ਪੰਜਾਬ ਸਰਕਾਰ ਨੇ ਤੈਅ ਕੀਤੀ ਕੋਵਿਡ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਵਾਸਤੇ ਖਰਚੇ ਦੀ ਹੱਦ

Thursday, Jul 16, 2020 - 09:04 PM (IST)

ਪੰਜਾਬ ਸਰਕਾਰ ਨੇ ਤੈਅ ਕੀਤੀ ਕੋਵਿਡ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਵਾਸਤੇ ਖਰਚੇ ਦੀ ਹੱਦ

ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ)- ਕੋਰੋਨਾ ਮਹਾਮਾਰੀ ਦੇ ਚਲਦਿਆਂ ਨਿੱਜੀ ਹਸਪਤਾਲਾਂ ਵਲੋਂ ਮੁਨਾਫ਼ਾਖੋਰੀ ਕੀਤੇ ਜਾਣ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਖ਼ਰਚੇ ਦੀ ਹੱਦ ਤੈਅ ਕਰ ਦਿੱਤੀ ਹੈ। ਇਸ ਫੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੀਤਾ ਗਿਆ। ਖਰਚੇ ਸਬੰਧੀ ਇਹ ਦਰਾਂ ਡਾ. ਕੇ. ਕੇ. ਤਲਵਾੜ ਕਮੇਟੀ ਵਲੋਂ ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਸਬੰਧੀ ਤੈਅ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਤਹਿਤ ਆਈਸੋਲੇਸ਼ਨ ਬੈੱਡਜ਼, ਆਈ. ਸੀ. ਯੂ. ਵਿਚ ਇਲਾਜ, ਹਸਪਤਾਲ ਵਿਚ ਦਾਖਲ ਹੋਣ ਦੇ ਖਰਚੇ ਅਤੇ ਦਾਖਲ ਹੋਣ ਤੋਂ ਬਾਅਦ ਪ੍ਰਤੀ ਦਿਨ ਦੇ ਖਰਚੇ ਸ਼ਾਮਲ ਹਨ। ਆਮ ਬੁਖਾਰ ਜਿਸ ਵਿਚ ਆਈਸੋਲੇਸ਼ਨ ਬੈੱਡਜ਼ ਦੀ ਲੋੜ ਪੈਂਦੀ ਹੋਵੇ ਅਤੇ ਜਿਸ ਵਿਚ ਸਾਂਭ-ਸੰਭਾਲ ਅਤੇ ਆਕਸੀਜ਼ਨ ਵੀ ਸ਼ਾਮਲ ਹੋਵੇ, ਲਈ ਦਾਖਲ ਹੋਣ ਤੋਂ ਬਾਅਦ ਪ੍ਰਤੀ ਦਿਨ ਦੇ ਖਰਚੇ ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ/ਐੱਨ. ਬੀ. ਈ. ਦੇ ਟੀਚਿੰਗ ਪ੍ਰੋਗਰਾਮ ਵਾਲੇ ਐੱਨ. ਏ. ਬੀ. ਐੱਚ. ਨਿੱਜੀ ਹਸਪਤਾਲਾਂ ਲਈ 10,000 ਰੁਪਏ ਦੇ ਹਿਸਾਬ ਨਾਲ ਨਿਰਧਾਰਤ ਕੀਤੇ ਗਏ ਹਨ ਜਦਕਿ ਐੱਨ. ਏ. ਬੀ. ਐੱਚ. ਤੋਂ ਮਾਨਤਾ ਪ੍ਰਾਪਤ ਹਸਪਤਾਲਾਂ (ਨਿੱਜੀ ਮੈਡੀਕਲ ਕਾਲਜਾਂ ਜਿਨ੍ਹਾਂ ਵਿਚ ਪੀ. ਜੀ./ਡੀ. ਐੱਨ. ਬੀ. ਕੋਰਸ ਨਹੀਂ ਹੈ ਸਮੇਤ) ਹਸਪਤਾਲਾਂ ਲਈ 9,000 ਰੁਪਏ ਅਤੇ ਐੱਨ. ਏ. ਬੀ. ਐੱਚ. ਤੋਂ ਗੈਰ-ਮਨਜੂਰਸ਼ੁਦਾ ਹਸਪਤਾਲਾਂ ਲਈ 8,000 ਰੁਪਏ ਦੇ ਹਿਸਾਬ ਨਾਲ ਨਿਰਧਾਰਤ ਕੀਤੇ ਗਏ ਹਨ।


ਇਨ੍ਹਾਂ ਸ਼੍ਰੇਣੀਆਂ ਦੇ ਹਸਪਤਾਲਾਂ ਲਈ ਗੰਭੀਰ ਬੁਖਾਰ (ਆਈ. ਸੀ. ਯੂ. ਵਿਚ ਪਰ ਵੈਂਟੀਲੇਟਰ ਤੋਂ ਬਗੈਰ) ਲਈ ਲੂਕ੍ਰਮਵਾਰ 15 ਹਜ਼ਾਰ, 14 ਹਜ਼ਾਰ ਅਤੇ 13 ਹਜ਼ਾਰ ਰੁਪਏ ਤੱਕ ਦੀ ਹੱਦ ਨਿਰਧਾਰਤ ਕੀਤੀ ਗਈ ਹੈ ਜਦਕਿ ਬਹੁਤ ਹੀ ਨਾਜ਼ੁਕ ਸਥਿਤੀ ਵਾਲੇ ਮਰੀਜ਼ਾਂ ਲਈ ਇਹ ਦਰਾਂ ਲੂਕ੍ਰਮਵਾਰ 18 ਹਜ਼ਾਰ, 16500 ਅਤੇ 15 ਹਜ਼ਾਰ ਨਿਰਧਾਰਤ ਕੀਤੀਆਂ ਗਈਆਂ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਕੀਮਤਾਂ ਵਿਚ ਪੀ. ਪੀ. ਈ. ਦੀ ਕੀਮਤ ਵੀ ਸ਼ਾਮਲ ਕੀਤੀ ਗਈ ਹੈ। ਨਿੱਜੀ ਹਸਪਤਾਲਾਂ ਨੂੰ ਮਾਮੂਲੀ ਬੁਖਾਰ ਦੇ ਮਾਮਲਿਆਂ ਦੇ ਇਲਾਜ ਲਈ ਹੱਲਾਸ਼ੇਰੀ ਦੇਣ ਹਿੱਤ ਡਾ. ਤਲਵਾੜ ਕਮੇਟੀ ਨੇ ਅਜਿਹੇ ਕੇਸਾਂ ਲਈ ਪ੍ਰਤੀ ਦਿਨ ਦਾਖਲਾ ਫ਼ੀਸ ਲੂਕ੍ਰਮਵਾਰ 6500 ਰੁਪਏ, 5500 ਰੁਪਏ ਅਤੇ 4500 ਰੁਪਏ ਨਿਰਧਾਰਤ ਕੀਤੀ ਹੈ। ਸਰਕਾਰ ਵਲੋਂ ਇਹ ਕਦਮ ਕੋਵਿਡ ਦੇ ਇਲਾਜ ਸਬੰਧੀ ਨਿੱਜੀ ਹਸਪਤਾਲਾਂ ਵਲੋਂ ਵਸੂਲ ਕੀਤੇ ਜਾਂਦੇ ਹੱਦੋਂ ਵੱਧ ਖਰਚਿਆਂ ਤੋਂ ਬਾਅਦ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ ਨਿੱਜੀ ਤੌਰ ‘ਤੇ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਡਾ. ਤਲਵਾੜ ਕਮੇਟੀ ਅਤੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਅਤੇ ਨਿੱਜੀ ਹਸਪਤਾਲਾਂ ਨਾਲ ਗੱਲਬਾਤ ਕਰਨ ਮਗਰੋਂ ਵਾਜਬ ਕੀਮਤਾਂ ਨਿਰਧਾਰਤ ਕਰਨ ਦੇ ਨਿਰਦੇਸ਼ ਦਿੱਤੇ ਸਨ।


 


author

Deepak Kumar

Content Editor

Related News