ਸਰਕਾਰ ਦੀ ਨਵੀਂ ਪੈਨਸ਼ਨ ਸਕੀਮ ਨੂੰ ਲੈ ਕੇ ਦੁਚਿੱਤੀ 'ਚ ਹਨ ਗਾਹਕ
Wednesday, Feb 20, 2019 - 12:28 PM (IST)
ਜਲੰਧਰ (ਵਿਸ਼ੇਸ਼)—'ਪ੍ਰਧਾਨ ਮੰਤਰੀ ਸ਼੍ਰਮ ਜੋਗੀ ਮਾਨਧਨ' (ਪੀ. ਐੱਮ. ਐੱਸ. ਵਾਈ. ਐੱਮ.) ਪੈਨਸ਼ਨ ਯੋਜਨਾ ਦੀ ਸ਼ੁਰੂਆਤ 15 ਫਰਵਰੀ ਤੋਂ ਹੋ ਚੁੱਕੀ ਹੈ। ਇਹ ਪੈਨਸ਼ਨ ਯੋਜਨਾ ਅਸੰਗਠਿਤ ਖੇਤਰਾਂ ਦੇ ਕਾਮਿਆਂ ਲਈ ਹੈ, ਜਿਸ ਦੀ ਵਿਆਜ ਦਰ ਨੂੰ ਸੰਗਠਿਤ ਖੇਤਰ ਦੇ ਪੈਨਸ਼ਨ ਫੰਡ ਦੇ ਵਿਆਜ 8.55 ਫੀਸਦੀ ਦੇ ਨੇੜੇ ਰੱਖਿਆ ਜਾਵੇਗਾ।
ਬੀਮਾ ਰੈਗੂਲੇਟਰੀ ਆਈ. ਆਰ. ਡੀ. ਏ. ਆਈ. ਨੇ ਅਜੇ ਤਕ ਵਿਆਜ ਦਰ ਦਾ ਐਲਾਨ ਨਹੀਂ ਕੀਤਾ ਹੈ। ਇਹ ਯੋਜਨਾ ਲਾਈਫ ਇੰਸ਼ੋਰੈਂਸ ਆਫ ਇੰਡੀਆ (ਐੱਲ. ਆਈ. ਸੀ. ਰਾਹੀਂ ਚਲਾਈ ਜਾਵੇਗੀ)। ਇਸ ਯੋਜਨਾ ਦੇ ਤਹਿਤ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਇਸ ਮੈਗਾ ਪੈਨਸ਼ਨ ਸਕੀਮ ਨਾਲ ਜੁੜਨ ਲਈ ਅਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਆਮਦਨ 15 ਹਜ਼ਾਰ ਰੁਪਏ ਮਹੀਨੇ ਤੋਂ ਵੱਧ ਨਹੀਂ ਹੋਣੀ ਚਾਹੀਦੀ। ਸਰਕਾਰ ਨੇ ਇਸ ਸਕੀਮ ਦਾ ਐਲਾਨ 1 ਫਰਵਰੀ ਨੂੰ ਪੇਸ਼ ਕੀਤੇ ਅੰਤ੍ਰਿਮ ਬਜਟ ਵਿਚ ਕੀਤਾ ਸੀ।
ਭਾਵੇਂ ਇਸ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਕੁਝ ਸ਼ਰਤਾਂ ਕਰ ਕੇ ਗਾਹਕ ਅਜੇ ਤਕ ਇਸ ਦੁਚਿੱਤੀ ਵਿਚ ਹੈ ਕਿ ਉਹ ਇਸ ਪੀ. ਐੱਮ. ਐੱਸ. ਵਾਈ. ਐੱਮ. ਅਤੇ ਏ. ਪੀ. ਵਾਈ. (ਅਟਲ ਪੈਨਸ਼ਨ ਯੋਜਨਾ) ਦੋਵਾਂ ਵਿਚੋਂ ਕਿਹੜਾ ਪੈਨਸ਼ਨ ਪਲਾਨ ਚੁਣਨ। ਦੋਵਾਂ ਵਿਚੋਂ ਉਸ ਨੂੰ ਪੈਨਸ਼ਨ ਤਾਂ ਮਿਲੇਗੀ ਪਰ ਪੈਨਸ਼ਨ ਦੀ ਰਾਸ਼ੀ ਨੂੰ ਲੈ ਕੇ ਫਰਕ ਹੈ। ਪਹਿਲਾਂ ਪੀ. ਐੱਮ. ਐੱਸ. ਵਾਈ. ਐੱਮ. ਦੇ ਤਹਿਤ ਕਾਮੇ ਨੂੰ 60 ਸਾਲ ਦੀ ਉਮਰ ਤੋਂ ਬਾਅਦ 3000 ਰੁਪਏ ਪੈਨਸ਼ਨ ਮਿਲੇਗੀ, ਉਥੇ ਏ. ਪੀ. ਵਾਈ. ਦੇ ਤਹਿਤ ਉਸ ਨੂੰ 1000 ਤੋਂ 5000 ਰੁਪਏ ਤਕ ਪੈਨਸ਼ਨ ਮਿਲੇਗੀ ਪਰ ਮੌਜੂਦਾ ਅਟਲ ਪੈਨਸ਼ਨ ਯੋਜਨਾ ਨੂੰ ਪੀ. ਐੱਮ. ਐੱਸ. ਵਾਈ. ਐੱਮ. ਤੋਂ ਵੱਖ ਕਰਨਾ ਮੁਸ਼ਕਲ ਹੈ। ਕਈ ਮਾਪਦੰਡਾਂ ਵਿਚ ਇਹ ਯੋਜਨਾ ਅਟਲ ਪੈਨਸ਼ਨ ਯੋਜਨਾ ਤੋਂ ਇਕ ਕਦਮ ਪਿੱਛੇ ਹੈ।
ਭਾਰਤ ਵਿਚ ਅਸੰਗਠਿਤ ਖੇਤਰ ਸੈਕਟਰ ਵਿਚ ਕੰਮ ਕਰਦੇ ਕਾਮੇ ਖੁਦ ਨੂੰ ਪੈਨਸ਼ਨ ਲਈ ਸੁਰੱਖਿਅਤ ਕਰਨ ਦੀ ਦਿਸ਼ਾ ਵਿਚ ਲਾਈਫ ਇੰਸ਼ੋਰੈਂਸ ਪਾਲਿਸੀਜ਼, ਅਟਲ ਪੈਨਸ਼ਨ ਯੋਜਨਾ ਅਤੇ ਪੀ. ਐੱਮ. ਐੱਸ. ਵਾਈ. ਐੱਮ. ਆਦਿ ਵਿਚੋਂ ਕੋਈ ਵੀ ਪੈਨਸ਼ਨ ਪਲਾਨ ਚੁਣ ਸਕਦੇ ਹਨ।
ਇਸ ਤੋਂ ਇਲਾਵਾ ਪ੍ਰਾਈਵੇਟ ਪ੍ਰਾਵੀਡੈਂਟ ਫੰਡ, ਮਿਊਚੁਅਲ ਫੰਡ ਅਤੇ ਸਮਾਲ ਸੇਵਿੰਗ ਸਕੀਮ ਜਿਵੇਂ ਕਿ ਨੈਸ਼ਨਲ ਸੇਵਿੰਗ ਸਰਟੀਫਿਕੇਟ ਅਤੇ ਕਿਸਾਨ ਵਿਕਾਸ ਪੱਤਰ ਵਿਚ ਉਹ ਆਪਣਾ ਪੈਸਾ ਬੱਚਤ ਦੇ ਰੂਪ ਵਿਚ ਜਮ੍ਹਾ ਕਰਵਾ ਸਕਦੇ ਹਨ ਪਰ ਇਹ ਪ੍ਰੋਡਕਟ ਉਨ੍ਹਾਂ ਨੂੰ ਇਕ ਗ੍ਰੋਥ ਤਾਂ ਦਿੰਦੇ ਹਨ ਪਰ ਮਹੀਨਾਵਾਰ ਪੈਨਸ਼ਨ ਨਹੀਂ। ਈ. ਪੀ. ਐੱਫ. ਐਕਟ 1952 ਦੇ ਤਹਿਤ ਕਰਮਚਾਰੀ ਪੈਨਸ਼ਨ ਸਕੀਮ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ ਕਿਉਂਕਿ ਇਹ ਸੰਗਠਿਤ ਖੇਤਰ ਦੇ ਕਰਮਚਾਰੀਆਂ 'ਤੇ ਲਾਗੂ ਹੁੰਦੀ ਹੈ।
ਪੀ. ਐੱਮ. ਐੱਸ. ਵਾਈ. ਐੱਮ. ਕੀ ਹੈ?
ਕਰਮਚਾਰੀ ਪੈਨਸ਼ਨ ਸਕੀਮ ਅਤੇ ਨੈਸ਼ਨਲ ਪੈਨਸ਼ਨ ਸਕੀਮ ਦੇ ਤਹਿਤ ਕਵਰ ਨਾ ਹੋਣ ਵਾਲੇ ਅਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਪੀ. ਐੱਮ. ਐੱਸ. ਵਾਈ. ਐੱਮ. ਪੈਨਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਯੋਜਨਾ ਦੇ ਤਹਿਤ 18 ਤੋਂ 40 ਸਾਲ ਦੀ ਉਮਰ ਦੇ ਕਰਮਚਾਰੀ ਕਵਰ ਹੁੰਦੇ ਹਨ ਅਤੇ ਉਨ੍ਹਾਂ ਨੂੰ 60 ਸਾਲ ਦੀ ਉਮਰ ਵਿਚ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਇਸ ਦੇ ਬਦਲੇ ਕਾਮਿਆਂ ਨੂੰ ਆਪਣੀ ਉਮਰ ਦੇ ਹਿਸਾਬ ਨਾਲ ਕੰਟਰੀਬਿਊਟ ਕਰਨਾ ਹੋਵੇਗਾ। ਜੇਕਰ ਕੋਈ ਕਾਮਾ 18 ਸਾਲ ਦੀ ਉਮਰ ਵਿਚ ਇਸ ਯੋਜਨਾ ਨੂੰ ਅਪਣਾÀਉਂਦਾ ਹੈ ਤਾਂ ਉਸ ਨੂੰ 55 ਰੁਪਏ ਮਹੀਨਾ ਜਮ੍ਹਾ ਕਰਾਉਣੇ ਹੋਣਗੇ। ਇਸ ਰਕਮ ਦੇ ਬਰਾਬਰ ਕੇਂਦਰ ਸਰਕਾਰ ਕੰਟਰੀਬਿਊਟ ਕਰੇਗੀ।
ਵਿਵਾਦ ਬਣ ਸਕਦੀ ਹੈ ਯੋਜਨਾ
ਪੀ. ਐੱਮ. ਐੱਸ. ਵਾਈ. ਐੱਮ. ਲੇਬਰ ਮਨਿਸਟਰੀ ਦੇ ਤਹਿਤ ਆਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਏ. ਪੀ. ਵਾਈ ਵਿਚ ਹਰ ਸਬਸਕ੍ਰਾਈਬਰ ਦੇ ਯੋਗਦਾਨ ਨੂੰ ਇਕ ਵੱਖਰੇ ਖਾਤੇ ਵਿਚ ਵਿਵਸਥਿਤ ਕੀਤਾ ਜਾਂਦਾ ਹੈ। ਪੀ. ਐੱਮ. ਐੱਸ. ਵਾਈ. ਐੱਮ. ਲਈ ਕੋਈ ਅਜਿਹੀ ਪ੍ਰਣਾਲੀ ਸਥਾਪਤ ਨਹੀਂ ਕੀਤੀ ਗਈ ਹੈ, ਜੋ ਸਿੱਧੀ ਸਰਕਾਰ ਕੰਟਰੋਲ ਵਿਚ ਲਿਆਵੇ। ਇਕ ਅਧਿਕਾਰੀ ਨੇ ਸੰਕੇਤ ਦਿੱਤਾ ਹੈ ਕਿ ਇਹ ਲੇਬਰ ਮਨਿਸਟਰੀ ਅਤੇ ਪੀ. ਐੱਫ. ਆਰ. ਡੀ. ਏ. ਦੇ ਵਿਚਕਾਰ ਵਿਵਾਦ ਦਾ ਕਾਰਨ ਹੋ ਸਕਦਾ ਹੈ।
ਕੀ ਹਨ ਗੁੰਝਲਾਂ?
ਪੀ. ਐੱਮ. ਐੱਸ. ਵਾਈ. ਐੱਮ. ਪੈਨਸ਼ਨ ਲੱਗਭਗ ਅਟਲ ਪੈਨਸ਼ਨ ਯੋਜਨਾ, ਜੋ ਕਿ ਕਿਸੇ ਵਿਅਕਤੀ ਨੂੰ ਉਸ ਵਿਚ ਨਿਵੇਸ਼ ਕਰਨ 'ਤੇ 1000 ਤੋਂ 5000 ਰੁਪਏ ਤਕ ਮਹੀਨਾਵਾਰ ਪੈਨਸ਼ਨ ਦੀ ਗਾਰੰਟੀ ਦਿੰਦੀ ਹੈ, ਨਾਲ ਮਿਲਦੀ-ਜੁਲਦੀ ਯੋਜਨਾ ਹੈ। ਅਟਲ ਪੈਨਸ਼ਨ ਯੋਜਨਾ ਵੀ 18 ਤੋਂ 40 ਸਾਲ ਤਕ ਦੇ ਲੋਕਾਂ ਲਈ ਹੀ ਹੈ ਅਤੇ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮੁਹੱਈਆ ਕਰਵਾਉਂਦੀ ਹੈ। ਕਾਮਿਆਂ ਦੀਆਂ ਇਸ ਨੂੰ ਲੈ ਕੇ ਗੁੰਝਲਾਂ ਕੁਝ ਇਸ ਤਰ੍ਹਾਂ ਹਨ :
ਪਹਿਲੀ : ਏ. ਪੀ. ਵਾਈ. ਦੇ ਤਹਿਤ 1000 ਤੋਂ 5000 ਰੁਪਏ ਮਹੀਨੇ ਦੇ ਵਿਚਕਾਰ ਪੈਨਸ਼ਨ ਮਿਲੇਗੀ ਜਦਕਿ ਪੀ. ਐੱਮ. ਐੱਸ. ਵਾਈ. ਐੱਮ. ਵਿਚ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਇਹ ਰਕਮ ਪਹਿਲਾਂ ਹੀ ਕਾਫੀ ਘੱਟ ਹੈ। ਅੱਜ ਕੋਈ ਗਾਹਕ 18 ਸਾਲ ਦੀ ਉਮਰ ਵਿਚ ਇਸ ਯੋਜਨਾ ਵਿਚ ਸ਼ਾਮਲ ਹੁੰਦਾ ਹੈ ਤਾਂ 60 ਸਾਲ ਦੀ ਉਮਰ ਵਿਚ ਮਤਲਬ 42 ਸਾਲ ਬਾਅਦ 3000 ਰੁਪਏ ਦੀ ਬਾਜ਼ਾਰ ਵਿਚ ਕੀ ਕੀਮਤ ਰਹਿ ਜਾਵੇਗੀ। ਇਸ ਨੂੰ ਲੈ ਕੇ ਗਾਹਕ ਦੁਚਿੱਤੀ ਵਿਚ ਹੈ।
ਦੂਸਰੀ : ਪੀ. ਐੱਮ. ਐੱਸ. ਵਾਈ. ਐੱਮ. ਯੋਜਨਾ ਉਨ੍ਹਾਂ ਕਾਮਿਆਂ ਲਈ ਹੈ, ਜੋ 15000 ਰੁਪਏ ਮਹੀਨਾ ਕਮਾਉਂਦੇ ਹਨ ਪਰ ਏ. ਪੀ. ਵਾਈ. ਵਿਚ ਅਜਿਹੀ ਕੋਈ ਹੱਦ ਨਹੀਂ ਹੈ ਜਦਕਿ ਈ. ਪੀ. ਐੱਫ. ਦੇ ਤਹਿਤ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ 15000 ਰੁਪਏ ਦੀ ਹੱਦ ਨੂੰ ਵਧਾਏ ਜਾਣ 'ਤੇ ਵਿਚਾਰ ਕਰ ਰਹੀ ਹੈ।
ਤੀਸਰੀ : ਅਟਲ ਪੈਨਸ਼ਨ ਯੋਜਨਾ ਦੇ ਕਾਮਿਆਂ ਨੂੰ ਮਹੀਨਾਵਾਰ, ਤਿਮਾਹੀ ਅਤੇ ਛਿਮਾਹੀ ਕਿਸ਼ਤ ਜਮ੍ਹਾ ਕਰਾਉਣ ਦੀ ਵਿਵਸਥਾ ਹੈ ਜਦਕਿ ਪੀ. ਐੱਮ. ਐੱਸ. ਵਾਈ. ਐੱਮ. ਦੇ ਤਹਿਤ ਮਹੀਨਾਵਾਰ ਕੰਟਰੀਵਿਊਸ਼ਨ ਹੋਵੇਗਾ।
ਚੌਥੀ : ਅਟਲ ਪੈਨਸ਼ਨ ਯੋਜਨਾ ਸਬਸਕ੍ਰਾਈਬਰ ਅਤੇ ਪਤਨੀ ਦੀ ਮੌਤ ਤੋਂ ਬਾਅਦ ਰਕਮ ਵਾਪਸੀ ਦੀ ਵਿਵਸਥਾ ਹੈ ਜਦਕਿ ਪੀ. ਐੱਮ. ਐੱਸ. ਵਾਈ. ਐੱਮ. ਯੋਜਨਾ ਦੇ ਤਹਿਤ ਸਿਰਫ ਕਰਮਚਾਰੀ ਹੀ ਪੈਨਸ਼ਨ ਲੈ ਸਕਦਾ ਹੈ, ਉਸ ਦੇ ਪਰਿਵਾਰ ਦਾ ਮੈਂਬਰ ਨਹੀਂ। ਕਰਮਚਾਰੀ ਤੇ ਉਸ ਦੀ ਪਤਨੀ ਦੀ ਮੌਤ ਹੋਣ 'ਤੇ ਇਹ ਰਕਮ ਪੀ. ਐੱਮ. ਐੱਸ. ਵਾਈ. ਐੱਮ. ਵਿਚ ਜਮ੍ਹਾ ਹੋ ਜਾਵੇਗੀ।
ਪੰਜਵੀਂ : ਪੀ. ਐੱਮ. ਐੱਸ. ਵਾਈ. ਐੱਮ. ਨੂੰ ਸਿੱਧੇ ਤੌਰ 'ਤੇ ਸਰਕਾਰ ਮੈਸੇਜ ਕਰੇਗੀ , ਜੋ ਕਿ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈੱਲਪਮੈਂਟ ਅਥਾਰਟੀ (ਪੀ. ਐੱਫ. ਆਰ. ਡੀ. ਏ.) ਹੈ।
ਪੀ. ਐੱਮ. ਐੱਸ. ਵਾਈ. ਐੱਮ. ਵਿਚ ਸਿਰਫ ਇਕ ਹੀ ਖਾਸ ਗੱਲ ਹੈ ਕਿ ਇਸ ਵਿਚ ਸਰਕਾਰ ਬਰਾਬਰ ਦਾ ਯੋਗਦਾਨ ਪਾਉਂਦੀ ਹੈ। ਦੂਜੇ ਪਾਸੇ ਏ. ਪੀ. ਵਾਈ. ਵਿਚ ਵੀ 31 ਮਾਰਚ 2016 ਤੋਂ ਪਹਿਲਾਂ ਜੁਆਇਨ ਕਰਨ ਵਾਲਿਆਂ ਨੂੰ ਯੋਗਦਾਨ ਦੇ ਬਰਾਬਰ ਸਰਕਾਰ ਵਲੋਂ ਯੋਗਦਾਨ ਪਾਇਆ ਜਾਂਦਾ ਹੈ। ਫਲਸਰੂਪ ਪੀ. ਐੱਮ. ਐੱਸ. ਵਾਈ. ਐੱਮ. ਵਿਚ 30 ਸਾਲ ਦੀ ਉਮਰ ਵਿਚ 55 ਰੁਪਏ ਯੋਗਦਾਨ ਹੈ ਜਦਕਿ ਏ. ਪੀ. ਵਾਈ. ਦੇ ਤਹਿਤ 126 ਰੁਪਏ ਜਮ੍ਹਾ ਕਰਾਉਣੇ ਹੋਣਗੇ। ਫਿਰ ਵੀ ਦੋਵੇਂ ਯੋਜਨਾਵਾਂ ਵਿਚ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਏ. ਪੀ. ਵਾਈ. ਸਬਸਕ੍ਰਾਈਬਰ ਦੇ ਪਰਿਵਾਰਾਂ ਨੂੰ ਰਕਮ ਵਾਪਸ ਮੁਹੱਈਆ ਕਰਾਉਂਦੀ ਹੈ ਜਦਕਿ ਪੀ. ਐੱਮ. ਐੱਸ. ਵਾਈ. ਐੱਮ. ਵਿਚ ਅਜਿਹਾ ਨਹੀਂ ਹੈ।