ 'ਚ 800 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ, ਉਹ ਸਰਾਸਰ ਗਰੀਬਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਣ ਦੀ ਇਕ ਸਾਜ਼ਿਸ਼ ਅਤੇ ਪੰਜਾਬ ਦੇ ਗਰੀਬ ਪਰਿਵਾਰਾਂ ਨਾਲ ਬਹੁਤ ਵੱਡਾ ਧੋਖਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਅੰਦਰ ਹਜ਼ਾਰਾਂ ਪਰਿਵਾਰ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਮਜਬੂਰ ਹੋਣਗੇ। ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਦੇ ਲੋਕਾਂ ਨੂੰ ਲੁੱਟਣ 'ਚ ਹੋਰ ਬਲ ਮਿਲੇਗਾ ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਲੱਗੇਗਾ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਦੇ ਇਸ਼ਾਰੇ 'ਤੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਰਹੀ ਹੈ। 
ਉਨ੍ਹਾਂ ਨੇ ਮੰਗ ਕੀਤੀ ਕਿ ਗਰੀਬ ਵਿਰੋਧੀ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਸਕੂਲਾਂ ਦਾ ਮਿਆਰ ਉਚਾ ਚੁੱਕ ਕੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਤੇ ਅਧਿਆਪਕਾਂ ਦੀ ਸੰਖਿਆ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਲੋਕ ਇਨਸਾਫ ਪਾਰਟੀ ਤੇ 'ਆਪ' ਤਿੱਖਾ ਅੰਦੋਲਨ ਸ਼ੁਰੂ ਕਰਨਗੇ। 
ਇਸ ਮੌਕੇ ਹਰਮੇਸ਼ ਪਾਠਕ, ਇੰਜੀਨੀਅਰ ਪ੍ਰਦੀਪ ਮੱਲ ਪ੍ਰਧਾਨ ਬਹੁਜਨ ਸਟੂਡੈਂਟ ਫੈਡਰੇਸ਼ਨ, ਬਲਰਾਜ ਬਾਊਜੀ, ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ ਤੇ ਅਮਰਜੀਤ ਖੁੱਤਣ, ਕੁਲਦੀਪ ਰਾਮ ਪੰਚਾਇਤ ਮੈਂਬਰ, ਰਾਮ ਮੂਰਤੀ ਪੰਚਾਇਤ ਮੈਂਬਰ, ਅਜੇ ਕੁਮਾਰ ਪੰਚ, ਸ਼ੰਮੀ ਬੰਗੜ, ਪਲਵਿੰਦਰ ਸਿੰਘ, ਜਸਦੇਵ ਸਿੰਘ, ਗਿਆਨ ਸਿੰਘ ਸਫਰੀ, ਜਤਿੰਦਰ ਸਿੰਘ, ਜਸਬੀਰ ਸਿੰਘ, ਰਵੀ ਕੁਮਾਰ, ਅਮਰਜੀਤ, ਜਸਪਾਲ ਸਿੰਘ, ਅਮਨਦੀਪ ਕੁਮਾਰ ਵੀ ਹਾਜ਼ਰ ਸਨ। ਇਸੇ ਤਰ੍ਹਾਂ ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸ. ਸੀ., ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਜ਼ਿਲਾ ਕਪੂਰਥਲਾ ਪ੍ਰਧਾਨ ਸਤਵੰਤ ਟੂਰਾ, ਮਨਜੀਤ ਗਾਟ, ਬਲਵਿੰਦਰ ਮਸੀਹ ਤੇ ਸੰਤੋਖ ਸਿੰਘ ਕਪੂਰਥਲਾ ਨੇ ਵੀ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਇਸੇ ਤਰ੍ਹਾਂ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਸੈਂਕੜੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਕੇ ਦੂਸਰੇ ਸਕੂਲਾਂ 'ਚ ਮਰਜ ਕਰਨ ਦੀ ਨਿਖੇਧੀ ਕੀਤੀ ਹੈ।


Related News