''ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਲਈ ਖੇਤੀਬਾੜੀ ਉਦਯੋਗ ਨੂੰ ਦੇਵੇਗੀ ਹੁਲਾਰਾ''

07/27/2020 7:40:29 PM

ਚੰਡੀਗੜ੍ਹ : ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਸ. ਜੋਗਿੰਦਰ ਸਿੰਘ ਮਾਨ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਤੀ ਅਧਾਰਤ ਉਦਯੋਗ ਨੂੰ ਹੁਲਾਰਾ ਦੇ ਕੇ ਕਿਸਾਨਾਂ ਦੀ ਤਕਦੀਰ ਬਦਲੇਗੀ।

ਇੱਥੇ ਨਿਗਮ ਦੇ ਦਫ਼ਤਰ ਵਿਖੇ ਬੋਰਡ ਆਫ਼ ਡਾਇਰੈਕਟਰਜ਼ ਦੀ 245ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੀ. ਏ. ਆਈ. ਸੀ. ਦੇ ਚੇਅਰਮੈਨ ਜਿਨ੍ਹਾਂ ਨਾਲ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਬਰਾੜ ਵੀ ਮੌਜੂਦ ਸਨ, ਨੇ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਪੋਰੇਸ਼ਨ ਸੂਬੇ ਵਿੱਚ ਖੇਤੀਬਾੜੀ ਉਦਯੋਗ ਨੂੰ ਹੁਲਾਰਾ ਦੇਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਤਾਂ ਜੋ ਇਹ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਵਸਤਾਂ ਦੇ ਲਾਹੇਵੰਦ ਭਾਅ ਮਿਲਣ ਅਤੇ ਉਹ ਸੂਬੇ ਦੀ ਆਰਥਿਕ ਖੁਸ਼ਹਾਲੀ ਵਿੱਚ ਸਰਗਰਮ ਭਾਗੀਦਾਰ ਬਣ ਸਕਣ। ਸ੍ਰੀ ਮਾਨ ਨੇ ਕਿਹਾ ਕਿ ਕਾਰਪੋਰੇਸ਼ਨ ਸਿਰ ਪੰਜਾਬ ਨੂੰ ਅਨਾਜ ਪੈਦਾ ਕਰਨ ਵਾਲੇ ਸੂਬੇ ਤੋਂ ਖੇਤੀਬਾੜੀ ਉਦਯੋਗ ਦਾ ਧੁਰਾ ਬਣਾਉਣ ਦਾ ਜ਼ਿੰਮਾ ਹੈ।

ਚੇਅਰਮੈਨ ਨੇ ਕਿਹਾ ਕਿ ਕਾਰਪੋਰੇਸ਼ਨ ਖੇਤੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਤੀ ਉਦਯੋਗ ਸੈਕਟਰ ਨੂੰ ਹੁਲਾਰਾ ਦੇਣ ਲਈ ਕਾਰਪੋਰੇਸ਼ਨ ਇੱਕ ਨੋਡਲ ਏਜੰਸੀ ਹੈ। ਸ੍ਰੀ ਮਾਨ ਨੇ ਕਿਹਾ ਕਿ ਸੂਬੇ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਦੇਸ਼ ਵਿੱਚ ਹਰੀ, ਚਿੱਟੀ ਅਤੇ ਨੀਲੀ ਕ੍ਰਾਂਤੀ ਲਿਆਂਦੀ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਨ੍ਹਾਂ ਦੀ ਉੱਦਮੀ  ਭਾਵਨਾ ਨੂੰ ਖੇਤੀ ਉਦਯੋਗ ਵਿੱਚ ਉਭਾਰਿਆ ਜਾਏ ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਠੋਸ ਯਤਨ ਕਰ ਰਹੀ ਹੈ। ਚੇਅਰਮੈਨ ਨੇ ਅੱਗੇ ਕਿਹਾ ਕਿ ਸੂਬੇ ਵਿੱਚ ਖੇਤੀਬਾੜੀ ਉਦਯੋਗ ਦੀ ਵੱਡੀ ਸੰਭਾਵਨਾ ਹੈ ਜਿਸਦੀ ਵਰਤੋਂ ਪੰਜਾਬ ਦੇ ਕਿਸਾਨਾਂ ਦੀ ਕਿਸਮਤ ਬਦਲਣ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਕਿਸਾਨਾਂ ਦੀ ਤਕਦੀਰ ਬਦਲਣ ਦੇ ਸੁਪਨੇ ਨੂੰ ਜਲਦੀ ਸਾਕਾਰ ਕਰਨ ਨੂੰ ਯਕੀਨੀ ਬਣਾਉਣ ਲਈ ਕਾਰਪੋਰੇਸ਼ਨ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ। ਸ੍ਰੀ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੀ ਮਹੱਤਵਪੂਰਨ ਯੋਜਨਾ ਅਨੁਸਾਰ ਕਾਰਪੋਰੇਸ਼ਨ ਕਿਸਾਨਾਂ ਦੀ ਆਮਦਨ ਨੂੰ ਪੂਰਕ ਕਰਨ ਲਈ ਪੰਜਾਬ ਭਰ ਵਿੱਚ ਖੇਤੀ ਅਧਾਰਤ ਉਦਯੋਗਾਂ ਨੂੰ ਉਤਸ਼ਾਹਤ ਕਰਨ ਵਾਸਤੇ ਠੋਸ ਯਤਨ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਬਰਾੜ, ਡਾਇਰੈਕਟਰ ਸ੍ਰੀ ਰਣਜੀਤ ਸਿੰਘ ਅਤੇ ਸ੍ਰੀ ਕਿਰਨਜੀਤ ਸਿੰਘ ਮਿੱਠਾ ਮੌਜੂਦ ਸਨ।      

 


Deepak Kumar

Content Editor

Related News