ਪੰਜਾਬ ਸਰਕਾਰ ਠੇਕੇ ਨਹੀਂ, ਗੁਰੂ ਘਰ ਖੋਲ੍ਹੇ : ਮਜੀਠੀਆ
Wednesday, Jun 03, 2020 - 01:54 PM (IST)
ਫਤਿਹਗੜ੍ਹ ਸਾਹਿਬ (ਜਗਦੇਵ): ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕੇ ਨਹੀਂ, ਗੁਰੂ ਘਰ ਖੋਲ੍ਹਣੇ ਚਾਹੀਦੇ ਹਨ, ਜਿੱਥੋਂ ਹਰ ਮਰਜ਼ ਦੀ ਦਵਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕੋਰੋਨਾ ਸੰਕਟ ਦੌਰਾਨ ਲੋਕਾਂ ਨੂੰ ਗੁਰੂ ਘਰ ਜਾ ਕੇ ਆਤਮਿਕ ਸ਼ਾਂਤੀ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨੂੰ ਪੰਜਾਬ ਸਰਕਾਰ ਵਲੋਂ ਬੰਦ ਕਰ ਦਿੱਤਾ ਗਿਆ ਹੈ, ਜਦਕਿ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਬ ਦੇ ਕਾਰੋਬਾਰੀਆਂ ਨੂੰ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸ. ਮਜੀਠੀਆ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਿਰੋਪਾਓ ਵੀ ਦਿੱਤਾ ਗਿਆ।
ਉਨ੍ਹਾਂ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀ ਛਾਂਟੀ ਕੀਤੇ ਜਾਣ ਸਬੰਧੀ ਲਏ ਜਾਣ ਵਾਲੇ ਫ਼ੈਸਲਿਆਂ ਸਬੰਧੀ ਕਿਹਾ ਕਿ ਕੋਰੋਨਾ ਮਹਾਮਾਰੀ ਵਰਗੇ ਔਖੇ ਸਮੇਂ 'ਚ ਸਰਕਾਰਾਂ ਨੂੰ ਮੁਲਾਜ਼ਮਾਂ ਤੇ ਜਨਤਾ ਦੀਆਂ ਬਾਹਾਂ ਫੜਨੀਆਂ ਚਾਹੀਦੀਆਂ ਹਨ। ਜੇਕਰ ਛਾਂਟੀ ਕਰ ਕੇ ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣਾ ਹੈ ਤਾਂ ਪ੍ਰਾਈਵੇਟ ਅਤੇ ਸਰਕਾਰੀ ਕੰਮਾਂ 'ਚ ਕੀ ਫ਼ਰਕ ਰਹਿ ਜਾਵੇਗਾ। ਅਕਾਲੀ ਦਲ ਦੇ ਮਨਾਏ ਜਾ ਰਹੇ 100ਵੇਂ ਸਥਾਪਨਾ ਦਿਵਸ ਸਬੰਧੀ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਇਸ ਸਬੰਧੀ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀ ਹਨ। ਫਿਰ ਵੀ ਕੋਰੋਨਾ ਮਹਾਮਾਰੀ ਕਾਰਨ ਸਰਕਾਰ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਪਾਰਟੀ ਵੱਲੋਂ ਬਹੁਤਾ ਇਕੱਠ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਵੱਲੋਂ ਸਰਦਾਰ ਮਜੀਠੀਆ ਨਾਲ ਪਾਰਟੀ ਸਬੰਧੀ ਕੁਝ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਐਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ ਜ਼ਿਲਾ ਫ਼ਤਿਹਗੜ੍ਹ ਸਾਹਿਬ ਦੇ ਬੁਲਾਰੇ ਅਰਸ਼ਦੀਪ ਚਨਾਰਥਲ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਰਿਕਾਰਡ ਕੀਪਰ ਹਰਜੀਤ ਸਿੰਘ, ਇੰਦਰਪ੍ਰੀਤ ਸਿੰਘ ਬੇਦੀ, ਹਰਪ੍ਰੀਤ ਸਿੰਘ, ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।