ਪੰਜਾਬ ਸਰਕਾਰ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਦ੍ਰਿੜ : ਜਾਖੜ
Thursday, Apr 09, 2020 - 09:10 PM (IST)
![ਪੰਜਾਬ ਸਰਕਾਰ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਦ੍ਰਿੜ : ਜਾਖੜ](https://static.jagbani.com/multimedia/2020_4image_21_10_243461936jakaa.jpg)
ਚੰਡੀਗੜ੍ਹ,(ਰਮਨਜੀਤ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਇਸ ਮੁਸ਼ਕਿਲ ਦੌਰ 'ਚ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ ਇਸ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਅੱਜ ਇਥੋਂ ਜਾਰੀ ਬਿਆਨ 'ਚ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਲੋਕਾਂ ਲਈ ਵੀ ਕਈ ਛੋਟਾਂ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਕਣਕ ਦੀ ਸੂੰਚਾਰੂ ਖਰੀਦ ਲਈ ਵੀ ਸੂਬਾ ਸਰਕਾਰ ਵਿਊਂਤਬੰਦੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਸ ਮੁਸ਼ਕਿਲ ਦੌਰ 'ਚ ਇਕੱਲੇ ਨਹੀਂ ਹਨ, ਸਗੋਂ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ 10 ਲੱਖ ਪਰਿਵਾਰਾਂ ਨੂੰ ਇਸ ਔਖੀ ਘੜੀ ਵਿਚ ਰਾਸ਼ਨ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਲ ਰਾਜਨੇਤਾ ਹਨ, ਜਿੰਨ੍ਹਾਂ ਨੇ ਸੂਬੇ ਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਸਭ ਤੋਂ ਪਹਿਲਾਂ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਅਤੇ ਰਾਜ ਦੇ ਲੋਕਾਂ ਨੇ ਵੀ ਇਸ ਦਾ ਸਵਾਗਤ ਕੀਤਾ ਹੈ ਤਾਂ ਜੋ ਪੂਰੀ ਮਨੁੱਖਤਾ ਨੂੰ ਬਚਾਇਆ ਜਾ ਸਕੇ। ਜਾਖੜ ਨੇ ਇਸ ਮੌਕੇ ਦੂਜੀਆਂ ਸਿਆਸੀ ਪਾਰਟੀਆਂ ਵਲੋਂ ਕੀਤੇ ਸਹਿਯੋਗ ਲਈ ਵੀ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਂ ਆਪਸੀ ਸਹਿਯੋਗ ਨਾਲ ਚੱਲਣ ਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਲਾਕਡਾਊਨ ਕਾਰਨ ਸੂਬਿਆਂ ਦੀ ਆਰਿਥਕਤਾ 'ਤੇ ਮਾੜਾ ਅਸਰ ਪਿਆ ਹੈ, ਇਸ ਲਈ ਇਸ ਮੌਕੇ ਕੇਂਦਰ ਸਰਕਾਰ ਨੂੰ ਤੁਰੰਤ ਰਾਜਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦਾ ਜੀ. ਐੱਸ. ਟੀ. ਬਕਾਇਆ ਦੇਣ ਦੇ ਨਾਲ-ਨਾਲ ਹੋਰ ਵਿੱਤੀ ਮਦਦ ਵੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਲੋੜਵੰਦ ਲੋਕਾਂ ਤੱਕ ਮਦਦ ਪਹੁੰਚਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਆਪਣੇ ਖਰਚਿਆਂ ਨੂੰ ਘੱਟ ਕਰੇ ਅਤੇ ਸਰਕਾਰੀ ਵਿਦੇਸ਼ ਦੌਰਿਆਂ ਨੂੰ ਰੋਕਿਆ ਜਾਵੇ। ਇਸੇ ਤਰ੍ਹਾਂ ਉਨ੍ਹਾਂ ਨੇ 20 ਹਜ਼ਾਰ ਕਰੋੜ ਰੁਪਏ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਨੂੰ ਵੀ ਅੱਗੇ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਫਿਲਹਾਲ ਪੁਰਾਤਨ ਇਤਿਹਾਸਕ ਇਮਾਰਤ ਤੋਂ ਵੀ ਸੰਸਦ ਆਪਣਾ ਕੰਮ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਬਚਾਈ ਗਈ ਰਕਮ ਪ੍ਰਵਾਸੀ ਕਾਮਿਆਂ, ਮਜ਼ਦੂਰਾਂ, ਕਿਸਾਨਾਂ, ਛੋਟੇ ਅਤੇ ਸੂਖ਼ਮ ਉਦਯੋਗਾਂ ਅਤੇ ਅਸੰਗਠਿਤ ਖ਼ੇਤਰਾਂ ਨੂੰ ਆਰਥਿਕ ਸੁਰੱਖਿਆ ਤੰਤਰ ਮੁਹੱਈਆ ਕਰਵਾਉਣ 'ਤੇ ਖ਼ਰਚੀ ਜਾਣੀ ਚਾਹੀਦੀ ਹੈ।