ਖਾਲਿਸਤਾਨੀ ਮੁਹਿੰਮ ਨੂੰ ਕੈਨੇਡਾ ਵਿਚ ਸਰਕਾਰੀ ਸਮਰਥਨ ਨਹੀਂ : ਰਾਜ ਗਰੇਵਾਲ
Monday, Jun 18, 2018 - 02:44 PM (IST)

ਬਰੈਂਪਟਨ — ਬਰੈਂਪਟਨ ਈਸਟ ਸੀਟ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਾਜ ਗਰੇਵਾਲ ਨੇ ਸਾਫ ਕੀਤਾ ਹੈ ਕਿ ਕੈਨੇਡਾ ਅਧਿਕਾਰਿਕਤ ਤੌਰ 'ਤੇ ਖਾਲਿਸਤਾਨੀ ਮੁਹਿੰਮ ਦਾ ਸਮਰਥਨ ਨਹੀਂ ਕਰਦਾ। ਜਗ ਬਾਣੀ ਦੇ ਨਰੇਸ਼ ਕੁਮਾਰ ਅਤੇ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਦੌਰਾਨ ਰਾਜ ਗਰੇਵਾਲ ਨੇ ਰਾਸ਼ਟਰੀ ਰਾਜਨੀਤੀ ਵਿਚ ਐੱਨ. ਡੀ. ਪੀ. ਦੇ ਪ੍ਰਭਾਵ, ਆਪਣੇ ਸਿਆਸੀ ਕਰੀਅਰ ਦੇ ਨਾਲ-ਨਾਲ ਅਮਰੀਕਾ ਨਾਲ ਸ਼ੁਰੂ ਹੋਈ ਟਰੇਡ ਵਾਰ ਅਤੇ ਅਗਲੇ ਸਾਲ ਹੋਣ ਵਾਲੀਆਂ ਕੈਨੇਡਾ ਦੀਆਂ ਫੈੱਡਰਲ ਚੋਣਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਪੇਸ਼ ਹਨ ਰਾਜ ਗਰੇਵਾਲ ਨਾਲ ਹੋਈ ਗੱਲਬਾਤ ਦਾ ਬਿਓਰਾ —
ਸਿਆਸਤ ਵਿਚ ਤੁਹਾਡਾ ਆਉਣਾ ਕਿਵੇਂ ਹੋਇਆ?
ਜਵਾਬ - ਮੈਂ ਬੀ. ਬੀ. ਏ. ਅਤੇ ਐੱਮ. ਬੀ. ਏ. ਦੇ ਨਾਲ-ਨਾਲ ਵਕਾਲਤ ਦੀ ਸਿੱਖਿਆ ਹਾਸਲ ਕੀਤੀ ਹੈ ਪਰ ਮੈਨੂੰ ਜਨਤਾ ਅਤੇ ਲੀਡਰਾਂ ਦਰਮਿਆਨ ਦੂਰੀ ਹੀ ਅਸਲ ਵਿਚ ਸਿਆਸਤ 'ਚ ਲੈ ਕੇ ਆਈ ਹੈ। ਮੈਨੂੰ ਲੱਗਦਾ ਹੈ ਕਿ ਸਿਆਸਤ ਸੇਵਾ ਦਾ ਜ਼ਰੀਆ ਹੈ ਅਤੇ ਸੇਵਾ ਜਨਤਾ ਦੇ ਨਾਲ ਸਿੱਧਾ ਸੰਵਾਦ ਰੱਖ ਕੇ ਹੀ ਹੋ ਸਕਦੀ ਹੈ। ਮੈਂ ਵੀ ਆਪਣੇ ਹਲਕੇ ਦੀ ਜਨਤਾ ਦੇ ਨਾਲ ਸਿੱਧਾ ਜੁੜ ਕੇ ਰਹਿੰਦਾ ਹਾਂ।
ਲਿਬਰਲ ਪਾਰਟੀ ਵਿਚ ਚੰਗਾ ਕੀ ਲੱਗਾ?
ਜਵਾਬ - ਲਿਬਰਲ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਘੱਟ ਗਿਣਤੀਆਂ ਨੂੰ ਲੈ ਕੇ ਪਾਰਟੀ ਦੀ ਨੀਤੀ ਬਹੁਤ ਸਾਫ ਹੈ। ਇਹ ਉਹੀ ਪਾਰਟੀ ਹੈ ਜਿਸ ਨੇ ਸਾਡੇ ਬਜ਼ੁਰਗ ਪੰਜਾਬੀਆਂ ਨੂੰ ਕੈਨੇਡਾ ਵਿਚ ਸਨਮਾਨ ਦਿਵਾਇਆ, ਉਨ੍ਹਾਂ ਨੂੰ ਇਥੇ ਚੰਗੇ ਅਹੁਦਿਆਂ 'ਤੇ ਬਿਠਾਇਆ। ਲਿਹਾਜ਼ਾ ਮੈਂ ਪਿਛਲੇ ਲੰਬੇ ਸਮੇਂ (19 ਸਾਲ) ਤੋਂ ਲਿਬਰਲ ਪਾਰਟੀ ਨਾਲ ਬਤੌਰ ਵਰਕਰ ਜੁੜਿਆ। ਮੈਂ 2003 ਵਿਚ ਨਵਦੀਪ ਬੈਂਸ ਦਾ ਚੋਣ ਪ੍ਰਚਾਰ ਵੀ ਕੀਤਾ ਸੀ।
ਕੈਨੇਡਾ ਦੀ ਧਰਤੀ ਤੋਂ ਚੱਲ ਰਹੀ ਖਾਲਿਸਤਾਨੀ ਮੁਹਿੰਮ ਨੂੰ ਲੈ ਕੇ ਜਸਟਿਨ ਟਰੂਡੋ ਦੀ ਸਰਕਾਰ ਦੇ ਨਰਮ ਰਵੱਈਏ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ - ਕੈਨੇਡਾ ਦੀ ਸਰਕਾਰ 'ਤੇ ਖਾਲਿਸਤਾਨੀਆਂ ਨੂੰ ਸਮਰਥਨ ਦੇਣ ਦੇ ਲਾਏ ਜਾ ਰਹੇ ਦੋਸ਼ ਬੇ-ਬੁਨਿਆਦ ਹਨ। ਖਾਲਿਸਤਾਨੀ ਮੁਹਿੰਮ ਨੂੰ ਅਧਿਕਾਰਕ ਤੌਰ 'ਤੇ ਕੋਈ ਸਰਕਾਰੀ ਸਮਰਥਨ ਨਹੀਂ ਹੈ। ਕੈਨੇਡਾ ਵਿਚ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਹੈ ਅਤੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਲਿਹਾਜ਼ਾ ਲੋਕ ਆਪਣੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹਨ। ਅਸੀਂ ਉਨ੍ਹਾਂ ਨੂੰ ਸੰਵਿਧਾਨਿਕ ਤੌਰ 'ਤੇ ਰੋਕ ਨਹੀਂ ਸਕਦੇ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਰਕਾਰੀ ਸਮਰਥਨ ਵੀ ਨਹੀਂ ਹੈ।
ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਤੁਹਾਨੂੰ ਬਰੈਂਪਟਨ ਈਸਟ ਤੋਂ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਹਨ। ਕੀ ਤੁਸੀਂ ਇਸ ਲਈ ਤਿਆਰ ਹੋ?
ਜਵਾਬ - ਰਾਜਨੀਤੀ ਵਿਚ ਹਰ ਚੁਣੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਜਗਮੀਤ ਮੇਰੀ ਸੀਟ ਤੋਂ ਚੋਣ ਲੜਦੇ ਹਨ ਤਾਂ ਮੈਨੂੰ ਉਨ੍ਹਾਂ ਦਾ ਕੋਈ ਡਰ ਨਹੀਂ ਹੈ। ਆਪਣੇ ਐੱਮ. ਪੀ. ਦਾ ਫੈਸਲਾ ਲੋਕਾਂ ਨੇ ਕਰਨਾ ਹੈ। ਮੈਂ ਸੰਸਦ ਮੈਂਬਰ ਬਣਨ ਤੋਂ ਬਾਅਦ ਲੋਕਾਂ ਦੇ ਨਾਲ ਸਿੱਧਾ ਸੰਪਰਕ ਰੱਖਿਆ ਹੈ ਅਤੇ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ। ਚੋਣਾਂ 'ਚ ਮੈਂ ਫਿਰ ਸਿੱਧਾ ਜਨਤਾ ਵਿਚ ਜਾਵਾਂਗਾ ਅਤੇ ਉਨ੍ਹਾਂ ਨੂੰ ਆਪਣੇ ਕੰਮ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਵਾਂਗਾ। ਜਨਤਾ ਸਿਰਫ ਚਿਹਰਾ ਦੇਖ ਕੇ ਨਹੀਂ, ਪਾਰਟੀ ਦੀਆਂ ਨੀਤੀਆਂ ਦੇਖ ਕੇ ਵੋਟ ਕਰੇਗੀ।
ਅਮਰੀਕਾ ਨਾਲ ਸ਼ੁਰੂ ਹੋਈ ਟ੍ਰੇਡ ਵਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੁਰੱਖਿਆਵਾਦੀ ਆਰਥਿਕਤਾ ਵੱਲ ਵਧ ਰਹੇ ਹਨ ਪਰ ਇਹ ਸਹੀ ਨਹੀਂ ਹੈ, ਦੁਨੀਆ ਅੱਜ ਗਲੋਬਲ ਬਾਜ਼ਾਰ ਵਿਚ ਬਦਲ ਚੁੱਕੀ ਹੈ ਅਤੇ ਅਜਿਹੇ ਵਿਚ ਆਰਥਿਕ ਪਾਬੰਦੀਆਂ ਲਾ ਕੇ ਕੰਮ ਨਹੀਂ ਚੱਲ ਸਕਦਾ। ਅਮਰੀਕਾ ਅਤੇ ਕੈਨੇਡਾ ਦੇ ਦੋ-ਪੱਖੀ ਅਤੇ ਵਪਾਰਕ ਸਬੰਧ ਸਾਲਾਂ ਤੋਂ ਚਲਦੇ ਆ ਰਹੇ ਹਨ। ਰੋਜ਼ਾਨਾ ਲਗਭਗ 4 ਲੱਖ ਲੋਕ ਅਮਰੀਕਾ ਤੋਂ ਕੈਨੇਡਾ ਅਤੇ ਕੈਨੇਡਾ ਤੋਂ ਅਮਰੀਕਾ ਵਪਾਰ ਦੇ ਮਕਸਦ ਨਾਲ ਆਉਂਦੇ ਹਨ। ਨਾਫਟਾ ਰਾਹੀਂ ਹੀ ਅਮਰੀਕਾ ਵਿਚ 90 ਲੱਖ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ। ਨਾਫਟਾ ਦੇ ਮਾਮਲੇ ਵਿਚ ਕੈਨੇਡਾ ਦਾ ਵਿਰੋਧੀ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਹੈ ਅਤੇ ਜਸਟਿਨ ਟਰੂਡੋ ਇਸ ਮਾਮਲੇ ਵਿਚ ਕੈਨੇਡਾ ਦੇ ਹਿੱਤ ਨੂੰ ਧਿਆਨ ਵਿਚ ਰੱਖ ਕੇ ਹੀ ਫੈਸਲਾ ਲੈਣਗੇ।
ਤੁਸੀਂ ਭਾਰਤ ਦੌਰੇ 'ਤੇ ਆਏ ਸੀ ਕੀ ਤੁਹਾਨੂੰ ਭਾਰਤ ਵਿਚ ਕੋਈ ਬਦਲਾਅ ਨਜ਼ਰ ਆਇਆ?
ਜਵਾਬ - ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੈਂ ਭਾਰਤ ਆਇਆ ਸੀ ਅਤੇ ਇਹ ਮੇਰਾ ਤੀਸਰਾ ਭਾਰਤ ਦੌਰਾ ਸੀ। ਮੈਂ 11 ਸਾਲ ਪਹਿਲਾਂ ਪੰਜਾਬ ਆਇਆ ਸੀ ਅਤੇ ਹੁਣ ਦੇ ਪੰਜਾਬ ਵਿਚ ਅਤੇ 11 ਸਾਲ ਪਹਿਲਾਂ ਦੇ ਪੰਜਾਬ ਵਿਚ ਫਰਕ ਸਾਫ ਨਜ਼ਰ ਆਉਂਦਾ ਹੈ। ਭਾਰਤ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਹਾਲਾਂਕਿ ਭਾਰਤ ਦੇ ਸਾਹਮਣੇ ਵਧਦੀ ਆਬਾਦੀ ਇਕ ਵੱਡੀ ਚੁਣੌਤੀ ਹੈ ਪਰ ਫਿਰ ਵੀ ਭਾਰਤ ਦੀ ਜੀ. ਡੀ. ਪੀ. ਤੇਜ਼ੀ ਨਾਲ ਵਧ ਰਹੀ ਹੈ।
ਸਿਆਸਤ ਵਿਚ ਸੋਸ਼ਲ ਮੀਡੀਆ ਦੇ ਦਖਲ ਨੂੰ ਤੁਸੀਂ ਕਿਸ ਰੂਪ ਨਾਲ ਦੇਖਦੇ ਹੋ?
ਜਵਾਬ - ਸੋਸ਼ਲ ਮੀਡੀਆ ਅੱਜ ਬਹੁਤ ਤਾਕਤਵਰ ਬਣ ਚੁੱਕਾ ਹੈ ਅਤੇ ਇਹ ਸਿਆਸੀ ਲੋਕਾਂ ਲਈ ਆਪਣੀ ਗੱਲ ਜਨਤਾ ਤਕ ਪਹੁੰਚਾਉਣ ਦਾ ਆਸਾਨ ਜ਼ਰੀਆ ਹੈ ਪਰ ਇਸ ਦਾ ਇਸਤੇਮਾਲ ਹੁਣ ਚੋਣਾਂ ਦੇ ਨਤੀਜੇ ਪ੍ਰਭਾਵਤ ਕਰਨ ਵਿਚ ਹੋਣ ਲੱਗਾ ਹੈ। ਅਗਲੇ ਸਾਲ ਹੋਣ ਵਾਲੀਆਂ ਕੈਨੇਡਾ ਦੀਆਂ ਚੋਣਾਂ ਲਈ ਸੋਸ਼ਲ ਮੀਡੀਆ ਨੂੰ ਲੈ ਕੇ ਖਾਸ ਨਜ਼ਰ ਰੱਖਣ ਦੀ ਤਿਆਰੀ ਹੋ ਰਹੀ ਹੈ ਤਾਂ ਜੋ ਕੋਈ ਬਾਹਰੀ ਦੇਸ਼ ਅਤੇ ਤਾਕਤ ਸੋਸ਼ਲ ਮੀਡੀਆ ਰਾਹੀਂ ਕੈਨੇਡਾ ਚੋਣਾਂ ਦੇ ਨਤੀਜੇ ਪ੍ਰਭਾਵਤ ਨਾ ਕਰ ਸਕੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ਤੋਂ ਬਾਅਦ ਨਿਰਾਸ਼ ਹਨ। ਅਜਿਹਾ ਕਿਉਂ ਹੋਇਆ?
ਜਵਾਬ - ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਸ਼-ਮਿਜਾਜ਼ ਵਿਅਕਤੀ ਹਨ, ਉਹ ਭਾਰਤ ਦੌਰੇ ਤੋਂ ਨਿਰਾਸ਼ ਨਹੀਂ ਹਨ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚ ਕਈ ਦੋ-ਪੱਖੀ ਸਮਝੌਤੇ ਹੋਏ ਹਨ ਅਤੇ 10 ਬਿਲੀਅਨ ਡਾਲਰ ਦੇ ਵਪਾਰ ਸਮਝੌਤੇ ਵੀ ਹੋਏ ਹਨ ਪਰ ਇਹ ਗੱਲਾਂ ਮੀਡੀਆ ਦੀਆਂ ਸੁਰਖੀਆਂ ਵਿਚ ਨਹੀਂ ਆ ਸਕੀਆਂ ਅਤੇ ਮੀਡੀਆ ਦਾ ਧਿਆਨ ਨੈਗੇਟਿਵ ਖਬਰਾਂ ਵੱਲ ਰਿਹਾ। ਉਨ੍ਹਾਂ ਦਾ ਭਾਰਤ ਦੌਰਾ ਸਫਲ ਰਿਹਾ ਹੈ ਅਤੇ ਸਾਡੀ ਸ੍ਰੀ ਦਰਬਾਰ ਸਾਹਿਬ ਵਿਚ ਜਾ ਕੇ ਮੱਥਾ ਟੇਕਣ ਅਤੇ ਹੋਰ ਸਮਝੌਤਿਆਂ ਦੀ ਲੋਕਾਂ ਨੇ ਸ਼ਲਾਘਾ ਕੀਤੀ ਹੈ।
ਕੈਨੇਡਾ 'ਚ ਸਿੱਖਾਂ ਨਾਲ ਅੱਜ ਵੀ ਹੁੰਦਾ ਹੈ ਭੇਦਭਾਵ
ਕੈਨੇਡਾ 'ਚ ਨਸਲੀ ਭੇਦਭਾਵ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਮੈਂ ਬਚਪਨ 'ਚ ਸਕੂਲ ਦੇ ਦਿਨਾਂ ਵਿਚ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ ਅਤੇ ਅੱਜ ਵੀ ਸਿੱਖ ਵਿਦਿਆਰਥੀਆਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਹ ਅੱਤਵਾਦੀ ਤਾਂ ਨਹੀਂ ਹਨ। ਮੈਂ ਇਹ ਮਸਲਾ ਸੰਸਦ 'ਚ ਵੀ ਚੁੱਕਿਆ ਸੀ। ਸਿੱਖਾਂ ਦੇ ਸਾਹਮਣੇ ਕਿਸੇ ਨਾ ਕਿਸੇ ਪੱਧਰ 'ਤੇ ਪਛਾਣ ਨੂੰ ਲੈ ਕੇ ਚੁਣੌਤੀਆਂ ਤਾਂ ਹਨ।
ਸਿੱਖ ਵਜੋਂ ਵੱਖਰੀ ਪਛਾਣ ਹੋਣ ਦਾ ਹੋਇਆ ਫਾਇਦਾ
ਦਸਤਾਰਧਾਰੀ ਸਿੱਖ ਹੋਣ ਕਾਰਨ ਮੈਨੂੰ ਆਸਾਨੀ ਨਾਲ ਪਛਾਣ ਮਿਲੀ। ਮੈਂ ਕਾਲਜ 'ਚ ਇਕੱਲਾ ਦਸਤਾਰਧਾਰੀ ਸਿੱਖ ਸੀ। ਆਪਣੀ ਕਾਨੂੰਨ ਕੰਪਨੀ 'ਚ ਵੀ ਮੈਂ ਇਕੱਲਾ ਹੀ ਸਿੱਖ ਸੀ, ਮੈਨੂੰ ਜ਼ਿਆਦਾਤਰ ਲੋਕ ਸਿੱਖ ਹੋਣ ਕਾਰਨ ਹੀ ਜਾਣਦੇ ਹਨ ਅਤੇ ਹੁਣ ਰਾਜਨੀਤੀ 'ਚ ਵੀ ਦਸਤਾਰ ਨੇ ਹੀ ਪਛਾਣ ਦਿਵਾਈ ਹੈ।