ਪੰਜਾਬ ਸਰਕਾਰ ਖ਼ਿਲਾਫ ਬੱਸਾਂ ਵਾਲਿਆ ਨੇ ਕੜਕਦੀ ਧੁੱਪ ’ਚ ਕੀਤਾ ਰੋਸ ਪ੍ਰਦਰਸ਼ਨ

Sunday, May 01, 2022 - 02:33 PM (IST)

ਪੰਜਾਬ ਸਰਕਾਰ ਖ਼ਿਲਾਫ ਬੱਸਾਂ ਵਾਲਿਆ ਨੇ ਕੜਕਦੀ ਧੁੱਪ ’ਚ ਕੀਤਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ (ਛੀਨਾ) : ਪੰਜਾਬ ਸਰਕਾਰ ਖ਼ਿਲਾਫ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਅਤੇ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵਲੋਂ ਆਪਣੇ ਭੱਖਦੇ ਮਸਲਿਆ ਨੂੰ ਲੈ ਕੇ ਅੱਜ ਕੜਕਦੀ ਧੁੱਪ ’ਚ ਸਥਾਨਕ ਬਸ ਸਟੈਂਡ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਮਿੰਨੀ ਬੱਸਾਂ ਦੇ ਪੁਰਾਣੇ ਪਰਮਿੱਟ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਆਪ੍ਰੇਟਰ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਜਿਨ੍ਹਾਂ ਦੀ ਮੰਗ ਪੂਰੀ ਕਰਕੇ ਰਾਹਤ ਪ੍ਰਦਾਨ ਕਰਨ ਦੀ ਬਜਾਏ ਸਮੇਂ-ਸਮੇਂ ਦੀਆ ਸਰਕਾਰਾਂ ਸਿਰਫ ਫੋਕੇ ਲਾਅਰੇ ਹੀ ਲਗਾਉਦੀਆਂ ਰਹੀਆ ਹਨ। ਬੱਬੂ ਨੇ ਕਿਹਾ ਕਿ ਮਿੰਨੀ ਬੱਸਾਂ ਦੇ ਪੁਰਾਣੇ ਪਰਮਿੱਟ ਬਹਾਲ ਕਰਵਾਉਣ, ਬੱਸ ਅੱਡੇ ਦੀ ਪਰਚੀ ਫੀਸ ਤੋਂ ਰਾਹਤ ਪਾਉਣ ਅਤੇ ਪਾਸਿੰਗ ਫੀਸਾਂ ’ਚ ਕੀਤੇ ਗਏ ਵਾਧੇ ਦੇ ਵਿਰੋਧ ’ਚ 26 ਮਈ ਨੂੰ ਪੂਰੇ ਪੰਜਾਬ ’ਚ ਮਿੰਨੀ ਬੱਸਾਂ ਦਾ ਚੱਕਾ ਜਾਮ ਕਰਕੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਬਾਹਰ ਧਰਨਾ ਲਗਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਸਾਡੀਆ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ 26 ਮਈ ਨੂੰ ਹੀ ਰੋਸ ਵਜੋਂ ਸਾਰੀਆ ਮਿੰਨੀ ਬੱਸਾਂ ਦੀਆਂ ਚਾਬੀਆਂ ਡਿਪਟੀ ਕਮਿਸ਼ਨਰਾਂ ਨੂੰ ਸੋਂਪ ਦਿੱਤੀਆਂ ਜਾਣਗੀਆਂ। ਅੱਜ ਦੇ ਰੋਸ ਪ੍ਰਦਰਸ਼ਨ ਉਪਰੰਤ ਮਜ਼ਦੂਰ ਦਿਵਸ ਮਨਾਉਂਦਿਆਂ ਬਲਦੇਵ ਸਿੰਘ ਬੱਬੂ ਤੇ ਸਾਥੀਆ ਨੇ ਲਾਲ ਝੰਡਾਂ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ’ਚ ਅੰਮ੍ਰਿਤਸਰ ਗੁਰਦਾਸਪੁਰ ਬਸ ਯੂਨੀਅਨ ਦੇ ਪ੍ਰਧਾਨ ਚੋਧਰੀ ਅਸ਼ੋਕ ਕੁਮਾਰ ਮੰਨਣ, ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕੰਵਲ, ਸੁਖਬੀਰ ਸਿੰਘ ਸੋਹਲ, ਹਰਪਿੰਦਰਪਾਲ ਸਿੰਘ ਗੱਗੋਮਾਹਲ, ਜਰਨੈਲ ਸਿੰਘ ਜੱਜ, ਬਲਬੀਰ ਸਿੰਘ ਬੀਰਾ, ਗੁਰਦੇਵ ਸਿੰਘ ਕੋਹਾਲਾ, ਜਗਰੂਪ ਸਿੰਘ ਰੰਧਾਵਾ, ਲੱਖਾ ਸਿੰਘ ਸਰਾਂ, ਸਮਸ਼ੇਰ ਸਿੰਘ ਅਜਨਾਲਾ, ਅਜੀਤ ਸਿੰਘ ਜੋਏਕੇ, ਲੱਖਾ ਸਿੰਘ ਝੰਗ, ਜਸ ਅਜਨਾਲਾ, ਸਰਬਜੀਤ ਸਿੰਘ ਸ਼ੈਲੀ, ਜਸਵਿੰਦਰ ਸਿੰਘ ਪਾਂਧਾ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ।


author

Gurminder Singh

Content Editor

Related News