ਪੰਜਾਬ ਸਰਕਾਰ ਨੇ 59 ਹੋਰ ਰੇਲਾਂ ਭੇਜਣ ਲਈ ਬਿਹਾਰ ਤੋਂ ਸਹਿਮਤੀ ਮੰਗੀ

Friday, May 22, 2020 - 01:03 AM (IST)

ਪੰਜਾਬ ਸਰਕਾਰ ਨੇ 59 ਹੋਰ ਰੇਲਾਂ ਭੇਜਣ ਲਈ ਬਿਹਾਰ ਤੋਂ ਸਹਿਮਤੀ ਮੰਗੀ

ਚੰਡੀਗੜ੍ਹ,(ਅਸ਼ਵਨੀ)-ਪੰਜਾਬ ਸਰਕਾਰ ਨੇ 59 ਹੋਰ ਵਿਸ਼ੇਸ਼ ਰੇਲਾਂ ਰਾਹੀਂ ਸੂਬੇ ’ਚ ਰਹਿ ਰਹੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਇੱਛਾਂ ਅਨੁਸਾਰ ਉਨ੍ਹਾਂ ਦੇ ਪਿਤਰੀ ਰਾਜ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ’ਚ ਪਹੁੰਚਾਉਣ ਲਈ ਬਿਹਾਰ ਸਰਕਾਰ ਤੋਂ ਸਹਿਮਤੀ ਮੰਗੀ ਹੈ। ਇਸ ਬਾਬਤ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਬਿਹਾਰ ਦੇ ਆਪਣੇ ਹਮ-ਰੁਤਬਾ ਦੀਪਕ ਕੁਮਾਰ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ’ਚ 12 ਰੇਲ ਗੱਡੀਆਂ ਰੋਜ਼ਾਨਾ ਚਲਾਉਣ ਦੀ ਸਹਿਮਤੀ ਮੰਗੀ ਗਈ ਹੈ ਅਤੇ 59 ਰੇਲਾਂ ਦੀ ਸੂਚੀ ਵਿਸਥਾਰ ਸਹਿਤ ਬਿਹਾਰ ਸਰਕਾਰ ਨੂੰ ਭੇਜੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬਿਹਾਰ ਦੇ ਕਈ ਸ਼ਹਿਰਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰੇਲਾਂ ਜਾ ਰਹੀਆਂ ਹਨ ਪਰ ਕਾਫੀ ਮਜ਼ਦੂਰਾਂ ਵਲੋਂ ਵਾਪਸ ਜਾਣ ਦੀ ਇੱਛਾ ਤਹਿਤ 59 ਹੋਰ ਰੇਲਾਂ ਚਲਾਉਣ ਦੀ ਪੰਜਾਬ ਸਰਕਾਰ ਨੇ ਬਿਹਾਰ ਤੋਂ ਸਹਿਮਤੀ ਮੰਗੀ ਹੈ।

ਇਸ ਸਬੰਧੀ ਇਕ ਬੁਲਾਰੇ ਨੇ ਦੱਸਿਆ ਕਿ ਇਹ ਰੇਲਾਂ ਪੰਜਾਬ ਦੇ ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ, ਸਰਹਿੰਦ ਅਤੇ ਪਟਿਆਲਾ ਸਟੇਸ਼ਨਾਂ ਤੋਂ ਰਵਾਨਾ ਹੋਣਗੀਆਂ। ਪੰਜਾਬ ਤੋਂ ਚੱਲ ਕੇ ਇਹ ਰੇਲਾਂ ਬਿਹਾਰ ਦੇ ਵੱਖ-ਵੱਖ ਸ਼ਹਿਰਾਂ, ਜਿਨ੍ਹਾਂ 'ਚ ਬਕਸਰ, ਸੀਤਾਮੜ੍ਹੀ, ਪਟਨਾ, ਸਹਰਸਾ, ਭਾਗਲਪੁਰ, ਮੁਜ਼ੱਫਰਪੁਰ, ਛਪਰਾ, ਕਿਸ਼ਨਗੰਜ, ਹਾਜੀਪੁਰ, ਗਯਾ, ਬੇਤੀਆ, ਦਾਨਾਪੁਰ, ਸੀਵਾਨ ਅਤੇ ਕਟਿਹਾਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਹਿਰਾਂ ਤੱਕ ਲੋਕਾਂ ਨੂੰ ਪੁੱਜਦਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਲਾਂ ਰਾਹੀਂ ਜਾਣ ਵਾਲਿਆਂ ਦੀ ਮੈਡੀਕਲ ਟੀਮ ਵਲੋਂ ਜਾਂਚ ਕੀਤੀ ਜਾਵੇਗੀ ਅਤੇ ਸਿਰਫ਼ ਉਹ ਲੋਕ ਸਫ਼ਰ ਕਰ ਸਕਣਗੇ ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹੋਣਗੇ। ਸਾਰੇ ਮੁਸਾਫਿਰਾਂ ਨੂੰ ਮੈਡੀਕਲ ਸਰਟੀਫਿਕੇਟ ਵੀ ਦਿੱਤਾ ਜਾਵੇਗਾ।


author

Deepak Kumar

Content Editor

Related News