ਪੰਜਾਬ ਸਰਕਾਰ 2020-21 ਸਾਲ ਦਾ ਬਜਟ 25 ਫਰਵਰੀ ਨੂੰ ਕਰੇਗੀ ਪੇਸ਼

Friday, Jan 31, 2020 - 07:44 PM (IST)

ਪੰਜਾਬ ਸਰਕਾਰ 2020-21 ਸਾਲ ਦਾ ਬਜਟ 25 ਫਰਵਰੀ ਨੂੰ ਕਰੇਗੀ ਪੇਸ਼

ਜਲੰਧਰ,(ਧਵਨ)- ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ 2020-21 ਦਾ ਸਾਲਾਨਾ ਬਜਟ 25 ਫਰਵਰੀ ਨੂੰ ਰਾਜ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ। ਸਰਕਾਰੀ ਤਰਜਮਾਨ ਨੇ ਦੱਸਿਆ ਕਿ ਕੈਬਨਿਟ ਨੇ 15 ਵੀਂ ਵਿਧਾਨ ਸਭਾ ਦਾ 11ਵਾਂ ਇਜਲਾਸ (ਬਜਟ ਇਜਲਾਸ) 20 ਤੋ 28 ਫਰਵਰੀ ਤਕ ਸੱਦਣ ਦਾ ਫੈਸਲਾ ਕੀਤਾ ਹੈ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ, ਜਿਸ 'ਚ ਗਵਰਨਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 174 ਦੀ ਉਪ ਧਾਰਾ (1) ਦੇ ਤਹਿਤ ਇਜਲਾਸ ਨੂੰ ਸੱਦਣ ਲਈ ਅਧਿਕਾਰਤ ਕੀਤਾ ਗਿਆ । ਤਰਜਮਾਨ ਨੇ ਦੱਸਿਆ ਕਿ ਪ੍ਰੋਗਰਾਮ ਅਨੁਸਾਰ ਬਜਟ ਇਜਲਾਸ 20 ਫਰਵਰੀ ਨੂੰ ਸਵੇਰੇ 11 ਵਜੇ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋਵੇਗਾ। ਜਿਸ ਤੋਂ ਬਾਅਦ ਦੁਪਹਿਰ 12 ਵਜੇ ਪੰਜਾਬੀ ਭਾਸ਼ਾ ਬਾਰੇ ਸਦਨ 'ਚ ਬਿਲ ਪੇਸ਼ ਕੀਤਾ ਜਾਵੇਗਾ।

24 ਫਰਵਰੀ ਨੂੰ ਧੰਨਵਾਦ ਮਤੇ 'ਤੇ ਬਹਿਸ ਹੋਵੇਗੀ ਅਤੇ ਗਵਰਨਰ ਦੇ ਭਾਸ਼ਣ 'ਤੇ 11 ਵਜੇ ਚਰਚਾ ਹੋਵੇਗੀ
2018-19 (ਨਾਗਰਿਕ, ਵਪਾਰਿਕ) ਦੀ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀ ਰਿਪੋਰਟ ਦੇ ਨਾਲ-ਨਾਲ 2018-19 ਦੇ ਪੰਜਾਬ ਸਰਕਾਰ ਦੇ ਮਾਲੀ ਖਾਤਿਆ ਅਤੇ 2018-19 ਦੇ ਐਪਰੋਪ੍ਰਰੀਏਸ਼ਨ ਖਾਤਿਆਂ ਨੂੰ 25 ਫਰਵਰੀ ਨੂੰ ਸਵੇਰੇ 10 ਵਜੇ ਪੇਸ਼ ਕੀਤਾ ਜਾਵੇਗਾ। 2019-20 ਦੀਆਂ ਗ੍ਰਾਂਟਾਂ ਬਾਰੇ ਪੂਰਕ ਮੰਗਾਂ , 2019-20 ਦੀਆਂ ਗ੍ਰਾਂਟਾਂ ਬਾਰੇ ਐਪਰੋਪ੍ਰੀਏਸ਼ਨ ਬਿਲ ਅਤੇ 2021-22 ਲਈ ਬਜਟ ਅਨੁਮਾਨ 25 ਫਰਵਰੀ ਨੂੰ ਹੀ ਸਦਨ 'ਚ ਪੇਸ਼ ਕੀਤੇ ਜਾਣਗੇ। 2020 -21 ਦੇ ਬਜਟ ਅਨੁਮਾਨਾਂ ਬਾਰੇ ਆਮ ਚਰਚਾ 26 ਫਰਵਰੀ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਜਿਹੜੀ ਅੰਤ ਤੱਕ ਚੱਲੇਗੀ। ਗੈਰ ਸਰਕਾਰੀ ਕੰਮਕਾਜ 27 ਫਰਵਰੀ ਨੂੰ ਸਵੇਰੇ 10 ਵਜੇ ਤਕ ਮੁਕੰਮਲ ਹੋ ਜਾਵੇਗਾ। ਜਿਸ ਤੋ ਬਾਅਦ 2020-21 ਬਜਟ ਅਨੁਮਾਨਾਂ 'ਤੇ ਚਰਚਾ ਹੋਵੇਗੀ ਅਤੇ ਮੰਗਾਂ ਬਾਰੇ ਵੋਟਾਂ ਪਵਾਈਆਂ ਜਾਣਗੀਆਂ ਇਸੇ ਤਰ੍ਹਾਂ 2020-21 ਦੇ ਬਜਟ ਅਨੁਮਾਨਾਂ ਬਾਰੇ ਐਪਰੋਪ੍ਰੀਏਸ਼ਨ ਬਿਲ ਵੀ ਉਸੇ ਦਿਨ ਮੁਕੰਮਲ ਹੋ ਜਾਵੇਗਾ। ਉਸ ਪਿਛੋਂ ਸਦਨ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ।


Related News